ਮੀਰਾਨਸ਼ਾਹ (ਪਾਕਿਸਤਾਨ), 16 ਜੂਨ (ਪੀ. ਟੀ) – ਪਾਕਿਸਤਾਨ ਦੇ ਜੈੱਟ ਹਵਾਈ ਜਹਾਜ਼ਾਂ ਨੇ ਅੱਜ ਫਿਰ ਉੱਤਰੀ ਵਜ਼ੀਰਸਤਾਨ ‘ਚ ਹਮਲੇ ਕੀਤੇ ਜਿਸ ਨਾਲ 21 ਅੱਤਵਾਦੀ ਮਾਰੇ ਗਏ। ਕਰਾਚੀ ਹਵਾਈ ਅੱਡੇ ‘ਤੇ 8 ਜੂਨ ਨੂੰ ਹਮਲਾ ਹੋਣ ਮਗਰੋਂ ਪਾਕਿਸਤਾਨ ਨੇ ਉਪਰੋਕਤ ਖੇਤਰ ‘ਚ ਅੱਤਵਾਦੀਆਂ ਵਿਰੁੱਧ ਸੁਰੱਖਿਆ ਬਲਾਂ ਤੋਂ ਇਲਾਵਾ, ਤੋਪਖਾਨਾ ਤੇ ਹੈਲੀਕਾਪਟਰ ਵੀ ਤਾਇਨਾਤ ਕਰ ਦਿੱਤੇ ਹਨ। ਤਾਲਿਬਾਨ ਤੇ ਉਜ਼ਬੇਕ ਅੱਤਵਾਦੀਆਂ ਦੇ ਗੜ੍ਹ ਵਾਲੇ ਉੱਤਰੀ ਵਜ਼ੀਰਸਤਾਨ ‘ਚ ਸ਼ਵਾਲ ਖੇਤਰ ‘ਚ ਹਵਾਈ ਹਮਲੇ ਕੀਤੇ ਗਏ। ਸੁਰੱਖਿਆ ਸੂਤਰਾਂ ਅਨੁਸਾਰ ਅੱਜ ਤੜਕਸਾਰ ਕੀਤੇ ਗਏ ਇਨ੍ਹਾਂ ਹਮਲਿਆਂ ‘ਚ 21 ਉਜ਼ਬੇਕ ਅੱਤਵਾਦੀ ਮਾਰੇ ਗਏ ਹਨ। ਇਕ ਹੋਰ ਸਰਕਾਰੀ ਅਧਿਕਾਰੀ ਅਨੁਸਾਰ ਜੈੱਟ ਜਹਾਜ਼ਾਂ ਨੇ 3 ਅੱਤਵਾਦੀ ਟਿਕਾਣਿਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ 21 ਅੱਤਵਾਦੀ ਮਾਰ ਦਿੱਤੇ ਹਨ। ਨਵਾਜ਼ ਸ਼ਰੀਫ ਨੇ ਗੱਲਬਾਤ ਰਾਹੀਂ ਸਮੱਸਿਆ ਦਾ ਹੱਲ ਕਰਨ ਦੇ ਬੜੇ ਯਤਨ ਕੀਤੇ ਪ੍ਰੰਤੂ ਗੋਲੀਬੰਦੀ ਦੀ ਉਲੰਘਣਾ ਤੋਂ ਬਾਅਦ ਇਨ੍ਹਾਂ ਵਿਰੁੱਧ ਫ਼ੌਜੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


