ਕੋਲਕਾਤਾ, 15 ਜੂਨ (ਪੀ. ਟੀ)- ਭਾਰਤੀ ਜਨਤਾ ਪਾਰਟੀ ਨੇ ਪੱਛਮੀ ਬੰਗਾਲ ‘ਚ ਤ੍ਰਿਣਮੂਲ ਕਾਂਗਰਸ ਦੇ ਸੱਤਾ ਸੰਭਾਲਣ ਤੋਂ ਬਾਅਦ ਸੂਬੇ ‘ਚ 150 ਤੋਂ ਵੱਧ ਸਿਆਸੀ ਕਤਲ ਹੋਣ ਦਾ ਦਾਅਵਾ ਕੀਤਾ ਹੈ। ਭਾਜਪਾ ਨੇ ਐਤਵਾਰ ਨੂੰ ਕਿਹਾ ਕਿ ਸੂਬੇ ‘ਚ ਰਾਜਨੀਤਕ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਭਾਜਪਾ ਉਪ ਪ੍ਰਧਾਨ ਬਲਬੀਰ ਪੁੰਜ ਦੀ ਅਗਵਾਈ ਹੇਠ ਭਾਜਪਾ ਦਾ ਇਕ ਕੇਂਦਰੀ ਦਲ ਐਤਵਾਰ ਨੂੰ ਕੋਲਕਾਤਾ ਪੁੱਜਾ ਤੇ ਪਾਰਟੀ ਵਰਕਰ ਰਹੀਮ ਸ਼ੇਖ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਬੀਰਭੂਮ ਦੇ ਇਲਮ ਬਾਜ਼ਾਰ ਲਈ ਰਵਾਨਾ ਹੋਇਆ।
ਕਥਿਤ ਰੂਪ ਨਾਲ ਤ੍ਰਿਣਮੂਲ ਦੇ ਗੁੰਡਿਆਂ ਨੇ ਸੱਤ ਜੂਨ ਨੂੰ ਰਹੀਮ ਦਾ ਕਤਲ ਕਰ ਦਿੱਤਾ ਸੀ। ਪੁੰਜ ਨੇ ਕੋਲਕਾਤਾ ਹਵਾਈ ਅੱਡੇ ਪੁੱਜਣ ‘ਤੇ ਕਿਹਾ ਕਿ ਮਮਤਾ ਬੈਨਰਜੀ ਸਰਕਾਰ ਦੇ ਸੱਤਾ ‘ਚ ਆਉਣ ‘ਤੇ ਰਾਜਨੀਤਕ ਹਿੰਸਾ ਵਧੀ ਹੈ ਤੇ ਭਾਜਪਾ ਵਰਕਰਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਦੋਂ ਤੋਂ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਈ ਹੈ, 157 ਰਾਜਨੀਤਕ ਹੱਤਿਆਵਾਂ ਹੋ ਚੁੱਕੀਆਂ ਹਨ, 35 ਰਾਜਨੀਤਕ ਵਰਕਰਾਂ ਨੂੰ ਆਤਮ-ਹੱਤਿਆ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਬੰਗਾਲ ‘ਚ 50 ਲੋਕਾਂ ਦੇ ਸਿਆਸੀ ਕਾਰਨਾਂ ਕਰਕੇ ਕਤਲ ਹੋੲਏ ਹਨ। ਇਹ ਲੋਕਤੰਤਰ ਲਈ ਧੱਬਾ ਹੈ ਤੇ ਭਾਜਪਾ ਇਸ ਨੂੰ ਹੋਰ ਬਰਦਾਸ਼ਤ ਨਹੀਂ ਕਰੇਗੀ।



