June 9, 2026 1:13 am

ਝੋਨੇ ’ਤੇ 150 ਰੁਪਏ ਦਾ ਬੋਨਸ ਦਿੱਤਾ ਜਾਵੇ : ਕੈਪਟਨ

ਸੁਖਬੀਰ ਬਾਦਲ ਦੀ ਅਗਵਾਈ ਚ ਬਣਾਇਆ ਜਾ ਰਿਹਾ ਨਾਰਕੋਟਿਸ ਕੰਟਰੋਲ ਬੋਰਡ ਸਿਰਫ ਨਸ਼ਾ ਕਰਲ ਵਾਲੇ ਅਕਾਲੀਆਂ ਨੂੰ ਬਚਾਏਗਾ”

Page-1_10 ਅੰਮ੍ਰਿਤਸਰ, 26 ਜੂਨ (ਰਾਜਨ ਮਾਨ)-ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਤੇ ਅੰਮ੍ਰਿਤਸਰ ਤੋਂ ਮੈਂਬਰ ਲੋਕ ਸਭਾ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਹੈ ਕਿ ਝੌਨੇ ’ਤੇ 150 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਨਸ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਇਸਦੇ ਘੱਟੋਂ ਘੱਟ ਸਮਰਥਨ ਮੁੱਲ ’ਚ ਕੀਤਾ ਗਿਆ 50 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਿਸਾਨਾਂ ਨੂੰ ਆਉਣ ਵਾਲੀਆਂ ਵਾਧੂ ਲਾਗਤਾਂ ਨੂੰ ਪੂਰਾ ਨਹੀਂ ਕਰਨ ਵਾਲਾ। ਉਹਨਾ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਣਾਇ ਆ ਜਾ ਰਿਹਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਨਾਰਕੋਟਿਕਸ ਪ੍ਰੀਵੇਂਸ਼ਨ ਐਂਡ ਕੰਟਰੋਲ ਬੋਰਡ ਸਿਰਫ ਨਸ਼ਿਆਂ ਦਾ ਉਤਪਾਦਨ, ਵਧਾਉਣ ਤੇ ਤਸਕਰੀ ਕਰਨ ਵਾਲੇ ਅਕਾਲੀਆਂ ਨੂੰ ਬਚਾਏਗਾ।ਅੱਜ ਆਪਣੇ ਹਲਕੇ ਵਿੱਚ

ਆਉਦੇ ਮਜੀਠਾ ਹਲਕਾ ਵਿੱਚ ਰੋਡ ਸ਼ੋਅ ਕਰ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਸਾਲ ਵਧੀਆ ਮਾਨਸੂਨ ਰਹਿਣ ਦੀ ਸੰਭਾਵਨਾ ਨਹੀਂ ਹੈ, ਅਜਿਹੇ ’ਚ ਕਿਸਾਨਾਂ ਨੂੰ ਆਪਣੀ ਸਿੰਚਾਈ ਵਿਵਸਥਾ ਦਾ ਇਸਤੇਮਾਲ ਕਰਨਾ ਪਵੇਗਾ ਤੇ ਉਨ੍ਹਾਂ ਦੀ ਲਾਗਤ ਵੱਧੇਗੀ। ਇਸ ਲੜੀ ਹੇਠ ਸੂਬਾ ਸਰਕਾਰ ਨੂੰ ਝੌਨੇ ’ਤੇ 150 ਰੁਪਏ ਪ੍ਰਤੀ ਕੁੰਇਟਲ ਦਾ ਬੋਨਸ ਐਲਾਨ ਕਰਨਾ ਚਾਹੀਦਾ ਹੈ, ਜਿਵੇਂ ਉਨ੍ਹਾਂ ਨੇ ਮੁੱਖ ਮੰਤਰੀ ਰਹਿੰਦਿਆਂ ਕੀਤਾ ਸੀ।
ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਕੇਂਦਰ ’ਚ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੇ ਸ਼ਾਸਨਕਾਲ ’ਚ ਝੌਨੇ ਤੇ ਕਣਕ ਦੇ ਘੱਟੋਂ ਘੱਟ ਸਮਰਥਨ ਮੁੱਲ ’ਚ ਔਸਤਨ 70 ਰੁਪਏ ਹਰ ਸਾਲ ਵਾਧਾ ਕੀਤਾ ਗਿਆ ਸੀ, ਜਿਹੜਾ 1998 ਤੋਂ 2004 ਵਿਚਾਲੀ ਭਾਜਪਾ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਦੇ ਸ਼ਾਸਨਕਾਲ ਦੌਰਾਨ ਸਿਰਫ 11 ਰੁਪਏ ਸੀ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਰਹੀ ਹੈ। ਯੂ.ਪੀ.ਏ ਨੇ 10 ਸਾਲਾਂ ਦੌਰਾਨ ਕਣਕ ’ਤੇ ਐਮ.ਐਸ.ਪੀ ਨੂੰ 710 ਤੇ ਝੌਨੇ ’ਤੇ 750 ਰੁਪਏ ਵਧਾਇਆ ਸੀ। ਜਦਕਿ ਐਨ.ਡੀ.ਏ ਦੇ 6 ਸਾਲਾਂ ਦੌਰਾਨ ਇਹ ਵਾਧਾ ਸਿਰਫ ਕ੍ਰਮਵਾਰ 80 ਤੇ 70 ਰੁਪਏ ਦਾ ਸੀ। ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ ਪਹਿਲਾਂ ਹੀ ਕੰਮ ਕਰ ਰਿਹਾ ਹੈ, ਤਾਂ ਫਿਰ ਨਾਰਕੋਟਿਕਸ ਪ੍ਰੀਵੇਂਸ਼ਨ ਐਂਡ ਕੰਟਰੋਲ ਬੋਰਡ ਬਣਾਏ ਜਾਣ ਦੀ ਲੋੜ ਦੇ ਅਧਾਰ ਬਾਰੇ ਪੁੱਛੇ ਜਾਣ ’ਤੇ ਸਾਬਕਾ ਮੁੱਖ ਮੰਤਰੀ ਨੇ ਸ਼ੰਕਾ ਜਾਹਿਰ ਕੀਤੀ ਕਿ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਇਹ ਬੋਰਡ ਸਿਰਫ ਨਸ਼ਿਆਂ ਦਾ ਉਤਪਾਦਨ, ਵਧਾਉਣ ਤੇ ਤਸਕਰੀ ਕਰਨ ਵਾਲੇ ਅਕਾਲੀਆਂ ਨੂੰ ਬਚਾਏਗਾ। ਕੁਝ ਪੁਲਿਸ ਵਾਲੇ ਵੀ ਹਨ, ਜਿਹੜੇ ਨਸ਼ੇ ਦੇ ਵਪਾਰ ਨੂੰ ਵਧਾ ਰਹੇ ਹਨ ਤੇ ਇਨ੍ਹਾਂ ਦਾ ਅਕਾਲੀਆਂ ਵੱਲੋਂ ਬਚਾਅ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਬਾਦਲਾਂ ਵੱਲੋਂ ਬਚਾਇਆ ਜਾਂਦਾ ਹੈ।
ਸਰਕਾਰ ਦੇ ਬਿਆਨ ਕਿ ਉਹ ਦੋ ਸਾਲਾਂ ’ਚ ਸੂਬੇ ਤੋਂ ਨਸ਼ਾਖੋਰੀ ਨੂੰ ਉਖਾੜ ਸੁੱਟੇਗੀ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਵਾਲ ਕੀਤਾ ਕਿ ਉਹ ਹੁਣ ਤੱਕ ਕੀ ਕਰ ਰਹੇ ਸਨ। ਇਹ ਸਮਾਂ ਤੁਰੰਤ ਕਾਰਵਾਈ ਕਰਨ ਦਾ ਹੈ, ਕਿਉਂਕਿ ਇਹ ਨਸ਼ੇ ਸਾਡੀ ਨੌਜਵਾਨ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ। ਉਹਨਾਂ ਮਜੀਠਾ ਦੇ ਲੋਕਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਸਾਰੀਆਂ ਮੁਸ਼ਕਿਲਾਂ ਤੇ ਧਮਕੀਆਂ ਖਿਲਾਫ ਸ਼ਾਨਦਾਰ ਹਿੰਮਤ ਦਿਖਾਈ ਅਤੇ ਅੰਮ੍ਰਿਤਸਰ ਤੋਂ ਵੱਡੀ ਜਿੱਤ ਦਰਜ ਕਰਨ ਲਈ ਉਨ੍ਹਾਂ ਨੂੰ ਵੋਟਾਂ ਦਿੱਤੀਆਂ।
ਮਜੀਠਾ ਹਲਕੇ ’ਚ ਧੰਨਵਾਦ ਦੌਰੇ ਦੌਰਾਨ ਕੈਪਟਨ ਅਮਰਿੰਦਰ ਵੱਡੀ ਗਿਣਤੀ ’ਚ ਲੋਕਾਂ ਤੇ ਵਫਦਾਂ ਨਾਲ ਮਿਲੇ, ਜਿਨ੍ਹਾਂ ਨੇ ਕਈ ਮੁਸ਼ਕਿਲਾਂ ਤੇ ਮੁੱਦਿਆਂ ਨੂੰ ਉਨ੍ਹਾਂ ਦੇ ਧਿਆਨ ’ਚ ਲਿਆਉਂਦਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਉਹ ਸੁਨਿਸ਼ਚਿਤ ਕਰਨਗੇ ਕਿ ਉਨ੍ਹਾਂ ਦੀਆਂ ਸਮੱਸਿਆਵਾਂ ’ਤੇ ਪੂਰਾ ਧਿਆਨ ਦਿੱਤਾ ਜਾਵੇ ਤੇ ਹੱਲ ਕੀਤਾ ਜਾਵੇ।
ਇਕ ਵਫਦ ਨੇ ਕੈਪਟਨ ਅਮਰਿੰਦਰ ਨੂੰ ਇਕ ਅਕਾਲੀ ਸਰਪੰਚ ਵੱਲੋਂ ਨਜਾਇਜ਼ ਤੇ ਨਕਲੀ ਸ਼ਰਾਬ ਬਣਾਏ ਜਾਣ ਸਬੰਧੀ ਜਾਣਕਾਰੀ ਵਾਲਾ ਇਕ ਮੰਗ ਪੱਤਰ ਸੌਂਪਿਆ। ਵਫਦ ਨੇ ਖੁਲਾਸਾ ਕੀਤਾ ਕਿ ਸਰਪੰਚ ਵੱਲੋਂ ਬਣਾਈ ਜਾਂਦੀ ਸ਼ਰਾਬ ਨੂੰ ਪੀ ਕੇ ਬੀਤੇ ਕੁਝ ਸਾਲਾਂ ਦੌਰਾਨ 17 ਲੋਕ ਮਰ ਚੁੱਕੇ ਹਨ ਅਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹਾਲੇ ਹੀ ’ਚ ਹੋਈ ਛਾਪਾਮਾਰੀ ਦੌਰਾਨ 400 ਡਰੱਮ ਨਜਾਇਜ਼ ਸ਼ਰਾਬ ਦੇ ਫੜੇ ਗਏ ਸਨ, ਪਰ ਪੁਲਿਸ ਨੇ ਕੁਝ ਹੀ ਦਿਖਾਏ।
