ਗੁਰਦੁਆਰਾ ਸਿੰਘ ਸਭਾ ਮਨਹਾਈਮ ਵਿਖੇ ਭਗਤ ਰਵਿਦਾਸ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਮਨਹਾਈਮ (ਜਰਮਨ)- ਭਗਤ ਰਵਿਦਾਸ ਜੀ ਦਾ 643ਵਾਂ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਪ੍ਰਬੰਧਕ ਕੇਟੀ ਵੱਲੋਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ 23 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਗਿਆ। ਇਸ ਸਮਾਗਮ ਨੂੰ ਮੁੱਖ ਰੱਖਦਿਆਂ ਗੁਰੂ ਘਰ ਦੇ ਸੇਵਾਦਾਰ ਭਾਈ ਮਲਕੀਤ ਸਿੰਘ ਦੇ ਪਰਿਵਾਰ ਵੱਲੋਂ ਬੱਚੀ ਗੁਰਸੀਰਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ 21 ਫਰਵਰੀ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਜਿਨ੍ਹਾਂ ਦੇ ਸੰਪੂਰਨ ਭੋਗ 23 ਫਰਵਰੀ ਨੂੰ ਪਾਏ ਗਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪ੍ਰੰਤ ਸਜੇ ਦੀਵਾਨ ਵਿੱਚ ਪਹਿਲਾਂ ਗੁਰੂ ਘਰ ਦੇ ਵਜੀਰ ਭਾਈ ਅਵਤਾਰ ਸਿੰਘ ਤੇ ਭਾਈ ਵਿਜੈ ਪਾਲ ਸਿੰਘ ਸਾਧਪੁਰੀ ਦੇ ਜਥੇ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਸ ਤੋਂ ਉਪ੍ਰੰਤ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਲੱਖਣ ਸਿੰਘ ਜੀ ਦੇ ਜਥੇ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਸ ਤੋਂ ਉਪ੍ਰੰਤ ਬੱਚੀ ਸਮਨਬੀਰ ਕੌਰ ਨੇ ਭਗਤ ਰਵਿਦਾਸ ਜੀ ਦੇ ਜੀਵਨ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਸ੍ਰੀ ਅਨੰਦ ਸਾਹਿਬ ਦੇ ਪਾਠ ਨਾਲ ਦੀਵਾਨ ਦੀ ਸਮਾਪਤੀ ਹੋਈ। ਦੀਵਾਨ ਦੀ ਸਮਾਪਤੀ ਤੋਂ ਉਪ੍ਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਭਾਈ ਅਵਤਾਰ ਸਿੰਘ ਜੀ ਨੇ ਸ੍ਰੀ ਹੁਕਮਨਾਵਾਂ ਸਾਹਿਬ ਸਰਵਣ ਕਰਵਾਇਆ। ਭਾਈ ਸਾਹਿਬ ਨੇ ਅਗਲੇ ਹਫਤੇ ਦੇ ਪ੍ਰੋਗਰਾਮ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਉਸ ਤੋਂ ਉਪ੍ਰੰਤ ਭਾਈ ਅਵਤਾਰ ਸਿੰਘ ਜੀ ਨੇ ਭਾਈ ਸੁਲੱਖਣ ਸਿੰਘ ਜੀ ਦੇ ਜਥੇ ਦਾ ਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਭਗਤ ਰਵਿਦਾਸ ਜੀ ਦੇ ਜਨਮ ਦਿਨ ਦੀਆਂ ਆਈਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਗੁਰੂ ਘਰ ਵਿੱਚ ਤਿੰਨੇ ਦਿਨ ਚਾਹ ਪਕੌੜੇ, ਮਠਿਆਈਆਂ ਅਤੇ ਗੁਰੂ ਕੇ ਲੰਗਰਾਂ ਦੇ ਖੁੱਲ੍ਹੇ ਭੰਡਾਰੇ ਚਲਦੇ ਰਹੇ। ਇਸ ਪ੍ਰੋਗਰਾਮ ਦੀਆਂ ਸਾਰੀਆਂ ਸੇਵਾਵਾਂ ਭਾਈ ਮਲਕੀਤ ਸਿੰਘ ਭਾਈ ਗੁਰਬਖਸ਼ ਸਿੰਘ ਸੰਧੂ ਅਤੇ ਭਾਈ ਚਰਨਜੀਤ ਸਿੰਘ ਦੇ ਪਰਿਵਾਰ ਵੱਲੋਂ ਲਈਆਂ ਗਈਆਂ ਹਨ।
– ਪੰਜਾਬ ਟਾਇਮਜ਼ ਬਿਊਰੋ

Send this to a friend