May 30, 2026 6:11 pm

ਲੋਕ ਸਭਾ ਸਪੀਕਰ ਵੱਲੋਂ ਗੁਰਜੀਤ ਔਜਲਾ ਸਮੇਤ 7 ਕਾਂਗਰਸੀ ਸੰਸਦ ਮੈਂਬਰ ਮੁਅੱਤਲ

ਨਵੀਂ ਦਿੱਲੀ, 5 ਮਾਰਚ- ਸੰਸਦ ‘ਚ ਹੰਗਾਮੇ ਅਤੇ ਧੱਕਾਮੁੱਕੀ ਤੋਂ ਨਾਰਾਜ਼ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਖਤ ਐਕਸ਼ਨ ਲਿਆ ਹੈ। ਉਨ੍ਹਾਂ ਨੇ ਲੋਕ ਸਭਾ ਦੇ 7 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਦੋਹਾਂ ਸਦਨਾਂ ‘ਚ ਵਿਰੋਧੀ ਧਿਰ ਵੱਲੋਂ ਦਿੱਲੀ ਹਿੰਸਾ ‘ਤੇ ਹੰਗਾਮੇ ਕਾਰਨ ਸਦਨ ਨਹੀਂ ਚੱਲ ਸਕਿਆ। ਇਸ ‘ਤੇ ਓਮ ਬਿਰਲਾ ਨਾਰਾਜ਼ ਸਨ। ਜਿਨ੍ਹਾਂ ਲੋਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਹ ਸਪੀਕਰ ਦੀ ਕੁਰਸੀ ਦੇ ਬੇਹੱਦ ਕਰੀਬ ਆ ਕੇ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਪੋਸਟਰ ਦਿਖਾ ਰਹੇ ਸਨ। ਮੁਅੱਤਲ ਕੀਤੇ ਸੰਸਦ ਮੈਂਬਰਾਂ ‘ਚ ਗੁਰਜੀਤ ਸਿੰਘ ਔਜਲਾ, ਗੌਰਵ ਗੋਗੋਈ, ਟੀ.ਐੱਨ. ਪ੍ਰਥਪਨ, ਡੀਨ ਕੁਰੀਕੋਸ, ਆਰ ਓਨੀਥਨ, ਮਨਿਕਮ ਟੈਗੋਰ ਅਤੇ ਬੇਨੀ ਬੇਹਨ ਸ਼ਾਮਿਲ ਹਨ। ਦੱਸ ਦੇਈਏ ਕਿ ਦਿੱਲੀ ਹਿੰਸਾ ‘ਤੇ ਚਰਚਾ ਕਰਵਾਉਣ ਲਈ ਹੰਗਾਮਾ ਕਰ ਰਹੇ ਵਿਰੋਧੀ ਧਿਰ ਦੇ ਆਗੂਆਂ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਸੀ ਕਿ ਸਰਕਾਰ ਇਸ ਮੁੱਦੇ ‘ਤੇ ਹੋਲੀ ਤੋਂ ਬਾਅਦ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਦੀ ਇਸ ਪੇਸ਼ਕਸ਼ ‘ਤੇ ਵਿਰੋਧੀ ਦਲ ਭੜਕ ਗਿਆ ਅਤੇ ਕਾਗਜ ਪਾੜ ਕੇ ਸਪੀਕਰ ਵੱਲ ਸੁੱਟੇ। ਓਮ ਬਿਰਲਾ ਨੇ ਹੰਗਾਮਾ ਕਰ ਰਹੇ ਵਿਰੋਧ ਧਿਰ ਦੇ ਸੰਸਦ ਮੈਂਬਰਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਦਨ ‘ਚ ਪਲੇਅ ਕਾਰਡ ਲਿਆਉਣਾ ਠੀਕ ਨਹੀਂ ਹੈ।

Send this to a friend