ਉਨ੍ਹਾਂ ਨੇ ਹਰਿਆਣਾ ਲਈ ਵੱਖਰੀ ਐਸ.ਜੀ.ਪੀ.ਸੀ ਸਥਾਪਿਤ ਕਰਨ ਦਾ ਸਮਰਥਨ ਕਰਨ ਬਾਰੇ ਖੁਦ ਨੂੰ ਸਹੀ ਠਹਿਰਾਇਆ। ਬਾਦਲ ਨੂੰ ਆਪਣੇ ਅੰਦਰ ਝਾਂਕਣਾ ਚਾਹੀਦਾ ਹੈ ਕਿ ਉਹ ਕਿਉਂ ਆਪਣੇ ਧਾਰਿਮਕ ਮਾਮਲਿਆਂ ਨੂੰ ਸੰਭਾਲਣ ਲਈ ਹਰਿਆਣਾ ਦੇ ਸਿੱਖਾਂ ਦੇ ਅਧਿਕਾਰ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਨੇ ਹਰਿਆਣਾ ਐਸ.ਜੀ.ਪੀ.ਸੀ ਦਾ ਵਿਰੋਧ ਕਰਨ ਵਾਲਿਆਂ ਨੂੰ ਇਤਿਹਾਸ ਪੜ੍ਹਨ ਤੇ ਫਿਰ ਫੈਸਲਾ ਕਰਨ ਲਈ ਕਿਹਾ ਹੈ ਕਿ ਉਨ੍ਹਾਂ ਨੂੰ ਇਸਦਾ ਵਿਰੋਧ ਕਰਨਾ ਚਾਹੀਦਾ ਹੈ ਜਾਂ ਫਿਰ ਸਮਰਥਨ।
ਸੀਨੀਅਰ ਕਾਂਗਰਸੀ ਆਗੂ ਨੇ ਭਾਜਪਾ ਨੂੰ ਉਨ੍ਹਾਂ ਦੇ ਚਾਰ ਮੰਤਰੀਆਂ ਵੱਲੋਂ ਸਰਕਾਰ ਤੋਂ ਅਸਤੀਫਾ ਦਿੱਤੇ ਜਾਣ ਬਾਰੇ ਸਫਾਈ ਦੇਣ ਲਈ ਕਿਹਾ ਹੈ। ਕੀ ਤੁਹਾਡਾ ਅਕਾਲੀਆਂ ਨਾਲ ਮੋਹ ਭੰਗ ਹੋ ਚੁੱਕਾ ਹੈ ਜਾਂ ਫਿਰ ਤੁਹਾਡੇ ਮੰਤਰੀਆਂ ਦੀ ਅਸਫਲਤਾ ਹੈ?
ਕੈਪਟਨ ਅਮਰਿੰਦਰ ਨੇ ਅੰਮ੍ਰਿਤਸਰ ’ਚ ਸਮਾਰਟ ਸਿਟੀ ਬਣਾਉਣ ਦਾ ਦਾਅਵਾ ਕਰਨ ਵਾਲੇ ਅਕਾਲੀ ਤੇ ਭਾਜਪਾ ਆਗੂਆਂ ’ਤੇ ਚੁਟਕੀ ਲਈ। ਉਨ੍ਹਾਂ ਨੇ ਕਿਹਾ ਕਿ ਸੰਭਾਵਤ ਤੌਰ ’ਤੇ ਇਨ੍ਹਾਂ ਨੂੰ ਅੰਮ੍ਰਿਤਸਰ ਦੇ ਇਤਿਹਾਸਿਕ ਮਹੱਤਵ ਬਾਰੇ ਨਹੀਂ ਪਤਾ, ਜਿਸਦੀ ਮਹਾਨ ਵਿਰਾਸਤ ਤੇ ਸੱਭਿਆਚਾਰ ਹੈ। ਉਨ੍ਹਾਂ ਨੇ ਸਰਕਾਰ ਨੂੰ ਇਸ ਸ਼ਹਿਰ ਨੂੰ ਧਰੋਹਰ ਐਲਾਨਣ ਲਈ ਯੂਨੈਸਕੋ ’ਤੇ ਜੋਰ ਪਾਉਣ ਲਈ ਕਿਹਾ ਹੈ।
ਇਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਾ ਵਿਰੋਧੀ ਰੈਲੀ ਨੂੰ ਝੰਡੀ ਦਿਖਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ, ਰਾਜ ਕੁਮਾਰ ਵੇਰਕਾ, ਸੁਖ ਸਰਕਾਰੀਆ, ਸਵਿੰਦਰ ਸਿੰਘ ਕੱਥੂਨੰਗਲ, ਜੁਗਲ ਕਿਸ਼ੋਰ ਸ਼ਰਮਾ, ਰਣਜੀਤ ਸਿੰਘ ਛਜਲਵਿੰਡੀ, ਲਾਲੀ ਮਜੀਠੀਆ, ਸੁਨੀਲ ਦੱਤੀ, ਅਸ਼ਵਨੀ ਪੱਪੂ, ਵਿਕਾਸ ਸੋਨੀ, ਦਿਨੇਸ਼ ਬੱਸੀ ਵੀ ਮੌਜ਼ੂਦ ਰਹੇ।

Send this to a friend