ਧਰਮਿੰਦਰ ਸਿੰਘਂ
ਸਪੰਰਕ : 97817-51690
ਸੁਰਿੰਦਰ ਕੌਰ ਦੀ ਅਵਾਜ਼ ਦੀ ਸਿਫਤ ’ਚ ਬਲਵੰਤ ਗਾਰਗੀ ਲਿੱਖਦਾ ਹੈ ਕਿ ਸੁਰਿੰਦਰ ਕੌਰ ਦੀ ਅਵਾਜ਼ ਉਸ ਬੰਸਰੀ ਵਾਂਗ ਹੈ, ਜੋ ਸਾਲਾਂ ਬੱਧੀ ਤੇਲ ਵਿੱਚ ਰਸੀ ਹੋਵੇ।ਸੁਰਿੰਦਰ ਕੌਰ ਦੇ ਇਹਨਾਂ ਗੀਤਾਂ ਨੂੰ ਸੁਣ ਕੇ ਮਖਮਲੀ ਅਵਾਜ਼ ਦਾ ਅਹਿਸਾਸ ਹੋਣਾ ਸੁਭਾਵਿਕ ਹੀ ਹੈ ਇੱਕ ਮੇਰੀ ਅੱਖ ਕਾਸ਼ਨੀ, ਲੱਠੇ ਦੀ ਚਾਦਰ, ਲੰਘ ਆਜਾ ਪੱਤਣ ਝਨਾਂ ਦਾ, ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਡਾਚੀ ਵਾਲਿਆ ਮੋੜ ਮੁਹਾਰ ਵੇ, ਲੁੱਟੀ ਹੀਰ ਵੇ ਫਕੀਰ ਦੀ, ਲੱਕ ਹਿਲੇ ਮਜਾਜਣ ਜਾਂਦੀ ਦਾ, ਧਰਤੀ ਨੂੰ ਕਲੀ ਕਰਾ ਦੇ ਨੱਚੂਗੀ ਸਾਰੀ ਰਾਤ, ਆ ਗਿਆ ਵਣਜਾਰਾ ਨੀ ਚੜ੍ਹਾਂ ਦੇ ਭਾਬੀ ਚੂੜੀਆਂ ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਗੀਤ ਹਨ ਜੋ ਅੱਜ ਵੀ ਬੱਚੇ-ਬੱਚੇ ਦੀ ਜ਼ੁਬਾਨ ਤੇ ਹਨ।
ਸੁਰਿੰਦਰ ਕੌਰ ਦਾ ਜਨਮ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਤੇ ਮਾਤਾ ਮਾਇਆ ਦੇਵੀ ਦੇ ਘਰ ਲਾਹੌਰ ਵਿੱਚ ਹੋਇਆ। ਸੁਰਿੰਦਰ ਕੌਰ ਕੌਰ ਦੀਆਂ ਚਾਰ ਭੈਣਾਂ ਪ੍ਰਕਾਸ਼ ਕੌਰ, ਨਰਿੰਦਰ ਕੌਰ, ਮਹਿੰਦਰ ਕੌਰ ਤੇ ਮਨਜੀਤ ਕੌਰ ਵੀ ਸੰਗੀਤ ਖੇਤਰ ਨਾਲ ਜੁੜੀਆਂ ਹੋਈਆਂ ਸਨ। ਸੁਰਿੰਦਰ ਕੌਰ ਦਬੁਰਜੀ ਹਾਈ ਸਕੂਲ ਲਾਹੌਰ ਤੋਂ ਸਿਰਫ ਦੱਸਵੀਂ ਹੀ ਕਰ ਸਕੀ। ਸੁਰਿੰਦਰ ਕੌਰ ਨੇ ਉਸਤਾਦ ਇਨਾਇਤ ਹੂਸੈਨ, ਨਿਆਜ਼ ਹੂਸੈਨ ਸ਼ਾਮੀ ਸਲਾਮਤ, ਉਸਤਾਦ ਅਬਦੁੱਲ ਰਹਿਮਾਨ ਖਾਂ, ਰਾਮ ਸ਼ਰਨ, ਸਤੀਸ਼ ਭਾਟੀਆ, ਕੁੱਦਨ ਲਾਲ ਘੋਸ਼, ਸੁਰਿੰਦਰ ਸੋਨੀ ਤੇ ਮਨੀ ਪ੍ਰਸ਼ਾਦਿ ਜਿਹੇ ਮੰਝੇ ਹੋਏ ਉਸਤਾਦਾਂ ਤੋਂ ਸੰਗੀਤ ਦੀ ਸਿੱਖਿਆ ਲਈ। 