ਚੰਡੀਗੜ੍ਹ, 16 ਜੂਨ (ਪੀ. ਟੀ) : ਪੰਜਾਬ ਦੇ ਕਾਂਗਰਸੀ ਵਿਧਾਇਕ ਕਿਸਾਨਾਂ ਨੂੰ ਖੰਡ ਮਿੱਲਾਂ ਵਲੋਂ ਦੱਬੇ 186 ਕਰੋੜ ਰੁਪਏ ਦਿਵਾਉਣ, ਪ੍ਰਾਪਰਟੀ ਟੈਕਸ ਤੇ ਸ਼ਗਨ, ਬੁਢਾਪਾ ਪੈਨਸ਼ਨ, ਵਿਦਿਆਰਥੀਆਂ ਦੇ ਵਜ਼ੀਫੇ ਰਿਲੀਜ਼ ਕਰਾਉਣ ਲਈ 23 ਚੰਡੀਗੜ੍ਹ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਤੇ ਧਰਨਾ ਦੇਵੇਗੀ। ਦੂਜੇ ਪਾਸੇ 15 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦਾ ਸਮਾਂ ਵਧਾਏ ਜਾਣ ਲਈ ਕਾਂਗਰਸੀ ਵਿਧਾਇਕ ਛੇਤੀ ਹੀ ਸਪੀਕਰ ਤੇ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰਨਗੇ। ਇਸ ਸਬੰਧੀ ਫੈਸਲਾ ਅੱਜ ਪੰਜਾਬ ਭਵਨ ਵਿਖੇ ਹੋਈ ਕਾਂਗਰਸੀ ਵਿਧਾਇਕਾਂ ਦੀ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਆਗੂ ਚੌਧਰੀ ਸੁਨੀਲ ਜਾਖੜ ਦੀ ਅਗਵਾਈ ਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ
ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਜਾਖੜ ਨੇ ਦੱਸਿਆ ਕਿ 23 ਜੂਨ ਨੂੰ ਕਾਂਗਰਸੀ ਵਿਧਾਇਕ ਤੇ ਲੀਡਰ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨਾ ਦੇ ਕੇ ਉਨ੍ਹਾਂ ਤੋਂ ਖੰਡ ਮਿੱਲਾਂ ਵਲੋਂ ਕਿਸਾਨਾਂ ਦੇ 186 ਕਰੋੜ ਰੁਪਏ, ਬੁਢਾਪਾ ਪੈਨਸ਼ਨ, ਸ਼ਗਨ ਸਕੀਮ ਤੇ ਗਰੀਬ ਵਿਦਿਆਰਥੀਆਂ ਦੇ ਪੈਸੇ ਰਿਲੀਜ਼ ਕਰਾਉਣ ਤੇ ਪ੍ਰਾਪਰਟੀ ਟੈਕਸ ਖਤਮ ਕਰਨ ਲਈ ਧਰਨਾ ਦੇਵੇਗੀ। ਜਾਖੜ ਨੇ ਦੱਸਿਆ ਕਿ ਪੰਜਾਬ ਦੀਆਂ ਵੱਖ ਵੱਖ ਖੰਡ ਮਿਲਾਂ ਵੱਲ ਕਿਸਾਨਾ ਦਾ 186 ਕਰੋੜ ਤੋਂ ਵਧ ਬਕਾਇਆ ਖੜ੍ਹਾ ਹੈ।
ਜਾਖੜ ਨੇ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਰ ਲੰਬਾ ਕਰਨ ਦੀ ਮੰਗ ਕਰਦਿਆਂ ਆਖਿਆ ਕਿ ਹਾਲੀਆ ਲੋਕ ਸਭਾ ਚੋਣਾਂ ਚ ਪੰਜਾਬ ਦੇ ਲੋਕਾਂ ਨੇ ਅਕਾਲੀ-ਭਾਜਪਾ ਸਰਕਾਰ ਨੂੰ ਭਾਵੇਂ ਰੇਤਾ-ਬਜਰੀ, ਪ੍ਰਾਪਰਟੀ ਟੈਕਸ, ਨਸ਼ਿਆਂ ਦੇ ਮਾਮਲੇ ਚ ਚੰਗਾ ਸਬਕ ਸਿਖਾਇਆ ਹੈ ਪਰ ਫਿਰ ਵੀ ਸਰਕਾਰ ਢੀਠ ਹੋਈ ਬੈਠੀ ਹੈ ਤੇ ਜਾਣਬੁੱਝਕੇ ਵਿਧਾਨ ਸਭਾ ਦਾ ਸੈਸ਼ਨ ਛੋਟਾ ਰੱਖਿਆ ਗਿਆ ਹੈ ਮੀਟਿੰਗ ਚ ਅੱਜ ਪੰਜਾਬ ਲੋਕ ਸਭਾ ਚ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੇ ਸਰਵਸੰਮਤੀ ਨਾਲ ਸੋਨੀਆ ਗਾਂਧੀ ਦੇ ਹੱਕ ਚ ਧੰਨਵਾਦ ਮਤਾ ਪਾਸ ਕੀਤਾ ਗਿਆ।
ਮੀਟਿੰਗ ਉਪਰੰਤ ਭਾਵੇਂ ਜਾਖੜ ਨੇ ਦਾਅਵਾ ਕੀਤਾ ਕਿ ਕਾਂਗਰਸ ਇਕਜੁਟ ਹੈ ਤੇ ਪਰ ਬਾਜਵਾ ਖੇਮੇ ਦੇ ਕਈ ਵਿਧਾਇਕ ਇਸ ਮੀਟਿੰਗ ਚੋਂ ਗੈਰਹਾਜ਼ਰ ਰਹੇ। ਇਹ ਪੁੱਛੇ ਜਾਣ ਤੇ ਕਿ ਬਹੁਤੇ ਵਿਧਾਇਕ ਵਾਰ ਵਾਰ ਖੁੱਲ੍ਹੇਆਮ ਬਾਜਵਾ ਤੋਂ ਅਸਤੀਫਾ ਮੰਗ ਚੁੱਕੇ ਹਨ ਤਾਂ ਜਾਖੜ ਨੇ ਕਿਹਾ ਕਿ ਇਸ ਵੇਲੇ ਬਾਜਵਾ ਕਾਂਗਰਸ ਦੇ ਪ੍ਰਧਾਨ ਹਨ। ਇਸ ਮੀਟਿੰਗ ਚ 30 ਦੇ ਕਰੀਬ ਵਿਧਾਇਕ ਹਾਜ਼ਰ ਸਨ।



