June 8, 2026 6:06 pm

ਦੋ ਰੁਪਏ ਬਦਲੇ ਝੂਠਾ ਮੁਕਾਬਲਾ ਬਣਾਉਣ ਵਾਲੇ ਥਾਣੇਦਾਰ ਨੂੰ ਫਾਂਸੀ

ਪਟਨਾ  ਆਵਾਜ਼ ਬਿਊਰੋ-ਬਿਹਾਰ ਦੀ ਰਾਜਧਾਨੀ ਪਟਨਾ ਦੇ ਚਰਚਿਤ ਝੂਠੇ ਪੁਲਿਸ  ਮੁਕਾਬਲੇ ਮਾਮਲੇ ਵਿੱਚ ਅਦਾਲਤ ਨੇ ਅੱਜ ਸਜ਼ਾ ਦਾ ਐਲਾਨ ਕਰ ਦਿੱਤਾ। ਸੀ.ਬੀ.ਆਈ.ਦੀ ਫਾਸਟ ਟਰੈਕ ਕੋਰਟ ਨੇ ਮਾਮਲੇ ਵਿੱਚ ਦੋਸ਼ੀ ਥਾਣੇਦਾਰ ਸ਼ਾਮਸੇ ਆਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਸੱਤ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ। 28 ਦਸੰਬਰ 2002 ਨੂੰ ਹੋਈ ਇਸ ਘਟਨਾ ਵਿੱਚ ਤਿੰਨ ਬੇਕਸੂਰ ਵਿਦਿਆਰਥੀ ਮਾਰੇ ਗਏ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਸਿਰਫ 2 ਰੁਪਏ ਦੇ ਲਈ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 5 ਜੂਨ ਨੂੰ ਇਨ੍ਹਾਂ ਨੂੰ ਦੋਸ਼ੀ ਠਹਿਰਾਇਆ ਸੀ। ਘਟਨਾ ਦੇ ਕਰੀਬ 12 ਸਾਲ ਬਾਅਦ ਇਹ ਫੈਸਲਾ ਆਇਆ ਹੈ। ਮਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਸਾਰੇ ਦੋਸ਼ੀਆਂ ਨੂੰ ਫਾਂਸੀ ਤੋਂ ਵੀ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਇਸ ਝੂਠੇ ਪੁਲਿਸ ਮੁਕਾਬਲੇ ਦਾ ਸ਼ਿਕਾਰ ਹੋਏ  ਵਿਕਾਸ ਰੰਜਨ ਦੇ

ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਇਸ ਪੜ੍ਹਾਈ ਵਿੱਚ ਬੇਹੱਦ ਹੁਸ਼ਿਆਰ ਪੁੱਤਰ ਨੂੰ ਲੈ ਕੇ ਅਨੇਕਾਂ ਸੁਪਨੇ ਵੇਖੇ ਸਨ, ਪਰ ਇਹ ਸੁਪਨੇ 28 ਦਸੰਬਰ 2002 ਨੂੰ ਉਸ ਸਮੇਂ ਟੁੱਟ ਗਏ, ਜਦੋਂ ਪਟਨਾ ਪੁਲਿਸ ਨੇ ਉਸ ਨੂੰ 2 ਰੁਪਏ ਬਦਲੇ ਡਕੈਤ ਕਰਾਰ ਦੇ ਕੇ ਮਾਰ ਦਿੱਤਾ। ਇਹ ਘਟਨਾ ਇੱਕ ਪੀ.ਸੀ.ਓ. ਤੋਂ ਫੋਨ ਕਰਨ ਦੌਰਾਨ  ਵਾਪਰੀ ਸੀ। ਫੋਨ ਦਾ ਬਿੱਲ 2 ਰੁਪਏ ਜ਼ਿਆਦਾ ਆਉਣ ’ਤੇ ਤਿੰਨਾਂ ਦੋਸਤਾਂ ਨੇ ਦੁਕਾਨਦਾਰ ਨੂੰ ਇਸ ਦੀ ਸ਼ਿਕਾਇਤ ਕੀਤੀ। ਦੁਕਾਨਦਾਰ ਨੇ ਇਸ ਮਾਮਲੇ ਵਿੱਚ ਹੋਰ ਲੋਕਾਂ ਨਾਲ ਮਿਲ ਕੇ ਇਨ੍ਹਾਂ ਤਿੰਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਿਸ ਨਾਲ ਇਹ ਅੱਧਮਰੇ ਹੋ ਗਏ। ਕੁੱਟਮਾਰ ਕਰਨ ਉਪਰੰਤ ਦੁਕਾਨਦਾਰਾਂ ਨੇ ਪੁਲਿਸ ਨੂੰ ਫੋਨ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਬੱਚਿਆਂ ਦਾ ਪੱਖ ਸੁਣੇ ਬਿਨਾਂ ਉਨ੍ਹਾਂ ਤਿੰਨਾਂ ਨੂੰ ਨੇੜਿਓਂ ਗੋਲੀਆਂ ਮਾਰ ਕੇ ਮਾਰ ਦਿੱਤਾ ਅਤੇ ਮੀਡੀਆ ਰਾਹੀਂ ਇਹ ਇੱਕ ਵੱਡਾ ਪੁਲਿਸ ਮੁਕਾਬਲਾ ਕਰਾਰ ਦਿੱਤਾ। ਇਸ ਵਹਿਸ਼ੀ ਘਟਨਾ ਨੂੰ ਲੈ ਕੇ ਉਸ ਸਮੇਂ ਸਮੁੱਚਾ ਪਟਨਾ ਗੁੱਸੇ ਵਿੱਚ ਉਬਲ ਪਿਆ ਸੀ ਅਤੇ ਕਈ ਦਿਨਾਂ ਤੱਕ ਅੰਦੋਲਨ ਚੱਲਿਆ, ਇਸ ਅੰਦੋਲਨ ਨੂੰ ਕਾਬੂ ਕਰਨ ਲਈ ਵੀ ਪੁਲਿਸ ਨੂੰ ਗੋਲੀਆਂ  ਅਤੇ ਡਾਗਾਂ ਚਲਾਉਣੀਆਂ ਪਈਆਂ ਸਨ। ਲਾਲੂ ਪ੍ਰਸ਼ਾਦ ਯਾਦਵ ਨੇ ਇਨ੍ਹਾਂ ਮਾਰੇ ਗਏ ਬੱਚਿਆਂ ਦੇ ਨਾਮ ਤੇ ਸ਼ਹੀਦ ਚੌਂਕ ਬਣਾਉਣ ਦਾ ਐਲਾਨ ਕੀਤਾ ਸੀ, ਪਰ ਇਹ ਚੌਂਕ ਬਣ ਨਹੀਂ ਸਕਿਆ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ 14 ਫਰਵਰੀ 2003 ਨੂੰ ਬਿਹਾਰ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ।

Send this to a friend