14 ਵਰਿਆਂ ਦੀ ਉਮਰ ਵਿੱਚ 1942 ਨੂੰ ਪਹਿਲੀ ਵਾਰ ਸੁਰਿੰਦਰ ਕੌਰ ਨੇ ਰੇਡੀਉ ਸਟੇਸ਼ਨ ਲਾਹੌਰ ਤੋਂ ਆਪਣੀ ਹਾਜ਼ਰੀ ਲੁਆਈ।
ਸੁਰਿੰਦਰ ਕੌਰ ਦੀ ਵੱਡੀ ਭੈਣ ਪ੍ਰਕਾਸ਼ ਕੌਰ ਬਹੁਤ ਅੱਛੀ ਗਾਇਕਾ ਸੀ। ਦੋਵਾਂ ਨੇ ਕੋਈ ਪੰਜ ਸੌ ਤੋ ਵੀ ਵੱਧ ਗੀਤ ਇੱਕਠਿਆਂ ਮਿਲ ਕੇ ਗਾਏ ਹਨ। ਜਿੰਨ੍ਹਾਂ ਵਿੱਚ ਸੜਕੇ-ਸੜਕੇ ਜਾਂਦੀਏ ਮੁਟਿਆਰੇ ਨੀ, ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏ, ਸੂਈ ਵੇ ਸੂਈ,
ਨੀ ਮੈਂ ਕੱਤਾਂ ਪ੍ਰੀਤਾਂ ਨਾਲ ਚਰਖਾ ਚੰਨਣ ਦਾ, ਹਾਏ ਵੇ ਨਾ ਵੱਸ ਕਾਲਿਆ ਬੱਦਲਾ, ਗੋਰੀ ਦੀਆਂ ਝਾਂਜਰਾਂ, ਨੀ ਮੈਨੂੰ ਦਿਉਰ ਦੇ ਵਿਆਹ ਦੇ ਵਿੱਚ ਨੱਚ ਲੈਣ ਦਿਉ, ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ, ਚੰਨ ਵੇ ਕਿ ਸ਼ੌਕਣ ਮੇਲੇ ਦੀ, ਬਾਜਰੇ ਦਾ ਸਿੱਟਾ ਤੇ ਹੋਰ ਵੀ ਅਨੇਕਾਂ ਗੀਤ ਜੋ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਇੱਕਠਿਆਂ ਗਾਏ।19 ਸਾਲ ਦੀ ਉਮਰ ਵਿੱਚ 29 ਜਨਵਰੀ 1948 ਨੂੰ ਸੁਰਿੰਦਰ ਕੌਰ ਦੀ ਸ਼ਾਦੀ ਪ੍ਰੋ. ਜੋਗਿੰਦਰ ਸਿੰਘ ਸੋਢੀ ਨਾਲ ਹੋ ਗਈ।
ਦੇਸ਼ ਦੀ ਵੰਡ ਤੋਂ ਬਾਅਦ ਲਾਹੌਰ ਤੋਂ ਫਿਰੋਜ਼ਪੁਰ ਆ ਕੇ ਸੁਰਿੰਦਰ ਕੌਰ ਪ੍ਰੀਵਾਰ ਸਮੇਤ ਆਪਣੇ ਭਰਾ ਕੋਲ ਰਹਿਣ ਲੱਗ ਪਈ ਤੇ ਫਿਰ ਥੋੜ੍ਹੇ ਹੀ ਸਮੇਂ ਬਾਅਦ ਬੰਬਈ ਚਲੀ ਗਈ, ਜਿੱਥੇ ਉਹ 1953 