ਨਵੀਂ ਦਿੱਲੀ, 19 ਜੂਨ (ਪੀ. ਟੀ)- ਉੱਤਰ ਪ੍ਰਦੇਸ਼ ਦੇ ਰਾਜਪਾਲ ਬੀ. ਐਲ. ਜੋਸ਼ੀ ਦੇ ਅਸਤੀਫ਼ੇ ਤੋਂ ਬਾਅਦ ਹੁਣ ਛਤੀਸਗੜ੍ਹ ਦੇ ਰਾਜਪਾਲ ਸ਼ੇਖਰ ਦੱਤ ਨੇ ਵੀ ਆਪਣਾ ਅਸਤੀਫ਼ਾ ਰਾਸ਼ਟਰਪਤੀ ਨੂੰ ਭੇਜ ਕੇ ਅਹੁਦਾ ਛੱਡ ਦਿੱਤਾ ਹੈ। ਸੂਤਰਾਂ ਅਨੁਸਾਰ ਨਾਗਾਲੈਂਡ ਦੇ ਰਾਜਪਾਲ ਅਸ਼ਵਨੀ ਕੁਮਾਰ ਵੀ ਆਪਣਾ ਅਹੁਦਾ ਛੱਡ ਸਕਦੇ ਹਨ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਉਨ੍ਹਾਂ ਸਾਰੇ ਰਾਜਪਾਲਾਂ ਤੋਂ ਅਸਤੀਫ਼ੇ ਮੰਗ ਰਹੀ ਹੈ ਜਿਨ੍ਹਾਂ ਦੀ ਨਿਯੁਕਤੀ ਯੂ. ਪੀ. ਏ-2 ਸਰਕਾਰ ਦੇ ਕਾਰਜਕਾਲ ਦੌਰਾਨ ਹੋਈ ਸੀ। ਕੇਰਲ ਦੀ ਰਾਜਪਾਲ ਸ਼ੀਲਾ ਦੀਕਸ਼ਤ, ਮਹਾਰਾਸ਼ਟਰ ਦੇ ਰਾਜਪਾਲ ਕੇ. ਕੇ. ਸ਼ੰਕਰ ਨਾਰਾਇਣਨ ਤੇ ਪੱਛਮੀ ਬੰਗਾਲ ਦੇ ਰਾਜਪਾਲ ਐਮ. ਕੇ. ਨਾਰਾਇਣਨ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਚਾਹੁੰਦੀ ਹੈ ਅਸੀਂ ਆਪਣੇ
ਕਾਰਜਕਾਲ ਤੋਂ ਪਹਿਲਾਂ ਅਸਤੀਫ਼ਾ ਦੇਈਏ ਤਾਂ ਸਰਕਾਰ ਨੂੰ ਲਿਖਤੀ ਤੌਰ ‘ਤੇ ਦੇਣਾ ਹੋਵੇਗਾ। ਮਹਾਰਾਸ਼ਟਰ ਦੇ ਰਾਜਪਾਲ ਨੇ ਕਿਹਾ ਕਿ ਉਹ ਰਾਸ਼ਟਰਪਤੀ ਦੇ ਕਹਿਣ ‘ਤੇ ਹੀ ਅਸਤੀਫ਼ਾ ਦੇਣਗੇ।
ਗ੍ਰਹਿ ਮੰਤਰਾਲੇ ਨੇ ਸ਼ੰਕਰਨਾਰਾਇਣਨ ਨੂੰ ਅਸਤੀਫ਼ਾ ਦੇਣ ਲਈ ਦੋ ਵਾਰ ਸੰਪਰਕ ਕੀਤਾ। ਕੇਂਦਰੀ ਗ੍ਰਹਿ ਸਕੱਤਰ ਅਨਿਲ ਗੋਸਵਾਮੀ ਨੇ ਉਨ੍ਹਾਂ ਨੂੰ ਦੋ ਵਾਰ ਫੋਨ ਕੀਤਾ। ਮੈਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਰਾਜਪਾਲ ਦਾ ਅਹੁਦਾ ਸੰਵਿਧਾਨਕ ਹੁੰਦਾ ਹੈ। ਉਹ ਰਾਸ਼ਟਰਪਤੀ ਦਾ ਪ੍ਰਤੀਨਿਧੀ ਹੁੰਦਾ ਹੈ। ਕਿਸੇ ਵੀ ਜ਼ਿੰਮੇਵਾਰ ਇਨਸਾਨ ਨੇ ਮੇਰੇ ਕੋਲੋਂ ਲਿਖਤੀ ਕੁਝ ਨਹੀਂ ਮੰਗਿਆ।