ਰੇਲ ਕਿਰਾਏ ’ਚ 14.2 ਫੀਸਦੀ ਅਤੇ ਮਾਲ ਭਾੜੇ ਵਿੱਚ 6.5 ਫੀਸਦੀ ਤੁਰੰਤ ਵਾਧਾ
ਨਵੀਂ ਦਿੱਲੀ, 20 ਜੂਨ (ਪੀ. ਟੀ. ਲਾਇਵ)- ਚੰਗੇ ਦਿਨ ਆਉਣ ਦੇ ਵਾਅਦੇ ਨਾਲ ਸੱਤਾ ’ਚ ਆਈ ਮੋਦੀ ਸਰਕਾਰ ਨੇ ਦੇਸ਼ ਦੀ ਜਨਤਾ ਨੂੰ ਮਹਿੰਗਾਈ ਦਾ ਜਬਰਦਸਤ ਝੱਟਕਾ ਦਿੱਤਾ ਹੈ। ਸਰਕਾਰ ਨੇ ਅੱਜ ਤੋਂ ਹੀ ਰੇਲ ਕਿਰਾਇਆ ਵਧਾਉਣ ਦਾ ਐਲਾਨ ਕੀਤਾ ਹੈ। ਇਸ ਮੁਤਾਬਿਕ ਰੇਲ ਕਿਰਾਏ ਵਿੱਚ 14.2 ਫੀਸਦੀ ਅਤੇ ਮਾਲ ਕਿਰਾਏ ਵਿੱਚ ਵੀ 6.5 ਫੀਸਦੀ ਦਾ ਵਾਧਾ ਕੀਤਾ ਗਿਆ ਹੈ।ਗੌਰਤਲਬ ਹੈ ਕਿ ਕੁਝ ਦਿਨਾਂ ਪਹਿਲਾਂ ਸਰਕਾਰ ਨੇ ਰੇਲ ਕਿਰਾਏ ਵਧਾਉਣ ਦੇ ਸੰਕੇਤ ਦਿੱਤੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਚੰਗੇ ਦਿਨ ਲਿਆਉਣ ਲਈ ਕੁਝ ਕੌੜੇ ਫੈਸਲੇ ਲੈਣੇ ਜਰੂਰੀ ਹਨ। ਰੇਲਵੇ ਦੇ ਵਧੇ ਹੋਏ ਕਿਰਾਏ ਵਿੱਚ ਫਿਊਲ ਐਡਜਸਟਮੈਂਟ ਚਾਰਜ ਸ਼ਾਮਲ ਹੈ। ਕੇਂਦਰੀ ਰੇਲ ਮੰਤਰੀ ਸ੍ਰੀ. ਸਦਾਨੰਦ ਗੌੜਾ ਨੇ ਵੀਰਵਾਰ ਨੂੰ ਉਚ ਰੇਲ ਅਧਿਕਾਰੀਆਂ ਦੇ ਇੱਕ ਸੰਮੇਲਨ ਵਿੱਚ ਕਿਰਾਏ ’ਚ ਵਾਧੇ ਦੇ ਬਾਰੇ
’ਚ ਕਿਹਾ ਸੀ ਕਿ ਤਿੰਨ-ਚਾਰ ਦਿਨ ਵਿੱਚ ਕਿਸੇ ਸਿੱਟੇ ’ਤੇ ਪਹੁੰਚਿਆ ਜਾਵੇ, ਪਰ ਸਰਕਾਰ ਨੇ ਅੱਜ ਹੀ ਅਚਾਨਕ ਰੇਲ ਕਿਰਾਏ ਅਤੇ ਭਾੜੇ ਵਿੱਚ ਵਾਧਾ ਕਰ ਦਿੱਤਾ। ਨਕਦੀ ਸੰਕਟ ਨਾਲ ਜੂਝ ਰਹੇ ਰੇਲ ਬੋਰਡ ਨੇ ਯਾਤਰੀ ਕਿਰਾਏ ਵਿੱਚ 14.2 ਫੀਸਦੀ ਅਤੇ ਮਾਲ ਭਾੜੇ ਵਿੱਚ 6.5 ਫੀਸਦੀ ਵਾਧੇ ਦਾ ਪ੍ਰਸਤਾਵ ਕੀਤਾ ਸੀ। ਜਿਸ ਨੂੰ ਰੇਲ ਮੰਤਰਾਲੇ ਨੇ ਜਿਉਂ ਦਾ ਤਿਉਂ ਪਰਵਾਨ ਕਰ ਲਿਆ। ਕੇਂਦਰ ਸਰਕਾਰ ਜਲਦ ਹੀ ਰੇਲਵੇ ਵਿੱਚ ਨਿਜੀ ਪੂੰਜੀ ਨਿਵੇਸ਼ ਦਾ ਫੈਸਲਾ ਵੀ ਲੈਣ ਵਾਲੀ ਹੈ। ਰੇਲਵੇ ਵਿੱਚ ਐਫ ਡੀ ਆਈ ਦੇ ਸਵਾਲ ’ਤੇ ਸ੍ਰੀ. ਗੌੜਾ ਪਹਿਲਾਂ ਹੀ ਆਖ ਚੁੱਕੇ ਹਨ ਕਿ ‘ਸਾਡੇ ਕੋਲ ਸੰਸਾਧਨਾਂ ਦੀ ਕਮੀ ਹੈ। ਇਹ ਸਾਰੀ ਦੁਨੀਆ ਜਾਣਦੀ ਹੈ, ਇਸ ਲਈ ਰੇਲਵੇ ਦੀ ਪ੍ਰਮੁੱਖ ਤਰਜੀਹ ਦੇ ਲਈ ਸਾਧਨ ਜੁਟਾਉਣੇ ਹੋਣਗੇ।’ ਰੇਲਵੇ ਦੇ ਕਿਰਾਏ ਅਤੇ ਭਾੜੇ ਵਿੱਚ ਭਾਰੀ ਵਾਧੇ ਨਾਲ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋ ਸਕਦਾ ਹੈ। ਸਰਕਾਰ ਨੇ ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਕਰਾਰਾ ਝੱਟਕਾ ਦਿੱਤਾ ਹੈ ਜਿਨ੍ਹਾਂ ਨੇ ਹੁੱਬ ਕੇ ਐਨ ਡੀ ਏ ਨੂੰ ਵੋਟਾਂ ਪਾਈਆਂ ਸਨ।