ਤੱਕ ਰਹੀ ਤੇ ਬੰਬਈ ਵਿੱਚ ਸੰਗੀਤਕਾਰ ਗੁਲਾਮ ਹੈਦਰ ਦੇ ਸੰਗੀਤ ਵਿੱਚ ਦਲੀਪ ਕੁਮਾਰ ਦੀ ‘ਸ਼ਹੀਦ’ ਫਿਲਮ ਲਈ ‘ਬਦਨਾਮ ਨਾ ਹੋ ਜਾਏ ਮੁਹੱਬਤ ਕਾ ਅਫਸਾਨਾ’ ਗੀਤ ਗਾਇਆ ਤੇ ਹੋਰ ਵੀ ਕਈ ਹਿੰਦੀ ਫਿਲਮਾਂ ਜਿਵੇਂ ਨਦੀਆਂ ਕੇ ਪਾਰ, ਲਾਲ ਦੁਪੱਟਾ, ਬਾਲੋ, ਸਤਲੁਜ ਦੇ ਕੰਡੇ, ਮੁਟਿਆਰਾਂ, ਨਾਉ, ਪਿਆਰ ਕੀ ਜੀਤ, ਦਾਦਾ, ਕਨੀਜ਼, ਰੂਪਲੇਖਾ, ਸਾਂਵਰੀਆ, ਸ਼ਿੰਗਾਰ, ਸੁਨਿਹਰੇ ਦਿਨ, ਖਾਮੋਸ਼ ਸਿਪਾਹੀ, ਰਾਜਾ ਰਾਨੀ, ਸਬਕ, ਸ਼ਾਦੀ ਕੀ ਰਾਤ, ਬੜੀ ਬਹੂ, ਬੁਜ਼ਦਿਲ, ਸ਼ਗਨ ਤੇ ਆਂਧੀਆਂ ਲਈ ਕਈ ਗੀਤ ਗਾਏ।
ਹੁਣ ਅੱਗੋਂ ਸੁਰਿੰਦਰ ਕੌਰ ਦੀਆਂ ਤਿੰਨ ਧੀਆਂ ਵਿੱਚੋਂ ਡੋਲੀ ਗੁਲੇਰੀਆਂ ਹੀ ਉਸਦੀ ਗਾਇਕੀ ਦੀ ਵਾਰਿਸ ਬਣੀ ਹੈ। ਸੁਰਿੰਦਰ ਕੌਰ ਦਾ ਸੰਨ 2004 ਵਿੱਚ ਪੰਜਾਬ ਸਰਕਾਰ ਨੇ 75000 ਰੁਪੈ ਦੀ ਰਾਸ਼ੀ ਨਾਲ ਸਨਮਾਨ ਕੀਤਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ‘ਡੀ ਲਿਟ’ ਦੀ ਡਿਗਰੀ ਪ੍ਰਦਾਨ ਕੀਤੀ।ਭਾਰਤ ਸਰਕਾਰ ਵੱਲੋਂ 2006 ਵਿੱਚ ‘ਪਦਮ ਸ਼੍ਰੀ’ ਨਾਲ ਨਵਾਜਿਆ ਗਿਆ।
ਜ਼ਿੰਦਗੀ ਦੇ ਆਖਰੀ ਸਾਲਾਂ ਵਿੱਚ ਜ਼ਿਆਦਾ ਹੀ ਬੀਮਾਰ ਰਹਿਣ ਵਾਲੀ ਸੁਰਿੰਦਰ ਕੌਰ ਆਖਰ ਸਮੇਂ ਆਪਣੀਆਂ ਦੋਵੇਂ ਧੀਆਂ ਨੰਦਨੀ ਤੇ ਪ੍ਰਮੋਦਨੀ ਕੋਲ ਨਿਊਜਰਸੀ ਵਿੱਚ ਚਲੀ ਗਈ, ਜਿੱਥੇ 15 ਜੂਨ 2006 ਨੂੰ ਉਸਨੇ ਆਪਣੇ ਆਖਰੀ ਸਾਹ ਪੂਰੇ ਕੀਤੇ ਤੇ ਉੱਥੇ ਹੀ ਉਸਦਾ ਸੰਸਕਾਰ ਕਰ ਦਿੱਤਾ ਗਿਆ।ਸੰਗੀਤ ਪ੍ਰੇਮੀਆਂ ਨੂੰ ਹਮੇਸ਼ਾਂ ਇਸ ਸੁਰੀਲੀ ਗਾਇਕਾ ਦੀ ਘਾਟ ਰੜਕਦੀ ਰਹੇਗੀ।’
‘


