June 3, 2026 12:07 pm

ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਹੋਈ ਹੋਲੇ-ਮਹੱਲੇ ਦੀ ਆਰੰਭਤਾ

10 ਮਾਰਚ ਤੱਕ ਜਾਹੋ-ਜਲਾਲ ਨਾਲ ਮਨਾਇਆ ਜਾਵੇਗਾ ਹੋਲਾ-ਮਹੱਲਾ

ਸ੍ਰੀ ਅਨੰਦਪੁਰ ਸਾਹਿਬ, 5 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਖਾਲਸਾ ਪੰਥ ਦਾ ਕੋਮੀ ਤਿਉਹਾਰ ਹੋਲਾ ਮਹੱਲਾ ਜੋ ਕਿ 5 ਮਾਰਚ ਤੋਂ 10 ਮਾਰਚ ਤੱਕ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ। ਹਰ ਸਾਲ ਦੀ ਤਰਾਂ ਇਸ ਸਾਲ ਵੀ ਹੋਲੇ ਮਹੱਲੇ ਦੀ ਆਰੰਭਤਾ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਬੜੀ ਹੀ ਸਾਨੋ ਸ਼ੋਕਤ ਨਾਲ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਕੀਤੀ ਗਈ। ਇਸ ਮੋਕੇ ਪਹਿਲਾਂ ਆਖੰਡ ਪਾਠ ਸਾਹਿਬ ਦੇ ਭੌਗ ਪਾਏ ਗਏ ਉਪਰੰਤ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਰਾਤ ਦੇ ਦੀਵਾਨ ਸਜਾਏ ਗਏ ਜਿਸ ਵਿਚ ਸਮਾਗਮ ਦੀ ਸ਼ੁਰੂਆਤ ਇਸਤਰੀ ਸਤਿਸੰਗ ਸਭਾ ਦੀਆਂ ਬੀਬੀਆਂ ਵੱਲੋਂ ਕੀਰਤਨ ਕਰਕੇ ਕੀਤੀ ਗਈ। ਉਪਰੰਤ ਗੁਰੂ ਘਰ ਦੇ ਕੀਰਤਨੀਆਂ ਅਤੇ ਢਾਡੀ ਜੱਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਇਹਨਾਂ ਤੋਂ ਇਲਾਵਾ ਸਿੱਖ ਪੰਥ ਦੀਆਂ ਸਿਰਮੋਰ ਸ਼ਖਸ਼ੀਅਤਾਂ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਿੰ:ਸੁਰਿੰਦਰ ਸਿੰਘ, ਦਲਜੀਤ ਸਿੰਘ ਭਿੰਡਰ, ਬਾਬਾ ਜਰਨੈਲ ਸਿੰਘ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਮਾਤਾ ਗੁਰਚਰਨ ਕੌਰ, ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲੇ, ਬਾਬਾ ਤੀਰਥ ਸਿੰਘ, ਸ਼੍ਰੌਮਣੀ ਕਮੇਟੀ ਸਕੱਤਰ ਭਾਈ ਰੂਪ ਸਿੰਘ ਆਦਿ ਸ਼ਖਸ਼ੀਅਤਾਂ ਵਲੋਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੌਮੀ ਤਿਉਹਾਰ ਹੋਲਾ ਮਹੱਲਾ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਅਤੇ ਸਮੂਹ ਸੰਗਤਾਂ ਨੂੰ ਹੋਲੇ ਮਹੱਲੇ ਦੀ ਵਧਾਈ ਵੀ ਦਿੱਤੀ। ਇਸ ਦੋਰਾਨ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੈਨੇਜਰ ਜਸਬੀਰ ਸਿੰਘ ਨੂੰ ਆਈਆਂ ਸ਼ਖਸ਼ੀਅਤਾਂ ਵਲੋਂ ਦਸਤਾਰ ਬੰਦੀ ਕਰਕੇ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਨਗਾਰਿਆਂ ਅਤੇ ਜੈਕਾਰਿਆਂ ਦੀ ਗੂੰਜ ਨਾਲ ਹੋਲੇ ਮਹੱਲੇ ਦੀ ਆਰੰਭਤਾ ਕੀਤੀ ਗਈ। ਇਸ ਮੋਕੇ ਕਿਲ੍ਹਾ ਅਨੰਦਗੜ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਐਡ:ਹਰਦੇਵ ਸਿੰਘ, ਭਾਈ ਸੁਖਜੀਤ ਸਿੰਘ, ਬੀਬੀ ਸੁਰਿੰਦਰਪਾਲ ਕੋਰ, ਬੀਬੀ ਤਜਿੰਦਰ ਕੌਰ, ਬੀਬੀ ਗੁਰਜੀਤ ਕੌਰ, ਬੀਬੀ ਤਰਨਜੀਤ ਕੌਰ, ਗੁਰਪ੍ਰੀਤ ਸਿੰਘ, ਹਰਜੀਤ ਸਿੰਘ ਅਚਿੰਤ, ਦਵਿੰਦਰ ਸਿੰਘ, ਨਿਹੰਗ ਸਿੰਘ ਜੱਥੇਬੰਦੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Send this to a friend