ਪੰਜਾਬ ਤੋਂ ਫਲਾਂ ਅਤੇ ਸਬਜ਼ੀਆਂ ਦੇ ਨਿਰਯਾਤ ਲਈ ਅੰਤਰਾਸ਼ਟਰੀ ਉਡਾਣਾਂ ਚਲਾਉਣ ਲਈ ਕੇਂਦਰ ਨੂੰ ਅਪੀਲ
ਚੰਡੀਗੜ੍ਹ, 22 ਜੂਨ (ਪੀ. ਟੀ)- ਪੰਜਾਬ ਵਿਚ ਵਿਚ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਵਧਾਉਣ ਲਈ ਕੇਂਦਰ ਸਰਕਾਰ ਸਾਬਜ਼ੀਆਂ ਦੇ ਸਾਂਭ ਸੰਭਾਲ, ਵਪਾਰੀਕਰਨ ਅਤੇ ਇਕ ਥਾਂ ਤੋਂ ਦੂਜੀ ਥਾਂ ਤੇ ਭੇਜਣ ਲਈ ਵਿੱਤੀ ਸਹਾਇਤਾ ਪ੍ਰਦਾਨ ਕਰੇ ਅਤੇ ਨਾਲ ਹੀ ਪੰਜਾਬ ਤੋਂ ਅੰਤਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ ਜਾਣ। ਇਸ ਤੋਂ ਇਲਵਾ ਅੰਮ੍ਰਿਤਸਰ ਤੋਂ ਲੰਡਨ ਲਈ ਬੰਦ ਕੀਤੀ ਗਈ ਹਵਾਈ ਉਡਾਣ ਮੁੜ ਤੋਂ ਸ਼ੁਰੂ ਕੀਤੀ ਜਾਵੇ ਤਾਂ ਜੋ ਪੰਜਾਬ ਵਿਚ ਪੈਦਾ ਕੀਤੀਆਂ ਜਾਂਦੀਆਂ ਸਬਜੀਆਂ ਅਤੇ ਫਲਾਂ ਦਾ ਨਿਰਯਾਤ ਵਿਦੇਸ਼ਾਂ ਵਿਚ ਕੀਤਾ ਜਾ ਸਕੇ ਅਤੇ ਕਿਸਾਨਾਂ ਨੂੰ ਵਧੀਆ ਭਾਅ ਮਿਲ ਸਕਣ। ਅੱਜ ਇੱਥੇ ਗੱਲਬਾਤ ਕਰਦਿਆਂ ਜੱਥੇਦਾਰ ਤੋਤਾ ਸਿੰਘ ਖੇਤੀਬਾੜੀ ਮੰਤਰੀ ਪੰਜਾਬ ਨੇ ਦੱਸਿਆ ਕਿ ਇਸ ਸਬੰਧੀ ਅਧਿਕਾਰੀਆਂ ਨੂੰ ਦਸਤਾਵੇਜ਼ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਇਹ ਮੰਗਾਂ ਪਹਿਲ ਦੇ
ਅਧਾਰ ਤੇ ਕੇਂਦਰ ਕੋਲ ਉਠਾਈਆਂ ਜਾਣ। ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕਿਸਾਨਾਂ ਨਾਲ ਨਿੱਜੀ ਕੰਪਨੀਆਂ ਵਲੋਂ ਕੰਟਰੈਕਟ ਫਾਰਮਿੰਗ ਦੇ ਕੀਤੇ ਜਾਂਦੇ ਕਰਾਰਾ ਤੇ ਕੰਪਨੀਆਂ ਵਲੋਂ ਬਹੁਤੀ ਬਾਰ ਖਰਾ ਨਹੀਂ ਉਤਰਿਆ ਜਾਂਦਾ ਅਤੇ ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਜ਼ਾਰੀ ਕਰਦਿਆਂ ਕਿਹਾ ਕਿ ਅਜਿਹੇ ਸਖਤ ਕਦਮ ਉਠਾਏ ਜਾਣ ਜਿਸ ਨਾਲ ਕੰਪਨੀਆਂ ਨੂੰ ਕੰਟਰੈਟ ਦਾ ਪਾਬੰਦ ਬਣਾਇਆ ਜਾਵੇ ਜਿਸ ਨਾਲ ਕਿਸਨਾਂ ਨਾਲ ਹੁੰਦੀ ਠੱਗੀ ਨੂੰ ਪੂਰੀ ਤਰਾਂ ਨਾਲ ਠੱਲ ਪਾਈ ਜਾ ਸਕੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਬਾਗਬਾਨੀ ਅਤੇ ਖੇਤੀ ਅਧਾਰਿਤ ਉਦਯੋਗਾਂ ਨੂੰ ਪ੍ਰਫੁਲਤ ਕਰਨਾ ਅਤੇ ਤਾਜ਼ੇ ਫਲ, ਸਬਜੀਆਂ ਦੀ ਦੂਰ ਦਰਾਡੇ ਅਤੇ ਨਿਰਯਾਤ ਦੀਆਂ ਮੰਡੀਆਂ ਵਿੱਚ ਮੰਡੀਕਰਨ ਨੂੰ ਵਧਾਉਣ ਲਈ ਅੰਮ੍ਰਿਤਸਰ ਅੰਤਰਰਾਸਟਰੀ ਹਵਾਈ ਅੱਡੇ ਵਿਖੇ ਮੌਜੂਦਾ ਕੰਮ ਚਲਾਉ ਕਾਰਗੋ ਸੈਟਰ ਨੂੰ ਪੱਕੇ ਕਾਰਗੋ ਸੈਂਟਰ ਵਿੱਚ ਬਦਲਣ ਲਈ ਤਜਵੀਜ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਜਗ੍ਹਾ ਮੁਹਾਇਆ ਕਰਵਾਉਣ ਲਈ ਭੇਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ਅੰਤਰਰਾਸਟਰੀ ਹਵਾਈ ਅੱਡੇ ਵਿਖੇ ਇੱਕ ਵਿਸਵ ਪੱਧਰ ਦਾ ਅਤਿ ਆਧੁਨਿਕ ਪੱਕਾ ਪੈਰੀਸੇਅਬਲ ਕਾਰਗੋ ਬਣਾਉਣ ਦੀ ਤਜਵੀਜ ਵੀ ਹੈ। ਜੱਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਪੰਜਾਬ ਐਗਰੋ ਵੱਲੋਂ ਲਾਢੋਵਾਲ (ਫਿਲੌਰ ਨਜਦੀਕ) ਵਿਖੇ ਇੱਕ ਮੈਗਾ ਫੂਡ ਪਾਰਕ ਸਥਾਪਤ ਕਰਨ ਦੀ ਤਜਵੀਜ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਨੂੰ ਭੇਜਣ ਲਈ ਤਿਆਰ ਕਰ ਲਈ ਗਈ ਹੈ। ਇਸ ਪਾਰਕ ਦੀ ਕੁੱਲ ਲਾਗਤ 130 ਕਰੋੜ ਰੁਪਏ ਤੋਂ ਜਿਆਦਾ ਹੈ ਜਿਸ ਵਿੱਚ 50 ਕਰੋੜ ਰੁਪਏ ਦੀ ਗਰਾਂਟ ਭਾਰਤ ਸਰਕਾਰ ਵੱਲੋਂ ਦਿੱਤੀ ਜਾਵੇਗੀ।ਇਸੇ ਦੌਰਾਨ ਪੰਜਾਬ ਐਗਰੋ ਦੇ ਐਮ.ਡੀ ਸ੍ਰੀ ਕਾਹਨ ਸਿੰਘ ਪੰਨੂ ਨੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਪੰਜਾਬ ਐਗਰੋ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸਨ ਲਿਮਟਿਡ ਅਤੇ ਪੰਜਾਬ ਫੁਡਗ੍ਰੇਨਜ਼ ਕਾਰਪੋਰੇਸ਼ਨ ਲਿਮਟਿਡ ਵਲੋਂ ਪੰਜਾਬ ਵਿਚ ਖੇਤੀ ਵਿਭੰਨਤਾ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਜਾਣਕਾਰੀ ਸਾਂਝੀ ਕੀਤੀ।