ਨਵੀਂ ਦਿੱਲੀ, 22 ਜੂਨ (ਪੀ. ਟੀ)- ਰੇਲਵੇ ਨੂੰ ਆਖਿਰਕਾਰ ਰੇਲ ਸੁਰੱਖਿਆ ਕਮਿਸ਼ਨ ਕੋਲੋਂ ਕੱਟੜਾ ਤੱਕ ਰੇਲ ਸੇਵਾ ਸ਼ੁਰੂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਪਹਿਲਾਂ ਕੱਟੜਾ ਹੀ ਪਹੁੰਚਣਾ ਪੈਂਦਾ ਹੈ। ਰੇਲ ਬਜਟ 2014-15 ਤੋਂ ਪਹਿਲਾਂ ਇਸ ਰੇਲ ਸੇਵਾ ਦੀ ਸ਼ੁਰੂਆਤ ਹੋ ਸਕਦੀ ਹੈ। ਊਧਮਪੁਰ-ਕੱਟੜਾ ਦੇ 25 ਕਿਲੋਮੀਟਰ ਦੇ ਰੇਲ ਸੈਕਸ਼ਨ ਦਾ ਉਦਘਾਟਨ ਇਸ ਮਹੀਨੇ ਦੇ ਅੰਤ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲ ਮੰਤਰੀ ਸਦਾਨੰਦ ਗੌੜਾ ਵਲੋਂ ਕੀਤਾ ਜਾ ਸਕਦਾ ਹੈ। ਇਸ ਰੇਲ ਲਾਈਨ ਦੇ ਨਿਰਮਾਣ ‘ਤੇ ਤਕਰੀਬਨ 1,050 ਕਰੋੜ ਰੁਪਏ ਦੀ ਲਾਗਤ ਆਈ ਹੈ। ਜੰਮੂ-ਊਧਮਪੁਰ ਦੀ 53 ਕਿਲੋਮੀਟਰ ਦੀ ਰੇਲ ਲਾਈਨ ਪਹਿਲਾਂ ਤੋਂ ਹੀ ਚਾਲੂ ਹੈ।