ਉੱਤਰ ਪੂਰਬੀ ਦਿੱਲੀ ਵਿੱਚ ਹੋਇਆ ਖੌਫਨਾਕ ਕਤਲੇਆਮ ਭਾਰਤੀ ਲੋਕਤੰਤਰ ਦੇ ਚਿਹਰੇ ਉੱਪਰ ਇਕ ਹੋਰ ਬਦਨੁਮਾ ਦਾਗ ਹੈ। ਇਸ ਕਤਲੇਆਮ ਨੇ ਇਹ ਦੱਸ ਦਿੱਤਾ ਹੈ ਕਿ ਆਮ ਲੋਕ ਕਿਧਰੇ ਵੀ ਸੁਰੱਖਿਅਤ ਨਹੀਂ ਹਨ। ਅਸਲ ਵਿੱਚ ਸਰਕਾਰਾਂ ਨੇ ਆਮ ਲੋਕ ਅਪਰਾਧੀਆਂ ਦੇ ਰਹਿਮ ਉੱਪਰ ਛੱਡ ਦਿੱਤੇ ਹਨ। ਅਪਰਾਧੀਆਂ ਦੇ ਸਿਰ ਉੱਪਰ ਹੀ ਰਾਜਨੀਤੀ ਹੋ ਰਹੀ ਹੈ। ਫਿਰਕੂ ਹਿੰਸਾ ਨਾਲ ਰਾਜਨੀਤੀ ਲਈ ਰਾਹ ਕੱਢਿਆ ਜਾ ਰਿਹਾ ਹੈ। ਲੋਕਾਂ ਨੂੰ ਭੜਕਾਅ ਕੇ ਜਨਤਾ ਦਾ ਧਰੂਵੀਕਰਨ ਕਰਕੇ ਜਿੱਤ ਪੱਕੀ ਹੋ ਰਹੀ ਹੈ। ਉੱਤਰ ਪੂਰਬੀ ਦਿੱਲੀ ਦਾ ਕਤਲੇਆਮ ਕੋਈ ਸਹਿਜ ਸੁਭਾਅ ਹੋਇਆ ਟਕਰਾਅ ਨਹੀਂ ਹੈ। ਇਸ ਘਟਨਾ ਦੇ ਵੇਰਵੇ ਇਹ ਦੱਸਦੇ ਹਨ ਕਿ ਇਸ ਪਿੱਛੇ ਇਕ ਵੱਡੀ ਸਾਜਿਸ਼ ਕੰਮ ਕਰ ਰਹੀ ਸੀ। ਇਸ ਕਤਲੇਆਮ ਲਈ ਬਕਾਇਦਾ ਤਿਆਰੀਆਂ ਕੀਤੀਆਂ ਗਈਆਂ ਅਤੇ ਮਾਰੂ ਹਥਿਆਰ ਇਕੱਠੇ ਕੀਤੇ ਗਏ। ਬੇਸ਼ਕ ਹਿੰਸਾ ਦਾ ਦੌਰ ਇਕ ਵਾਰ ਰੁਕ ਗਿਆ ਹੈ ਪ੍ਰੰਤੂ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਅਜਿਹੀ ਹਿੰਸਾ ਮੁੜ ਨਹੀਂ ਭੜਕੇਗੀ। ਅਸਲ ਵਿੱਚ ਭਾਰਤ ਦੇ ਮੌਜੂਦਾ ਹਾਲਾਤ ਇਸ ਮੌੜ ‘ਤੇ ਆ ਖੜ੍ਹੇ ਹਨ ਕਿ ਅਜਿਹਾ ਕਤਲੇਆਮ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਫਿਰਕੇ ਖਿਲਾਫ ਭੜਕ ਸਕਦਾ ਹੈ। ਉੱਤਰੀ ਪੂਰਬੀ ਕਤਲੇਆਮ ਤੋਂ ਬਾਅਦ ਵੀ ਕੇਂਦਰ ਅਤੇ ਰਾਜ ਸਰਕਾਰ ਦਾ ਰਵੱਈਆ ਬਹੁਤ ਅਫਸੋਸਨਾਕ ਹੈ। ਵੱਡੇ ਨੇਤਾਵਾਂ ਵੱਲੋਂ ਹਾਲੇ ਤੱਕ ਇਸ ਕਤਲੇਆਮ ਦੀ ਨਾ ਤਾਂ ਜ਼ਿੰਮੇਵਾਰੀ ਲਈ ਗਈ ਹੈ ਤੇ ਨਾ ਹੀ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਸੂਮ ਲੋਕਾਂ ਨੂੰ ਬਿਨਾਂ ਕਿਸੇ ਕਸੂਰ ਤੋਂ ਮਾਰ ਕੇ ਰਾਜਨੀਤੀ ਕਰਨ ਵਾਲੀਆਂ ਧਿਰਾਂ ਭਾਰਤ ਦੇ ਭਵਿੱਖ ਨੂੰ ਬਰਬਾਦ ਕਰ ਰਹੀਆਂ ਹਨ। ਹਿੰਸਾ ਦਾ ਇਹ ਦੌਰ ਰੁਕੇਗਾ ਨਹੀਂ। ਇਸ ਕਤਲੇਆਮ ਦੇ ਕਤਲ ਕਰਨ ਵਜੋਂ ਹੋਰ ਹਿੰਸਾ ਹੋ ਸਕਦੀ ਹੈ। ਬੇਸ਼ਕ 1984 ਦੇ ਕਤਲੇਆਮ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਕੋਈ ਇਨਸਾਫ ਨਹੀਂ ਮਿਲਿਆ। ਇਹੋ ਜਿਹੇ ਹਾਲਾਤ ਹੀ ਹੁਣ ਹਨ। ਇਸ ਕਤਲੇਆਮ ਦੇ ਅਸਲ ਦੋਸ਼ੀਆਂ ਨੂੰ ਵੀ ਸਜ਼ਾ ਮਿਲਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਸਮੁੱਚੇ ਕਤਲੇਆਮ ਵਿੱਚ ਪੁਲਿਸ ਦੀ ਭੂਮਿਕਾ ‘ਤੇ ਵੀ ਸਵਾਲ ਉੱਠ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਕਤਲੇਆਮ ਦੀ ਨਿਰਪੱਖ ਜਾਂਚ ਦੀ ਸੰਭਾਵਨਾ ਘੱਟ ਹੈ। ਚੰਗਾ ਹੋਵੇਗਾ ਜੇਕਰ ਇਸ ਕਤਲੇਆਮ ਦੀ ਜਾਂਚ ਸੁਪਰੀਮ ਕੋਰਟ ਦੀ ਅਗਵਾਈ ਹੇਠ ਕੀਤੀ ਜਾਵੇ ਅਤੇ ਸਾਰੇ ਦੋਸ਼ੀਆਂ ਖਿਲਾਫ ਸਮਾਂਬੱਧ ਕਾਰਵਾਈ ਲਈ ਰੂਪ ਰੇਖਾ ਤਿਆਰ ਹੋਵੇ। ਜੇਕਰ ਉੱਤਰ ਪੁਰਬੀ ਦਿੱਲੀ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਮੇਂ ਸਿਰ ਸਜ਼ਾ ਨਾ ਮਿਲੀ ਤਾਂ ਉਸ ਨਾਲ ਲੋਕਾਂ ਵਿੱਚ ਨਿਰਾਸ਼ਾ ਫੈਲੇਗੀ ਅਤੇ ਪੀੜਤਾਂ ਦਾ ਇਨਸਾਫ ਉੱਪਰੋਂ ਵਿਸ਼ਵਾਸ ਖਤਮ ਹੋ ਜਾਵੇਗਾ। ਸਰਕਾਰ ਤੋਂ ਉਮੀਦ ਘੱਟ ਹੈ ਇਸ ਲਈ ਅਦਾਲਤਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਇਸ ਕਤਲੇਆਮ ਦੇ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਅਤੇ ਉਨ੍ਹਾਂ ਖਿਲਾਫ ਸੰਗੀਨ ਅਪਰਾਧਕ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਜਾਣ। ਅਦਾਲਤਾਂ ਇਨ੍ਹਾਂ ਕੇਸਾਂ ਦੀ ਸੁਣਵਾਈ ਤਿੰਨ ਮਹੀਨੇ ਦੇ ਵਿੱਚ-ਵਿੱਚ ਪੂਰੀ ਕਰੇ।
– ਬਲਜੀਤ ਸਿੰਘ ਬਰਾੜ