ਚੰਡੀਗੜ੍ਹ, 22 ਜੂਨ (ਪੀ. ਟੀ)- ਪੰਜਾਬ ਸਰਕਾਰ ਵਲੋਂ ਸੂਬੇ ਦੇ ਜ਼ਰੂਰਤਮੰਦ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਦੀ ਸਹੂਲਤ ਦੇਣ ਲਈ 280 ਟਿਊਬਵੈਲ ਲਗਾਉਣ ਦਾ ਕੰਮ ਤੇਜ਼ੀ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਕਾਰਜ ’ਤੇ 130.06 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ ਅਤੇ ਇਸ ਯੋਜਨਾ ਨੂੰ ਮਾਰਚ, 2015 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਪੰਜਾਬ ਦੇ ਸਿੰਚਾਈ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨੇ ਇਹ ਜ੍ਯਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਵਲੋਂ ਸੂਬੇ ਦੇ ਵੱਖ-ਵੱਖ ਥਾਵਾਂ ਤੇ ਸਿੰਚਾਈ ਸੁਵਿਧਾ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 31 ਮਈ, 2014 ਤੱਕ 183 ਟਿਊਬਵੈਲ ਡਰਿੱਲ, 171 ਟਿਊਬਵੈਲ ਡਿਵੈਲਪ, ਜਦਕਿ 45 ਕੁਨੈਕਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਸ. ਢਿੱਲੋਂ ਨੇ ਦੱਸਿਆ ਕਿ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਵੱਲੋਂ ਵੱਖ-ਵੱਖ ਜਿਲਿਆਂ ’ਚ ਕਿਸਾਨਾਂ ਨੂੰ ਸਿੰਚਾਈ
ਲਈ ਪਾਣੀ ਦੀ ਸੁਵਿਧਾ ਲਈ ਲਗਭਗ 1500 ਡੂੰਘੇ ਟਿਊਬਵੈਲ ਚਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ 650 ਟਿਊਬਵੈਲ ਕੰਢੀ ਏਰੀਏ ਅਤੇ 850 ਟਿਊਬਵੈਲ ਨਾਨ ਕੰਢੀ ਏਰੀਏ ਵਿਚ ਚਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਿਊਬਵੈਲਾਂ ਨਾਲ ਤਕਰੀਬਨ 1.90 ਲੱਖ ਏਕੜ ਰਕਬੇ ਦੀ ਸਿੰਚਾਈ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਿਊਬਵੈਲਾਂ ਦਾ ਪਾਣੀ ਸੂਬੇ ਦੇ ਕਿਸਾਨਾਂ ਨੂੰ 1.00 ਰੁਪਏ ਪ੍ਰਤੀ ਯੂਨਿਟ ਅਤੇ 1.60 ਰੁਪਏ ਪ੍ਰਤੀ ਯੂਨਿਟ ਬਿਜਲੀ ਖਪਤ ਕਰਮਵਾਰ ਕੰਢੀ ਅਤੇ ਨਾਨ ਕੰਢੀ ਏਰੀਏ ਵਿਚ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਤੋਂ ਪ੍ਰਾਪਤ ਹੋਈ ਰਾਸ਼ੀ ਨੂੰ ਟਿਊਬਵੈਲਾਂ ਦੇ ਰੱਖ-ਰਖਾਵ ਤੇ ਖਰਚ ਕੀਤਾ ਜਾਂਦਾ ਹੈ। ਸ. ਢਿੱਲੋਂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਸੁੂਬੇ ਦੇ ਕਿਸਾਨਾਂ ਲਈ ਸਿੰਚਾਈ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚੱਲ ਰਹੀਆਂ ਸਿੰਚਾਈ ਸਕੀਮਾਂ ਹੋਰ ਅਸਰਦਾਰ ਢੰਗ ਨਾਲ ਲਾਗੂ ਕਰਨ ਅਤੇ ਨਵੀਆਂ ਸਕੀਮਾਂ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਚੱਲ ਰਹੀਆਂ ਸਮੂਹ ਟਿਊਬਵੈਲ ਸਕੀਮਾਂ ਮੁਕੰਮਲ ਹੋਣ ਉਪਰੰਤ ਲਗਭਗ 35 ਹਜ਼ਾਰ ਏਕੜ ਰਕਬਾ ਸਿੰਚਾਈ ਹੇਠ ਆਉਣ ਦੀ ਆਸ ਹੈ।