June 8, 2026 11:49 am

ਐੱਨ ਸੀ ਪੀ ਦਾ ਕਾਂਗਰਸ ਵਿੱਚ ਰਲੇਵਾਂ ਨਹੀਂ- ਪਵਾਰ

ਮਹਾਂਰਾਸ਼ਟਰ ਦੀ ਰਾਜਨੀਤੀ ਵਿੱਚ ਵਾਪਸ ਨਹੀਂ ਪਰਤਾਂਗਾ
Page-1_11 ਨਵੀਂ ਦਿੱਲੀ, 22 ਜੂਨ (ਪੀ. ਟੀ)- ਸ਼ਰਦ ਪਵਾਰ ਦੀ ਪਾਰਟੀ ਐੱਨ ਸੀ ਪੀ ਨੇ ਸਾਫ ਕਰ ਦਿੱਤਾ ਹੈ ਕਿ ਉਸ ਦਾ ਰਲੇਵਾਂ ਕਾਂਗਰਸ ਵਿੱਚ ਨਹੀਂ ਹੋਵੇਗਾ। ਐੱਨ ਸੀ ਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਂਗਰਸ ਵੱਲੋਂ ਅਜਿਹਾ ਕੋਈ ਵੀ ਆਫਰ ਨਹੀਂ ਮਿਲਿਆ ਹੈ। ਐੱਨ ਸੀ ਪੀ ਨੇ ਕਿਹਾ ‘ਸਾਡਾ ਸੰਗਠਨ ਵੱਖਰਾ ਹੈ ਅਤੇ ਰਲੇਵੇਂ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।’ਉਥੇ ਹੀ ਐੱਨ ਸੀ ਪੀ ਸੁਪਰੀਮੋ ਸ਼ਰਦ ਪਵਾਰ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਪਦ ਦੇ ਚਾਹਵਾਨ ਨਹੀਂ ਹਨ। ਹੁਣ ਮਹਾਂਰਾਸ਼ਟਰ ਦੀ ਰਾਜਨੀਤੀ ਵਿੱਚ ਵਾਪਸ ਵੀ ਨਹੀਂ ਪਰਤਣਾ ਚਾਹੁੰਦੇ ਹਨ। ਭਾਵੇਂ ਸਵਾਲ ਮੁੱਖ ਮੰਤਰੀ ਪਦ ਦਾ ਹੀ ਕਿਉਂ ਨਾ ਹੋਵੇ। ਪਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਨੇ ਮਹਾਂਰਾਸ਼ਟਰ ਵਿੱਚ ਗਠਜੋੜ ਦੇ ਚੋਣ ਪ੍ਰਚਾਰ ਦੀ ਅਗਵਾਈ ਕਰਨ ਲਈ ਆਫਰ ਜ਼ਰੂਰ ਦਿੱਤਾ ਗਿਆ ਹੈ। ਮੀਡੀਆ

ਵਿੱਚ ਇਹ ਖਬਰਾਂ ਆ ਰਹੀਆਂ ਸਨ ਕਿ ਕਾਂਗਰਸ ਨੇ ਐਨ ਸੀ ਪੀ ਨੂੰ ਰਲੇਵੇਂ ਦਾ ਆਫਰ ਦਿੱਤਾ ਹੈ ਅਤੇ ਮਹਾਂਰਾਸ਼ਟਰ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਸ੍ਰੀ ਸ਼ਰਦ ਪਵਾਰ ਨੂੰ ਅਗਵਾਈ ਕਰਨ ਲਈ ਆਖਿਆ ਹੈ। ਪਤਾ ਲੱਗਿਆ ਹੈ ਕਿ ਕਾਂਗਰਸ ਦੀ ਮਨਸ਼ਾ ਰਲੇਵੇਂ ਦੀ ਹੀ ਸੀ ਪ੍ਰੰਤੂ ਐਨ ਸੀ ਪੀ ਨੇ ਹੁੰਗਾਰਾ ਨਹੀਂ ਭਰਿਆ। ਕਾਂਗਰਸ ਦੇ ਕੋਲ ਸ੍ਰੀ ਵਿਲਾਸ ਰਾਓ ਦੇਸ਼ਮੁਖ ਦੇ ਅਕਾਲ ਚਲਾਣੇ ਤੋਂ ਬਾਅਦ ਕੋਈ ਮਰਾਠਾ ਚਿਹਰਾ ਨਹੀਂ ਹੈ।
ਲੋਕਸਭਾ ਚੋਣਾਂ ਵਿੱਚ ਵੀ ਕਾਂਗਰਸ ਨੂੰ ਉਥੇ ਕਰਾਰੀ ਹਾਰ ਦੇਖਣੀ ਪਈ ਹੈ, ਇਸ ਲਈ ਹੀ ਕਾਂਗਰਸ ਦੀ ਲੀਡਰਸ਼ਿਪ ਸ੍ਰੀ ਪਵਾਰ ਨੂੰ ਅੱਗੇ ਲਾ ਕੇ ਵਿਧਾਨਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ। ਸੂਤਰਾਂ ਮੁਤਾਬਿਕ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਕਰੀਬੀ ਮੰਨੇ ਜਾਣ ਵਾਲੇ ਅਹਿਮਦ ਪਟੇਲ ਅਤੇ ਏ.ਕੇ ਏਂਟਨੀ ਨੇ ਸ਼ਰਦ ਪਵਾਰ ਨਾਲ ਮਿਲ ਕੇ ਇਹ ਪ੍ਰਸਤਾਵ ਰੱਖਿਆ ਹੈ।
ਹਾਲਾਂਕਿ ਸ਼ਰਦ ਪਵਾਰ ਨੇ ਅਜੇ ਤੱਕ ਇਸ ਮੁੱਦੇ ‘ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ। ਇਥੇ ਗੌਰਤਲਬ ਹੈ ਕਿ ਐਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਨੇ ਸੋਨੀਆ ਗਾਂਧੀ ਦੇ ਵਿਦੇਸ਼ੀ ਮੂਲ ਦੇ ਮੁੱਦੇ ‘ਤੇ ਕਾਂਗਰਸ ਛੱਡੀ ਸੀ ਅਤੇ ਆਪਣੀ ਪਾਰਟੀ ਦਾ ਗਠਨ ਕੀਤਾ ਸੀ।ਦੂਸਰੇ ਪਾਸੇ ਕਾਂਗਰਸ ਨੇ ਮਹਾਂਰਾਸ਼ਟਰ ਵਿੱਚ ਮੁਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੂੰ ਬਦਲਣ ਲਈ ਵਿਚਾਰ ਚਰਚਾ ਸ਼ੁਰੂ ਕੀਤੀ ਹੈ। ਇਸ ਸੰਬੰਧੀ ਅੰਤਿਮ ਤੌਰ ’ਤੇ ਫੈਸਲਾ ਸ੍ਰੀ ਰਾਹੁਲ ਗਾਂਧੀ ਕਰਨਗੇ।

Send this to a friend