ਮੌੜ ਮੰਡੀ, 5 ਮਾਰਚ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੌਟੀ)- ਮਾੜੀ ਆਰਥਿਕਤਾ ਦੀ ਝੰਬੀ ਕਿਸਾਨੀ ਅਤੇ ਕਰਜੇ ਦੇ ਸਤਾਏ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਬਾਰੇ ਤਾਂ ਆਮ ਹੀ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ,ਪੰਜਾਬ ਵਿੱਚ ਨਿੱਜੀ ਹਸਪਤਾਲਾਂ ਵਿੱਚ ਇਲਾਜ ਦੇ ਨਾਮ ‘ਤੇ ਕੀਤੀ ਜਾਂਦੀ ਲੁੱਟ ਕਾਰਨ ਕੋਈ ਕਿਸਾਨ ਆਤਮ-ਹੱਤਿਆ ਕਰ ਜਾਵੇ,ਇਹ ਪਹਿਲੀ ਵਾਰ ਸੁਣਿਆ ਹੈ। ਅਜਿਹੀ ਹੀ ਇੱਕ ਮੰਦਭਾਗੀ ਘਟਨਾਂ ਪਿੰਡ ਜੋਧਪੁਰ ਪਾਖਰ ਵਿੱਚ ਵਾਪਰੀ ਜਿੱਥੇ ਇੱਕ ਕਿਸਾਨ ਨੇ ਨਹਿਰ ਵਿੱਚ ਛਾਲ ਮਾਰਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਹਿਚਾਣ ਮੱਖਣ ਸਿੰਘ ਪੁੱਤਰ ਪ੍ਰਿਥੀ ਸਿੰਘ ਵਜੋਂ ਹੋਈ ਹੈ। ਘਟਨਾਂ ਵਾਲੀ ਥਾਂ ‘ਤੇ ਇਕਤਰ ਹੋਏ ਲੋਕਾਂ ਵਿੱਚੋਂ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਮੌੜ ਦੇ ਪ੍ਰਧਾਨ ਬਲਵਿੰਦਰ ਸਿੰਘ ਜੋਧਪੁਰ ਪਾਖਰ ਅਤੇ ਪ੍ਰੱੈਸ ਸਕੱਤਰ ਅਮਰਜੀਤ ਸਿੰਘ ਯਾਤਰੀ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਘਰ ਦੀ ਕਬੀਲਦਾਰੀ ਚਲਾਉਂਣ ਲਈ ਘਰ ਦੇ ਮੁਖੀ ਵਾਲੀ ਭੂਮਿਕਾ ਨਿਭਾਅ ਰਿਹਾ ਸੀ ਅਤੇ ਘਰ ਦੇ ਹਰੇਕ ਕੰਮ ਨੂੰ ਪੂਰੀ ਜਿੰਮੇਵਾਰੀ ਨਾਲ ਨੇਪਰੇ ਚਾੜਦਾ ਸੀ,ਪਰ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਅਪਣੇ ਛੋਟੇ ਭਰਾ ਦਾ ਮਹਿੰਗਾ ਇਲਾਜ ਕਰਾਉਂਣ ਤੋਂ ਅਸਮਰਥ ਮ੍ਰਿਤਕ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਰਾਤ ਨੂੰ ਕਰੀਬ 1:30 ਵਜੇ ਘਰੋਂ ਚੱਲਿਆ ਗਿਆ ਅਤੇ ਜਦ ਕਾਫੀ ਨਾ ਮੁੜਿਆ ਤਾਂ ਉਸ ਦੇ ਘਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਅਤੇ ਅੰਤ ਉਸ ਦੀਆਂ ਚੱਪਲਾਂ ਅਤੇ ਲੋਈ ਨਹਿਰ ਦੇ ਕਿਨਾਰੇ ਹੈੱਡਾਂ ਕੋਲ ਮਿਲੀਆਂ ਜਿਸ ਤੋਂ ਘਰ ਵਾਲਿਆਂ ਨੂੰ ਮੰਦਭਾਗੀ ਘਟਨਾਂ ਵਾਪਰ ਜਾਣ ਦਾ ਸ਼ੱਕ ਹੋਇਆ ਅਤੇ ਪਿੰਡ ਦੇ ਸਰਪੰਚ ਕਪੂਰ ਸਿੰਘ ਨੇ ਇਸ ਸੂਚਨਾਂ ਤੁਰੰਤ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵੱਲੋਂ ਮੌਕੇ ‘ਤੇ ਹੀ ਬਠਿੰਡਾ ਤੋਂ ਐੱਨ.ਡੀ.ਆਰ.ਐੱਫ.ਟੀਮ ਬੁਲਾ ਲਈ ਅਤੇ ਟੀਮ ਨੇ ਪਹੁੰਚਦਿਆਂ ਹੀ ਅਪਣਾ ਕੰਮ ਸ਼ੁਰੂ ਕਰ ਦਿੱਤਾ,ਪਰ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਮ੍ਰਿਤਕ ਦੇਹ ਨਹੀਂ ਮਿਲੀ ਸੀ। ਮ੍ਰਿਤਕ ਕਿਸਾਨ ਦੀ ਲਾਸ਼ ਲੱਭਣ ਲਈ ਟੀਮ ਦੀ ਸਹਾਇਤਾ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਬਲਵਿੰਦਰ ਸਿੰਘ ਜੋਧਪੁਰ ਅਤੇ ਅਮਰਜੀਤ ਸਿੰਘ ਜਾਤਰੀ ਨੇ ਕਿਹਾ ਕਿ ਮ੍ਰਿਤਕ ਕਿਸਾਨ ਬੈਂਕ ਦਾ 5 ਲੱਖ ਅਤੇ ਆੜਤੀਆਂ ਦਾ 10 ਰੂ: ਲੱਖ ਰੁਪਏ ਦਾ ਕਰਜ਼ਈ ਸੀ ਅਤੇ ਮ੍ਰਿਤਕ ਦੇ ਚਾਰ ਭਰਾ ਚਾਰ ਏਕੜ ਜਮੀਨ ਨਾਲ ਹੀ ਅਪਣਾ ਘਰ ਚਲਾ ਰਹੇ ਸਨ,ਪਰ ਅਚਾਨਕ ਆ ਪਈ ਛੋਟੇ ਭਰਾ ਦੀ ਬਿਮਾਰੀ ਨੇ ਘਰ ਦਾ ਧੁਰਾ ਹਿੱਲਾ ਕੇ ਰੱਖ ਦਿੱਤਾ ਅਤੇ ਮਹਿੰਗੇ ਇਲਾਜ ਨੇ ਵੱਡੇ ਭਰਾ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ,ਕਿਉਂਕਿ ਐਨੀ ਘੱਟ ਆਮਦਨੀ ਨਾਲ ਮਾੜੀ ਆਰਥਿਕਤਾ ਦਾ ਝੰਬਿਆ ਕਿਸਾਨ ਮਹਿੰਗੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਨਹੀਂ ਕਰਵਾ ਸਕਦਾ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦਾ ਸਾਰਾ ਕਰਜਾ ਮੁਆਫ਼ ਕਰਨ ਦੇ ਨਾਲ ਹਸਪਤਾਲ ਵਿੱਚ ਦਾਖਲ ਭਰਾ ਇਲਾਜ ਸਰਕਾਰ ਅਪਣੇ ਖ਼ਰਚੇ ‘ਤੇ ਕਰਵਾਏ। ਇਸ ਮੌਕੇ ਜਗਰੂਪ ਸਿੰਘ ਫ਼ੌਜੀ,ਮਹਿੰਦਰ ਸਿੰਘ ਅਤੇ ਬਲਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਅਤੇ ਆਸੇ-ਪਾਸੇ ਦੇ ਲੋਕ ਸ਼ੋਕਮਈ ਮਹੌਲ ਵਿੱਚ ਮ੍ਰਿਤਕ ਕਿਸਾਨ ਦੀ ਲਾਸ਼ ਲੱਭਣ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ।