May 25, 2026 5:48 pm

‘ਆਪ’ ਪੰਜਾਬ ਦੇ ਨਵ ਨਿਯੁਕਤ ਇੰਚਾਰਜ ਜਰਨੈਲ ਸਿੰਘ ਨੂੰ ਬਿਨ ਮੰਗੀ ਸਲਾਹ

ਮੈਂ ਆਮ ਆਦਮੀ ਪਾਰਟੀ ਦਾ ਹੁਣ ਮੈਂਬਰ ਨਹੀਂ, ਨਾ ਹੀ ਕਿਸੇ ਹੋਰ ਪਾਰਟੀ ਵਿਚ ਹਾਂ। ਫਰੀ ਲਾਂਸਰ ਲੇਖਕ ਹੋਣ ਸਦਕਾ ਜ਼ਰੂਰ ਆਪਣੇ ਸਿਆਸੀ ਵਿਚਾਰ ਰੱਖਦਾ ਹਾਂ, ਕਿਉਕਿ ਸਾਡੇ ਮੁਲਕ ‘ਚ ਸਿਆਸਤ ਨੇ ਸਾਰੇ ਸੰਵਿਧਾਨਕ ਆਦਾਰੇ ਨਿਗਲ ਲਏ ਹਨ। ਸਿਆਸਤ ਤੋਂ ਨਿਰਲੇਪ ਹੋ ਭਾਰਤ ਵਿਚ ਗੁਜ਼ਾਰਾ ਨਹੀਂ।
ਪਿਛਲੇ ਇਤਿਹਾਸ ਵਿਚ ਜਿਆਦਾ ਡੂੰਘਾ ਨਾ ਜਾਂਦੇ ਹੋਏ ਸਭ ਤੋਂ ਪਹਿਲਾ ਸ ਜਰਨੈਲ ਸਿੰਘ ਐਮ ਐਲ ਏ ਤਿਲਕ ਨਗਰ ਨਵੀਂ ਦਿੱਲੀ ਤੇ ਇੰਚਾਰਜ ਆਮ ਆਦਮੀ ਪਾਰਟੀ ਪੰਜਾਬ ਨੂੰ ਜੀ ਆਇਆ ਆਖਦਾ ਹਾਂ ਅਤੇ ਉਨ੍ਹਾਂ ਦੇ ਇਸ ਮਿਸ਼ਨ ‘ਚ ਕਾਮਯਾਬੀ ਲਈ ਸ਼ੁਭ ਕਾਮਨਾਵਾਂ ਭੇਟ ਕਰਦਾ ਹਾਂ। ਇਹ ਸ਼ਬਦ ਰਸਮੀ ਤੇ ਅਦਬੀ ਹਨ, ਚਮਚੀ ਜਾਂ ਜੀ ਹਜੂਰੀ ਨਾ ਸਮਝੇ ਜਾਣ। ਜਰਨੈਲ ਸਿੰਘ ਦੇ ਚੇਹਰੇ ਤੇ ਮਸੂਮੀਅਤ, ਸਾਦੇਪਣ ਦੀ ਕਨਸੋਅ, ਨੂਰ ਅਤੇ ਆਤਮ ਵਿਸ਼ਵਾਸ਼ ਦੀ ਝਲਕ ਸਦਕਾ ਕੁਝ ਆਸ ਦੀ ਕਿਰਨ ਦਿਖਾਈ ਦਿੰਦੀ ਐ। ਚੇਹਰੇ ਅਕਸਰ ਲੋਕਾਂ ਦੇ ਕਿਰਦਾਰ ਦਾ ਸ਼ੀਸ਼ਾ ਮੰਨੇ ਜਾਂਦੇ ਹਨ। ਸਿਆਸੀ ਲੋਕਾਂ ਦੇ ਕੇਸ ‘ਚ ਇਹ ਮਿਰਗ ਤ੍ਰਿਸ਼ਨਾ ਵੀ ਹੋ ਨਿੱਬੜਦੀ ਐ। ਮੈਂ ਆਸ ਕਰਦਾ ਹਾਂ ਕਿ ਜਰਨੈਲ ਸਿੰਘ ਗੁਰੂ ਦਾ ਸਿੱਖ ਹੋਣ ਦੇ ਨਾਤੇ ਪਹਿਲੀ ਗੱਲ ਸੱਚੀ ਸਾਬਤ ਹੋਵੇ!
ਪੰਜਾਬ ਵਿੱਚ 2014 ‘ਚ ਆਮ ਆਦਮੀ ਪਾਰਟੀ ਦਾ ਹੜ ਆਇਆ ਸੀ ਪਰ ਆਮ ਆਦਮੀ ਪਾਰਟੀ ਨੂੰ ਉਦੋਂ ਪਤਾ ਲਗਿਆ ਜਦੋਂ ਹੜ ਆ ਕੇ ਚਲਾ ਗਿਆ। ਸਾਰੇ ਪਾਸੇ ਬਹੁਤ ਕੁਝ ਹੜ ਗਿਆ। ਫੇਰ 2017 ਦੀ ਚੋਣ ਤੋ ਪਹਿਲਾ ਹੜ ਦੀ ਬਜਾਏ ਸੁਨਾਮੀ ਦੀ ਲਹਿਰ ਆਈ ਜਿਸ ਦਾ ਸਿਖਰ ਮਾਘੀ ਮੇਲੇ ਦੀ ਮੁਕਤਸਰ ਰੈਲੀ ਸੀ। ਦੁਨੀਆ ਭਰ ਦੇ ਮੀਡੀਆ ਨੇ ਖਬਰਾਂ ਦਿੱਤੀਆਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 2017 ‘ਚ ਘਟੋ ਘੱਟ 110 ਸੀਟਾਂ ਨਾਲ ਬਣੂੰ।।ਹੁਣ ਸ਼ੇਖ ਚਿੱਲੀ ਵਾਂਗ ਸਰਕਾਰ ਤਾਂ ਬਣੂੰਗੀ। ਅਗਲਾ ਕੰਮ ਇਹ ਹੋ ਗਿਆ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਕੌਣ ਤੇ ਮੰਤਰੀ ਕੌਣ ਤੇ ਐਮ ਐਲ ਏ ਕੌਣ ਬਣੂੰ।।ਸੁਨਾਮੀ ਵਿਚ ਹੀ ਤਬਾਹੀ ਦੇ ਬੀਜ ਬੀਜੇ ਗਏ। ਜਿੰਨੇ ਹਲਕੇ ਉਸ ਤੋ ਵੀਹ ਗੁਣਾ ਉਮੀਦਵਾਰ ਤੇ ਗਰੁੱਪ ਧੜੇ ਬਣਗੇ। ਜਿਵੇਂ ਬਾਹਾਰ ‘ਚ ਆਈ ਕੁੱਤੀ ਮਗਰ ਦਸ ਦਸ ਕੁੱਤੇ ਫਿਰਦੇ ਹੁੰਦੇ ਨੇ, ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਮਗਰ ਇੰਝ ਲਾਰਾਂ ਲੱਗ ਗਈਆਂ।
ਦੋਵਾਂ ਦੇ ਦੋ-ਦੋ ਵਿਸ਼ਵਾਸ਼ ਪਾਤਰ ਦਲਾਲ ਬਣਗੇ, ਜੋਂ ਉਨ੍ਹਾਂ ਨਾਲ ਮੀਟਿੰਗ, ਅਹੁਦੇ ਤੇ ਟਿਕਟ ਦੀ ਗਲ ਤੈਹ ਕਰਵਾਉਂਦੇ।। ਇਹ ਵੀ ਦੱਸਦੇ ਕਿ ਕਿਸ ਬੰਦੇ ਨੂੰ ਕਿਉ ਟਿਕਟ ਨਾ ਦਿੱਤੀ ਜਾਵੇ।। ਉਨ੍ਹਾਂ ਨੇ ਕੁਝ ਚੰਗੇ ਸਾਫ ਅਕਸ ਕਿਰਦਾਰ ਤੇ ਛਵੀ ਵਾਲੇ ਬੰਦੇ ਇਸ ਕਰਕੇ ਕਟਵਾਏ ਕਿ ਜੇ ਉਹ ਜਿਤਗੇ ਤਾਂ ਵਜ਼ੀਰ ਨਹੀਂ ਬਣ ਸਕਣਗੇ।। ਸਿਆਸਤ ‘ਚ ਲੋਕ ਬਹੁਤ ਦੂਰ ਦੀ ਠਿੱਬੀ ਲਾਉਂਦੇ ਨੇ, ਉਹਨ੍ਹਾਂ ਦੀ ਆਪਣੀ ਉਕਾਤ ਤੇ ਕਿਰਦਾਰ ਪਿੰਡ ‘ਚ ਪੰਚ ਤੇ ਸ਼ਹਿਰ ਵਿਚ ਕੌਂਸਲਰ ਬਣਨ ਦੀ ਨਹੀਂ ਸੀ, ਨਾਲੇ ਦਲਾਲ ਦੀ ਯੋਗਤਾ ਸਿਰਫ ਵਫਾਦਾਰੀ ਹੁੰਦੀ ਐ ਉਥੇ ਹੋਰ ਕੋਈ ਯੋਗਤਾ ਮਾਅਨੇ ਨਹੀਂ ਰੱਖਦੀ। ਫੇਰ ਲੋਕਾਂ ਤੋਂ ਬੇਤਹਾਸ਼ਾ ਖਰਚ ਕਰਵਾਇਆ। ਯਾਰੀ ਰਾਂਝੇ ਨਾਲ ਤੇ ਡੋਲੀ ਖੇੜੇ ਨਾਲ ਵਾਲੀ ਗੱਲ ਵੀ ਹੋਈ ਜਿਸ ਕਰਕੇ ਰਾਂਝੇ ਚੂਚਕ ਨੂੰ ਤੇ ਕੈਦੋਂ ਨੂੰ ਗਾਲ਼ਾਂ ਕਢਦੇ ਰਹੇ, ਪੈਸੇ ਮੁੜਵਾਉਨ ਲਈ ਵਾਹ ਦੁਹਾਈ ਪਾਉਂਦੇ ਰਹੇ। ਸਰੀਰਕ ਸ਼ੋਸ਼ਣ ਦੇ ਇਲਜਾਮ ਤੱਕ ਵੀ ਲੱਗੇ। ਸੱਚ-ਝੂਠ ਤਾਂ ਰੱਬ ਹੀ ਜਾਣਦਾ ਏ ਪਰ ਅੱਗ ਬਿਨਾ ਧੂੰਆਂ ਨਹੀਂ ਨਿਕਲਦਾ। ਮੁੱਖ ਮੰਤਰੀ ਦੀ ਖੇਡ ਦੇ ਸਿਲਸਲੇ ਚ ਸਭ ਤੋਂ ਪਹਿਲਾ ਸੁੱਚਾ ਸਿੰਘ ਛੋਟੇਪੁਰ ਸ਼ਹੀਦ ਕੀਤਾ ਗਿਆ। ਧਰਮਵੀਰ ਗਾਂਧੀ ਤੇ ਖਾਲਸਾ ਪਾਰਟੀ ਚੋ ਮੁਅੱਤਲ ਕਰਤੇ। ਛੋਟੇਪੁਰ ਬਿਲਕੁਲ ਗੈਰ ਰਸਮੀ ਢੰਗ ਨਾਲ ਬੇਆਬਰੂ ਕਰਕੇ ਟਿਕਾਣੇ ਲਾਤੇ। ਸ. ਨਵਜੋਤ ਸਿੰਘ ਸਿੱਧੂ ਤੇ ਸ. ਪ੍ਰਗਟ ਸਿੰਘ ਹੁਰਾਂ ਨੂੰ ਦਰਵਾਜੇ ਅੰਦਰ ਹੀ ਨਹੀਂ ਵੜਨ ਦਿੱਤਾ। ਗੱਲ ਇਹ ਹੋਗੀ;
ਗਲੀਆ ਹੋਵਣ ਸੁੰਨੀਆ,
ਵਿੱਚ ਮਿਰਜਾ ਯਾਰ ਫਿਰੇ।।
ਪਾਰਟੀ ਨੇ ਪੰਜਾਬ ਦੇ ਬੰਦਿਆ ਦੀ ਬੁੱਕਤ ਬਿਲਕੁਲ ਜ਼ੀਰੋ ਕਰਤੀ ਬਲਕਿ ਮੈਨਸ ਜ਼ੀਰੋ, ਭਾਵ ਜਿਹਦੀ ਸਿਫਾਰਸ਼ ਜਾ ਕੋਇ ਕਿਸੇ ਨੇਤਾ ਨਾਲ਼ ਕੋਈ ਨੇੜਤਾ ਝਲਕੀ ਉਹ ਬਲੈਕ ਲਿਸਟ ਕਰਤਾ।।ਇਹ ਨਾਅਰਾ ਕਿ ‘ਆਪ’ ਦਾ ਕੁੱਤਾ ਵੀ ਪੰਜਾਬ ‘ਚੋਂ ਜਿਤੁ। ਫੇਰ ਕੁੱਤੇ, ਬਿੱਲੇ, ਗਧੇ ਘੋੜੇ , ਲੂੰਬੜ, ਕਾਂ, ਤੋਤੇ ਤੇ ਚਮਚੇ ਲੱਭਣੇ ਸ਼ੁਰੂ ਕਰਤੇ। ਸਿਆਸਤ ‘ਚ ਯੋਗਤਾ ਨਾਲੋ ਲੀਡਰ ਲਈ ਨਿੱਜੀ ਯੋਗਤਾ ਸਭ ਤੋਂ ਵੱਡੀ ਯੋਗਤਾ ਹੁੰਦੀ ਐ।
ਚੋਣਾਂ ਆ ਗਈਆਂ ਚੋਣਾਂ ਚ ਟਿਕਟਾਂ ਪਿੱਛੇ ਜੋਂ ਕਾਟੋ ਕਲੇਸ਼ ਹੋਇਆ ਉਹ ਕਿਸੇ ਨੂੰ ਭੁਲਾ ਨਹੀਂ। ਚੋਣਾਂ ਚ ਲੋਕ ‘ਆਪ’ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਸੀ ਪਰ ਮਰਦਾ ਕੀ ਨਹੀਂ ਕਰਦਾ। ਕਾਂਗਰਸ ਨੇ ਪ੍ਰਸ਼ਾਂਤ ਭੂਸ਼ਣ ਨੂੰ ਸਿਆਸੀ ਸਲਾਹਕਾਰ ਬਣਾ ਕੇ ਆਪ ਦੇ ਏਜੰਡੇ ਅਗਵਾਹ ਕਰ ਲਏ।
ਗਲੀ ਗਲੀ ਵਣਜਾਰੇ ਫਿਰਗੇ,
ਇੱਕ ਹੱਥ ਗੁਟਕੇ ਦੂਜੇ ਹੱਥ ਮਸ਼ਾਲਾ।।
ਝੂਠੇ ਵਾਅਦੇ ਝੂਠੇ ਲਾਰੇ ਰੋੜਤੇ ਸਾਰੇ,
ਗਲੀ ਵਿੱਚ ਪਾਈਆਂ ਖੂਬ ਧਮਾਲਾਂ।
ਬਾਦਲ ਦਲ ਤੇ ਭਾਜਪਾ ਮੰਨ ਚੁੱਕੀ ਸੀ ਕਿ ਸਤਾ ਉਹਨਾਂ ਹੱਥੋਂ ਗਈ। ਉਹ ਕਿਸੇ ਵੀ ਕੌਲ ‘ਆਪ’ ਨੂੰ ਸਰਕਾਰ ਬਣਨ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਸੀ ਭਾਵੇਂ ਕਾਂਗਰਸ ਆ ਜਾਵੇ। ਇਹੋ ਕੁਝ ਭਾਜਪਾ ਦੀ ਨੀਤੀ ਦਾ ਹਿੱਸਾ ਸੀ। ਫੇਰ ਖੁਫੀਆ ਏਜੰਸੀਆਂ ਨੇ ਮੋਗਾ ‘ਚ ਕੇਜਰੀਵਾਲ ਦਾ ਵਾਇਆ ਇੰਗਲੈਂਡ, ਅਖੌਤੀ ਖਾੜਕੂ ਦੀ ਖਾਲੀ ਕੋਠੀ ‘ਚ ਇੱਕ ਰਾਤ ਟਿਕਾਣਾ ਕਰਕੇ ਕੇਜਰੀਵਾਲ ਦੇ ਮੂੰਹ ‘ਤੇ ਖਾੜਕੁਵਾਦ ਦਾ ਲੈਵਲ ਲਾਤਾ। ਹਿੰਦੂ ਐਨੇ ਡਰਾਏ ਕਿ ਉਹ ਭੁੱਲ ਗਏ ਕਿ ਕੇਜਰੀਵਾਲ ਬਾਣੀਆ ਹੈ। ਹਿੰਦੂ ਕਿਸਾਨ ਦਲਿਤ, ਵਾਪਰੀ ਰਾਤੋ-ਰਾਤ ਪਲਟੀ ਮਾਰ ਗਏ।। ਓਧਰ ‘ਆਪ’ ਵਾਲੇ ਚੋਣ ਫੰਡ ਤੇ ਮੁੱਖ ਮੰਤਰੀ ਦੀ ਗੱਦੀ ਦੇ ਸੁਪਨਿਆਂ ਚ ਗੁਲਤਾਨ ਹੋ ਗਏ। ਨਾਅਰਾ ਮਾਰਿਆ:
ਜਿੱਤ ਸਾਡੀ ਪਕੀ ਐ।
ਐਲਾਨ ਹੋਣਾ ਬਾਕੀ ਐ।
ਪਾਰਟੀ ਵੀਹ ਸੀਟਾਂ ਲੈਕੇ ਵਿਰੋਧੀ ਧਿਰ ਬਣੀ। ਸ਼੍ਰੀ ਐਚ.ਐਸ. ਫੂਲਕਾ ਸਾਹਿਬ ਨੇ ਜਜ਼ਬਾਤੀ ਹੋ ਕੇ ਸਾਲ ਤੋਂ ਪਹਿਲਾ ਹੀ ਅਸਤੀਫਾ ਦੇ ਕੇ ਪਾਰਟੀ ਦਾ ਭੋਗ ਪਾਉਣ ਦਾ ਪਹਿਲਾ ਫ਼ਾਤੀਆ ਪੜ੍ਹਿਆ। ਸ. ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦਾ ਨੇਤਾ ਹਾਈ ਕਮਾਂਡ ਦੇ ਨਾ ਚਾਹੁੰਦੇ ਹੋਏ ਮਜਬੂਰਨ ਲੋਕ ਆਵਾਜ਼ ਕਰਕੇ ਬਣ ਗਿਆ। ਉਸ ਨੇ ਬਹੁਤ ਸ਼ਲਾਘਯੋਗ ਕੰਮ ਕਰਕੇ ਕਾਂਗਰਸ ਤੇ ਅਕਾਲੀਆਂ ਨੂੰ ਭਾਜੜਾ ਪਾਈਆਂ। ਸਿਆਸਤ ਚ ਸ਼ੌਕਣ ਦਾ ਪੁੱਤ ਅੱਗੇ ਨਿਕਲ ਜਾਏ, ਕੌਣ ਬਰਦਾਸ਼ਤ ਕਰਦੈ।
ਛੜਜੰਤਰ ਛਾੜਜੰਤਰ ਤਿਆਰ ਕੀਤੇ ਕਿ ਪਾਰਟੀ ਦਲਿਤ ਵੀਰਾਂ ਨੂੰ ਨੁਮਾਇੰਦਗੀ ਦੇਵੇ, ਇਸ ਲਈ ਖੈਹਰਾ ਅਸਤੀਫਾ ਦੇਵੇ। ਬੱਸ ਇਹ ਪਾਰਟੀ ਦੇ ਭੋਗ ਦਾ ਦੂਜਾ ਫ਼ਾਤੀਆ ਸੀ। ਇੰਝ ਹੀ ਇਕ ਕੌਰ ਕਮੇਟੀ ਬਣੀ ਜਿਸ ਦਾ ਕਨਵੀਨਰ ਮਾਸਟਰ ਬੁੱਧ ਰਾਮ ਸਿੰਘ ਬਣਿਆ। ਪੰਜਾਬ ਚ ਇੱਕ ਰਵਾਇਤ ਚਲ ਰਹੀ ਐ ਕਿ ਜੱਟ-ਸਿੱਖ ਮੁੱਖ ਮੰਤਰੀ ਬਣਦੈ, ਭਾਵੇਂ ਕੋਈ ਬੰਦਸ਼ ਜਾਂ ਕਨੂੰਨ ਨਹੀਂ ਪਰ ਰਵਾਇਤਾ ਕਈ ਵਾਰੀ ਕਨੂੰਨ ਤੋਂ ਤਕੜੀਆਂ ਹੋ ਨਿਬੜਦੀਆਂ ਨੇ। ਇਹ ਦੋਵੇਂ ਸਖਸ਼ ਵਧੀਆ ਸਿਆਣੇ ਇਨਸਾਨ ਨੇ ਪਰ ਬਣਾਉਣ ਵਾਲਿਆਂ ਦੀ ਭਾਵਨਾ ਇਸ ਪਿੱਛੇ ਹੋਰ ਸੀ। ਸਿੜੀ ਸਿਆਪਾ ਚੱਲ ਕੇ ਅਖੀਰ ਸ. ਸੁਖਪਾਲ ਸਿੰਘ ਖੈਹਰਾ ਨੂੰ ਬਦਲ ਕੇ ਸ. ਹਰਪਾਲ ਸਿੰਘ ਚੀਮਾ ਐਮ ਐਲ ਏ ਦਿੜਬਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਤਾ ਤੇ ਪਾਰਟੀ ‘ਚ ਫੁੱਟ ਪੈ ਗਈ। ਖੈਹਰਾ ਨਾਲ ਸਤ ਦੂਜੇ ਪਾਸੇ ਤੇਰਾਂ।। ਫੂਲਕਾ ਸਾਹਿਬ ਵਿਧਾਨ ਸਭਾ ਦੀ ਮੈਂਬਰੀ ਅਤੇ ਪਾਰਟੀ ‘ਚੋਂ ਅਸਤੀਫਾ ਦੇ ਗਏ। ਸਿਆਣੇ ਅਣਖੀ ਤੇ ਪੁਰਾਣੇ ਬਹੁਤ ਸਾਰੇ ਗੰਭੀਰ ਮੈਂਬਰ ਜਾਂ ਤਾਂ ਪਾਰਟੀ ਛੱਡ ਗਏ ਜਾਂ ਘਰ ਬੈਠ ਗਏ। ਮੌਕਾਪ੍ਰਸਤ ਵਕਤ ਖੁੰਝ ਜਾਣ ਕਰਨ ਦੌੜ ਗਏ। ਅਜੇ ਵੀ ਕੁਝ ਸਿਆਸੀ ਕੈਰੀਅਰ ਬਣਾਉਣ ਵਾਲੇ ਲੋਕ ਖੜ੍ਹੇ ਨੇ।।ਕੁਝ ਐਮ ਐਲ ਏ ਦੂਜਿਆਂ ਪਾਰਟੀਆਂ ‘ਚ ਜਾਣ ਦੀ ਤਾਕ ਸੀ ਜੋ ਹੁਣ ਇੱਕ ਵਾਰ ਟਿਕੇ ਹੋਏ ਨੇ, ਜੋ ਤੇਲ ਦੇਖੋ ਤੇਲ ਦੀ ਧਾਰ ਦੇਖੋ ਨੀਤੀ ਦੇਖ ਰਹੇ ਨੇ।।ਪਾਰਟੀ ਨੇ ਬਹੁਤ ਗਲਤੀਆਂ ਕੀਤੀਆਂ, ਅਜੇ ਵੀ ਹਲਕੇ ਭਾਰ ਦੇ ਬੰਦੇ ਪਾਰਟੀ ਦੀ ਪੰਜਾਬ ਕੌਰ ਕਮੇਟੀ ਚ ਵੜੇ ਹੋਏ ਨੇ। ਦੁਰਗੇਸ਼ ਪਾਠਕ ਤੇ ਸੰਜੈ ਸਿੰਘ ਦੇ ਗਰੁੱਪ ਅੱਜ ਵੀ ਪਾਰਟੀ ‘ਚ ਜਿਉਂ ਦੇ ਤਿਉਂ ਬਣੇ ਹੋਏ ਨੇ। ਭਗਵੰਤ ਸਿੰਘ ਮਾਨ ਕਿਸੇ ਨੂੰ ਵੀ ਆਪਣੇ ਤੋਂ ਅੱਗੇ ਨਾ ਲੰਘਣ ਦੀ ਸੌਂਹ ਖਾਈ ਬੈਠਾ ਹੈ। ਉਸ ਦਾ ਮਿਸ਼ਨ,“ਜਾਂ ਮੈਂ ਜਾਂ ਕੋਈ ਨਹੀਂ” ਹੈ। ਸਿਆਸਤ ‘ਚ ਸਮਝੌਤੇ ਹਰ ਮੋੜ ‘ਤੇ ਕਰਨੇ ਪੈਂਦੇ ਨੇ। ਨਾ ਕਰਨ ਵਾਲੇ ਪੱਛੜ ਜਾਂਦੇ ਨੇ।।ਪਾਰਲੀਮੈਂਟ ਚੋਣਾਂ ਫੁੱਟ ‘ਚ ਹੀ ਲੜੀਆਂ! ਸਿਰਫ ਇੱਕ ਸੀਟ ਆਈ। ਸੁਖਪਾਲ ਸਿੰਘ ਖੈਹਰਾ ਨੇ ਲੋਕ ਸਭਾ ਦੀ ਚੋਣ ਬਠਿੰਡਾ ਤੋ ਲੜ ਕੇ ਆਪਣੀ ਸਾਖ ਨੂੰ ਧੱਕਾ ਲਾਇਆ। ਦੂਜਾ ਅਸਤੀਫਾ ਦੇਕੇ ਵੀ ਨਹੀਂ ਦਿੱਤਾ। ਉਸ ਕੋਲੋ ਇਹ ਆਸ ਨਹੀਂ ਸੀ ਰੱਖੀ ਜਾਂਦੀ। ਦਿੱਲੀ ਵਿਧਾਨ ਸਭਾ ਜਿੱਤਣ ਨਾਲ ਤੇ ਪੰਜਾਬ ‘ਚ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਅਤਿ ਮਾੜੀ ਹੋਣ ਕਾਰਨ ਅਕਾਲੀ ਦਲ ‘ਚ ਫੁੱਟ ਸਦਕਾ ‘ਆਪ’ ਵੱਲ ਪੰਜਾਬ ਦੇ ਲੋਕ ਮੁੜ ਫੇਰ ਕੁੱਝ ਆਸ਼ਾਵਾਦੀ ਹੋਏ ਨੇ। ਹੁਣ ਪੰਜਾਬ ਚ ਡੁੱਲੇ ਬੇਰਾਂ ਨੂੰ ਇਕੱਠੇ ਕਰਕੇ ਚੁਗਣ ਦਾ ਕੰਮ ਦਿੱਲੀ ਦੇ ਤਿਲਕ ਨਗਰ ਤੋਂ ਦੂਜੀ ਵਾਰ ਚੁਣੇ ਗਏ, ਐਮ ਐਲ ਏ ਸ. ਜਰਨੈਲ ਸਿੰਘ ਦੇ ਹਿੱਸੇ ਲੱਗਿਆ ਹੈ। ਇਹ ਕੰਮ ਸੂਲਾਂ ਦੀ ਸੇਜ ਐ।।ਹੁਣ ਸ ਜਰਨੈਲ ਸਿੰਘ ਕੀ ਕਰਨ, ਤੇ ਕਿਵੇਂ ਕਰਨ, ਇਹ ਵੱਡਾ ਮਸਲਾ ਐ। ਕੁਝ ਸੁਝਾਅ ਤੇ ਦਲੀਲਾਂ ਬਿਨਾ ਮੰਗੇ ਦੇ ਰਹੇ ਆ। ਫਰੀ ਲਾਂਸਰ ਪੱਤਰਕਾਰ ਹੋਣ ਦੇ ਨਾਤੇ ਆਪਣਾ ਫਰਜ ਸਮਝ ਕੇ ਕੋਈ ਮੰਨੇ ਨਾ ਮੰਨੇ ਇਸ ਗੱਲ ਦਾ ਬੋਝ ਨਹੀਂ। ਸੁਝਾਅ ਇਸ ਤਰ੍ਹਾਂ ਹਨ:-
1. ਸਭ ਤੋਂ ਪਹਿਲਾ ਰੁੱਸੇ ਹੋਏ ਐਮ ਐਲ ਏਜ਼ ਨੂੰ ਮਿਲਕੇ ਮੁੱਖਧਾਰਾ ‘ਚ ਲਿਓਣ।
2. ਫੇਰ ਸ਼੍ਰੀ ਗਾਂਧੀ, ਸ਼੍ਰੀ ਛੋਟੇਪੁਰ ਤੇ ਸ. ਨਵਜੋਤ ਸਿੰਘ ਸਿੱਧੂ ਤੱਕ ਵੀ ਸੰਪਰਕ ਕਰਨ।
3. ਪੰਜਾਬ ਨੂੰ ‘ਆਪ’ ਦੇ ਇੱਕ ਸਾਫ ਸ਼ਵੀ ਵਾਲੇ ਦਮਦਾਰ ਮੁੱਖ ਮੰਤਰੀ ਦੇ ਚੇਹਰੇ ਦੀ ਲੋੜ ਐ।। ਉਹ ਅੱਜ ਦੀ ਘੜੀ ਨਵਜੋਤ ਸਿੰਘ ਸਿੱਧੂ ਹੀ ਹੋ ਸਕਦਾ ਐ, ਜਿਸ ਨੂੰ ਪੰਜਾਬ ਦੇ ਲੋਕ ਪਰਖਣ ਦੀ ਸੋਚਦੇ ਨੇ।
4. ਭਗਵੰਤ ਸਿੰਘ ਮਾਨ ਪਾਰਲੀਮੈਂਟ ਚ ਬਹੁਤ ਵਧੀਆ ਰੋਲ ਨਿਭਾ ਰਿਹਾ ਐ। ਉਥੇ ਇੱਕ ਵਾਰ ਹੋਰ ਤਜਰਬਾ ਹਾਸਲ ਕਰੇ, ਸਟਾਰ ਪ੍ਰਚਾਰਕ ਰਹੇ।
5. ਕੁਝ ਅਜਿਹੀਆਂ ਸਤਿਕਾਰਤ ਸ਼ਖਸੀਅਤਾਂ ਜਿਹਨਾਂ ਵਿੱਚ ਪ੍ਰੋ ਐੱਸ ਐੱਸ ਜੌਹਲ ਚਾਂਸਲਰ ਕੇਂਦਰੀ ਯੂਨੀਵਰਸਿਟੀ, ਸ ਸਵਰਨ ਸਿੰਘ ਬੋਪਰਾਏ ਸਾਬਕਾ 91S V3 ,s Ramesh inder Singh ਸਾਬਕਾ ਚੀਫ਼ ਸਕੱਤਰ, ਸਾਬਕਾ ਐਕਟਿੰਗ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ ਜਸਟਿਸ ਜਸਬੀਰ ਸਿੰਘ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ , ਸ੍ਰੀ ਹਰੀਸ਼ ਅਰੋੜਾ ਐਡਵੋਕੇਟ, ਡਾ. ਪਿਆਰੇ ਲਾਲ ਗਰਗ, ਸ. ਬਲਬੀਰ ਸਿੰਘ ਰਾਜੇਵਾਲ ਕਿਸਾਨ ਆਗੂ ਆਦਿ, ਕੋਲੋ ਨਿੱਜੀ ਮਿਲਣੀ ਕਰਕੇ ਪੰਜਾਬ ਵਾਰੇ ਜਾਣਕਾਰੀ ਲੈਣ ਤੇ ਨਾਲ ਚੱਲਣ ਦੀ ਬੇਨਤੀ ਵੀ ਕਰਨ। ਇਹ ਸਾਰੇ ਪੰਜਾਬ ਦੇ ਨਿਰਪਖ ਤੇ ਸਤਕਾਰਤ ਚੇਹਰੇ ਹਨ।
6. ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਇੱਕਲਾ ਵਰਕਰਾਂ ਦੇ ਵਿਚਾਰ ਸੁਣੇ। ਜਾਣ। ਉਲਾਂਭੇ, ਮੇਹਣੇ, ਤਾਅਨੇ ਸੁਣ ਕੇ ਧੀਰਜ ਨਾਲ ਉਨ੍ਹਾਂ ਦਾ ਧੀਰਜ ਬੰਨ੍ਹਿਆਂ।ਜਾਵੇ ਫੇਰ ਪੰਜਾਬ ਦਾ ਜਥੇਬੰਦਕ ਢਾਂਚਾ ਕਾਇਮ ਕੀਤਾ ਜਾਵੇ। ਇਹ ਸ. ਜਰਨੈਲ ਸਿੰਘ ਦਾ ਆਖਰੀ ਇਮਤਿਹਾਨ ਹੋਏਗਾ ਜਿਸ ਤੋ ਫੈਸਲਿਆਂ ਵਿਚ ਪਾਰਦਰਸ਼ਤਾ ਨਿਰਪੱਖਤਾ ਅਤੇ ਗੁਣਵੱਤਾ ਦੀ ਝਲਕ ਹੋਵੇ। ਪੰਜਾਬ ਦੇ ਲੋਕ ਦੋਵੇ ਅਖੌਤੀ ਪਾਰਟੀਆਂ ਤੋ ਬੁਰੀ ਤਰ੍ਹਾਂ ਤੰਗ ਪ੍ਰੇਸ਼ਾਨ ਨੇ, ਪਰ ਆਮ ਆਦਮੀ ਪਾਰਟੀ ਦੀਆਂ ਮੁਰਖਤਾਈਆ ਤੋਂ ਗੁੱਸੇ ਤੇ ਨਰਾਜ਼ ਨੇ, ਨਫਰਤ ਨਹੀਂ ਕਰਦੇ । ਦਿੱਲੀ ਦੇ ਕਾਰਨਾਮਿਆਂ ਅਤੇ ਵਿਕਾਸ ਨੂੰ ਮੰਨਦੇ ਹਨ। ਹੁਣ ਦੇਖਣਾ ਇਹ ਕਿ ਪਾਰਟੀ ਦੀ ਕਮਾਨ ਕਿਸ ਹੱਥ ਤੇ ਮੁੱਖ ਮੰਤਰੀ ਦਾ ਚੇਹਰਾ ਕੌਣ ਹੋਵੇਗਾ, ਇਹ ਪੱਖ ਸਭ ਤੋਂ ਵੱਧ ਮਹੱਤਤਾ ਰਖਦੇ ਨੇ।।ਪਿਛਲੀਆਂ ਗਲਤੀਆਂ ਤੋਂ ਸਬਕ ਸਿਖਣਾ ਬਹੁਤ ਜਰੂਰੀ ਐ।
7. ਪੰਜਾਬ ਦੀ ਸਿੱਖ ਮਾਨਸਿਕਤਾ ਨੂੰ ਸਮਝਣ ਲਈ ਐੱਸ ਜੀ ਪੀ ਸੀ ਦੇ ਮਾਮਲਿਆਂ ਚ ਦਿਲਚਸਪੀ ਰੱਖਣੀ ਤੇ ਵਕਤ ਵਾ ਵਕਤ ਇੱਕ ਢੁਕਵੀਂ ਨੀਤੀ ਤੈਹ ਕਰਨੀ ਪਵੇਗੀ।
8. ਪੰਜਾਬ ਦੀਆਂ ਕੇਂਦਰ ਨਾਲ ਮੰਗਾਂ ਤੇ ਸਿੱਖ ਮੰਗਾਂ ਵਾਰੇ ਤੇ ਹਰਿਆਣਾ ਨਾਲ ਲੱਗਦੇ ਪਾਣੀ ਅਤੇ ਇਲਾਕਿਆਂ ਦੇ ਮਸਲਿਆਂ ‘ਤੇ ਵਕਤੀ ਸੂਝ ਨਾਲ਼ ਚੱਲਣਾ ਪਊ।
9. ਪਾਰਟੀ ‘ਚ ਮੁੜ ਰੋਹ ਭਰਨਾ ਤੇ ਪੰਜਾਬ ਲਈ ਇੱਕ ਰੋਡ ਮੈਪ ਤਿਆਰ ਕਰਕੇ ਪੇਸ਼ ਕਰਨਾ ਪਊ।
10. ਪੰਜਾਬ ਵਿੱਚੋਂ ਘਟੋ-ਘਟ ਪੰਜ ਸਤ ਬੰਦੇ ਵਿਸਵਾਸਯੋਗ ਲਭਣੇ ਪੈਣਗੇ ਜੋਂ ਵਿਸ਼ਵਾਸਯੋਗ ਹੋਣ ‘ਤੇ ਉਹਨਾਂ ਤੇ ਇੰਚਾਰਜ ਵਿਸ਼ਵਾਸ ਕਰੇ ਜਿੱਥੋਂ ਰੋਜਾਨਾ ਵਾਪਰੀਆਂ ਘਟਨਾਵਾਂ ਦੇ ਕਾਰਨ ਅਤੇ ਅਸਰ ਦਾ ਪਤਾ ਲੱਗੇ।। ਇਹ ਵੀ ਵੇਖਣ ਵਾਲੀ ਗੱਲ ਐ ਕਿ ਸ. ਜਰਨੈਲ ਸਿੰਘ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਸ ਮਿਸ਼ਨ ਦੀ ਪੂਰਤੀ ਲਈ ਅਤੇ ਕਿੰਨੇ ਸਮੇ ਲਈ ਭੇਜਿਆ ਗਿਆ ਹੈ। ਆਪਣੇ ਪੱਤੇ ਆਪਣੀ ਹਿੱਕ ਨਾਲ ਲਾ ਕੇ ਸਭ ਨੂੰ ਸੁਣੇ, ਫੇਰ ਆਪਣੀ ਰਣਨੀਤੀ ਸ਼੍ਰੀ ਕੇਜਰੀਵਾਲ ਨਾਲ ਰਾਇ ਕਰਕੇ ਲਾਗੂ ਕਰੇ ਤਾਂ ਜੋਂ ਕੋਈ ਭੁਲੇਖਾ ਜਾਂ ਭਰਮ ਬਾਕੀ ਨਾ ਰਹੇ ਤੇ ਲੋਕਲ ਲੀਡਰ ਉਸਤੇ ਕੋਈ ਦਬਾਆ ਨਾ ਪਾ ਸਕਣ।
ਭਾਵੇਂ ਰਾਜਨੀਤਕ ਆਗੂਆਂ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੁੰਦਾ ਐ ਕਿ ਉਹ ਕਿਸੇ ਦੀ ਰਾਇ ਤੇ ਮਸ਼ਵਰਾ ਪਸੰਦ ਨਹੀਂ ਕਰਦੇ। ਉਹਨ੍ਹਾਂ ਦੇ ਕੰਨ ਲੰਮੇ ਤੇ ਅੱਖਾਂ ਛੋਟੀਆਂ ਹੁੰਦੀਆਂ ਨੇ। ਉਹ ਅੱਖਾਂ ਨਾਲ ਸੁਣਦੇ ਨੇ ਤੇ ਕੰਨਾਂ ਨਾਲ ਦੇਖਦੇ ਨੇ।।ਵਕਤ ਲੰਘ ਜਾਣ ਤੇ ਜ਼ਰੂਰ ਪਛਤਾਉਂਦੇ ਨੇ।।ਸ੍ਰੀ ਅਰਵਿੰਦ ਕੇਜਰੀਵਾਲ ਨੂੰ ਖੁੱਦ ਵੀ ਪੰਜਾਬ ਮਸਲਿਆਂ ਵਾਰੇ ਸਿੱਧੇ ਤੌਰ ‘ਤੇ ਆਪਣੇ ਤਰੀਕੇ ਰਾਹੀਂ ਘਟੋ-ਘਟ ਹਰ ਜ਼ਿਲ੍ਹੇ ‘ਚ ਚੰਗੇ ‘ਆਪ’ ਹਿਤੈਸ਼ੀ ਕੰਮ ਕਰਨ ਵਾਲੇ ਤੇ ਅਕਸ਼ ਵਾਲੇ ਬੰਦਿਆਂ ਨਾਲ ਰਾਬਤਾ ਰਖਣਾ ਪਊ।

Send this to a friend