ਬਰਫ਼ਾਨੀ ਬਾਬੇ ਦੇ ਮਹਿਮਾਨ

ਲੜੀ ਜੋੜਨ ਲਈ ਕੱਲ੍ਹ ਦਾ ਅੰਕ ਪੜ੍ਹੋ
ਪੈਦਲ ਹੀ ਓਧਰ ਨੂੰ ਚਾਲੇ ਪਾ ਦਿੱਤੇ , ਨਿੱਕੀ ਨਿੱਕੀ ਕਣੀ ਨਾਲ ਕੁਦਰਤ ਸਾਡੇ ਰਾਹ ਤੇ ਪਾਣੀ ਦਾ ਛਿੜਕਾ ਕਰ ਰਹੀ ਸੀ। ਹੁਣ ਤੱਕ ਭੁੱਖ ਵੀ ਥਕਾਵਟ ਵਾਗੂੰ ਹੀ ਘੇਸਲ਼ ਮਾਰੀ ਬੈਠੀ ਸੀ ਅਤੇ ਢਿੱਡ ਅੰਦਰਲੇ ਚੂਹੇ ਵੀ ਦੜ ਵੱਟੀ ਬੈਠੇ ਸਨ ਪਰ ਰੋਟੀਆਂ ਵੇਖਦਿਆਂ ਹੀ ਸਾਰੇ ਭੰਗੜਾ ਪਾਉਣ ਲੱਗੇ ਤੇ ਅਸੀਂ ਗੱਲਾਂ ਦਾ ਕੜਾਹ ਛੱਡ ਕੇ ਦਵਾ ਦੱਬ ਵੱਡੀਆਂ ਵੱਡੀਆਂ ਬੁਰਕੀਆਂ ਨਾਲ ਪਹਾੜੀ ਰੋਟੀਆਂ ਦੇ ਢੇਰ ਦਾ ਕਲਿਆਣ ਕਰਨ ਲੱਗੇ। ਜਦੋਂ ਵਾਪਸ ਟੈਂਟਾਂ ਕੋਲ ਆਏ ਤਾਂ ਮੀਹ ਦਾ ਪਾਣੀ ਟੈਂਟਾਂ ਉੱਪਰੋਂ ਲਕੀਰਾਂ ਬਣ ਬਣ ਹੇਠਾਂ ਵਹਿ ਰਿਹਾ ਸੀ ਤੇ ਟਿਪ ਟਿਪ ਦੀ ਸੰਗੀਤਕ ਆਵਾਜ਼ ਨੀਂਦ ਨੂੰ ਅਵਾਜਾਂ ਮਾਰ ਰਹੀ ਸੀ। ਕਈ ਗੱਲਾਂ ਕਰਨ ਦੂਜੇ ਟੈਂਟ ਵਿੱਚ ਚਲੇ ਗਏ ਤੇ ਕਈ ਰੇਨਕੋਟ ਪਾ ਕੇ ਸੈਰ ਦਾ ਆਨੰਦ ਲੈਣ ਲੱਗੇ ਪਰ ਮੈਂ ਓਹਨਾ ਦੇ ਵਾਪਸ ਆਉਂਦਿਆਂ ਤੱਕ ਘੁਰਾੜਿਆਂ ਦਾ ਇੱਕ ਪੂਰ ਲਾਹ ਵੀ ਚੁੱਕਿਆ ਸਾਂ। ਰਾਤ ਭਰ ਬਾਰਿਸ਼ ਹੁੰਦੀ ਰਹੀ ਪਰ ਅਸੀਂ ਬੜੇ ਹੀ ਇਤਮੀਨਾਨ ਅਤੇ ਚੈਨ ਨਾਲ ਟੈਂਟਾਂ ਅੰਦਰ ਸੁੱਤੇ ਰਹੇ। ਅੱਜ ਕਿਸੇ ਦੇ ਘੁਰਾੜੇ ਕਿਸੇ ਦੀ ਵੀ ਨੀਂਦ ਵਿੱਚ ਵਿਘਨ ਨਹੀਂ ਪਾ ਰਹੇ ਸਨ ਕਿਉਂਕਿ ਸਾਰੇ ਹੀ ਘੋੜੇ ਵੇਚ ਕੇ ਸੌਂ ਰਹੇ ਸਨ, ਉੱਪਰੋਂ ਚੀਲ ਦੇ ਦਰਖਤਾਂ ਦੀਆਂ ਟਾਹਣੀਆਂ ਸਹਿ ਸੁਭਾਕ ਹੀ ਪੱਖੇ ਝੱਲ ਰਹੀਆਂ ਸਨ ਤੇ ਦਿਓ ਕੱਦ ਦਰੱਖਤ ਸਾਡੀ ਰਾਖੀ ਤੇ ਉੱਚੇ ਲੰਮੇ ਤਾਕਤਵਰ ਸਿਪਾਹੀਆਂ ਵਾਗੂੰ ਖੜੇ ਸਨ। ਬੇਸ਼ੱਕ ਹਵਾ ਦਰਖਤਾਂ ਵਿੱਚੋਂ ਲੰਘਣ ਵੇਲੇ ਸਾਂ—-ਆਂ —ਸਾਂ—-ਆਂ—— ਦੀ ਆਵਾਜ਼ ਕੱਢ ਰਹੀ ਸੀ ਅਤੇ ਟੈਂਟਾਂ ਤੇ ਪੈ ਰਹੇ ਮੀਂਹ ਦੀ ਸਰਰ —–ਸਰਰ —ਦੀ ਤੇਜ ਅਵਾਜ ਵੀ ਸਾਡੇ ਕੰਨਾਂ ਤੇ ਚੁੰਡੀਆਂ ਵੱਢਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕੋਈ ਵੀ ਸਾਡੀ ਕੁੰਭਕਰਨੀ ਨੀਂਦ ਵਿੱਚ ਤਰੇੜ ਨਾ ਪਾ ਸਕਿਆ ਤੇ ਅਸੀਂ ਬੇਖ਼ਬਰ ਸੁੱਤੇ ਰਹੇ —ਸਵੇਰ ਦੇ ਪੰਜ ਵਜੇ ਤੱਕ। ਜੰਮੂ, ਸ਼੍ਰੀ ਨਗਰ ਨੈਸ਼ਨਲ ਹਾਈ ਵੇ ਤੇ ਜੰਮੂ ਤੋਂ ਲਗਭਗ ਬਾਰਾਂ ਕੁ ਕਿਲੋਮੀਟਰ ਦੂਰ ਪਤਨੀ ਟਾਪ ਨਾਮ ਦਾ ਪਹਾੜੀ ਸੁੰਦਰਤਾ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ,ਰਮਣੀਕ ਪਹਾੜੀ ਉਪਰ ਚੀਲ ਦੇ ਦਰਖਤਾਂ ਦੀ ਚਾਦਰ ਵਿੱਚ ਲਿਪਟਿਆ , ਦੋ ਹਜਾਰ ਚੌਵੀ ਮੀਟਰ ਦੀ ਉਚਾਈ ਤੇ ਯਾਤਰੀਆਂ ਦਾ ਸਵਾਗਤ ਕਰਦਾ ਹੈ। ਸ਼ਾਹ ਕਾਲ਼ੀ ਸੜਕ ਨੇ ਪਹਾੜੀ ਨੂੰ ਚਾਰੇ ਪਾਸਿਓਂ ਇਓਂ ਘੇਰਾ ਪਾਇਆ ਹੋਇਆ ਹੈ ਜਿਵੇਂ ਕਿ ਦੇਵਤਿਆਂ ਅਤੇ ਰਾਖਸ਼ਾਂ ਦੇ ਸਮੁੰਦਰ ਰਿੜਕਣ ਵੇਲੇ ਦੀ ਕਹਾਣੀ ਦੀ ਯਾਦ ਆ ਜਾਂਦੀ ਹੈ। ਜੇਕਰ ਸੜਕ ਦੇ ਦੋਵੇਂ ਪਾਸਿਓਂ ਗੇਟ ਬੰਦ ਕਰ ਦਿੱਤੇ ਜਾਣ ਤਾਂ ਬਾਹਰ ਤੋਂ ਆਉਣ ਜਾਣ ਦੇ ਸਾਰੇ ਰਸਤੇ ਬੰਦ ਹੋ ਜਾਂਦੇ ਨੇ ਅਤੇ ਸਿਰਫ ਪਹਾੜੀ ਪਗਡੰਡੀਆਂ ਹੀ ਸੰਪਰਕ ਦਾ ਇੱਕ ਮਾਤਰ ਸੂਤਰ ਰਹਿ ਜਾਂਦੀਆਂ ਹਨ ਜਾਂ ਫਿਰ ਬਹੁਤ ਲੰਬੇ ਰਸਤੇ ਰਹੀ ਹੀ ਆਇਆ ਜਾ ਸਕਦਾ ਹੈ। ਇਥੇ ਰਹਿਣ ਅਤੇ ਆਨੰਦ ਮਾਨਣ ਲਈ ਬਹੁਤ ਸਾਡੇ ਸਮਾਨ ਪੈਦਾ ਕੀਤੇ ਗਏ ਨੇ, ਜਿਵੇਂ ਬਰਫ ਤੇ ਸਲਾਈਜ਼ਿੰਗ, ਪੈਰਾ ਗਲਾਇਡਿੰਗ , ਪੈਰਾ ਸੇਲਿੰਗ, ਘੋੜ ਸਵਾਰੀ ,ਟਰੈਕਿੰਗ ,ਸਕੀਇੰਗ ,ਗੋਲਫ ਅਤੇ ਹੋਰ ਕਈ ਤਰਾਂ ਦੀਆਂ ਇਨਡੋਰ ਖੇਡਾਂ ਵੀ। ਗਰਮੀਆਂ ਵਿੱਚ ਮਈ -ਜੂਨ ,ਪੱਤਝੜ ਵਿੱਚ ਸਤੰਬਰ ,ਅਕਤੂਬਰ ਅਤੇ ਸਰਦੀਆਂ ਵਿੱਚ ਨਵੰਬਰ ਤੋਂ ਮਾਰਚ ਤੱਕ ਇਥੇ ਆ ਕੇ ਤਰੋਤਾਜ਼ਾ ਹੋਇਆ ਜਾ ਸਕਦਾ ਹੈ। ਕਾਫੀ ਸਾਰੀਆਂ ਹਟਸ ਅਤੇ ਹੋਟਲਾਂ ਤੋਂ ਇਲਾਵਾ ਰਾਤ ਰਹਿਣ ਲਈ ਟੂਰਿਜ਼ਮ ਵਿਭਾਗ ਦਾ ਕਾਫੀ ਮਹਿੰਗਾ ਹੋਟਲ ਵੀ ਹੈ , ਨੌਜਵਾਨਾਂ ਲਈ ਯੂਥ ਹੋਸਟਲ ਤਾਂ ਹੈ ਹੀ ਜਿਥੇ ਯੂਥ ਹੋਸਟਲ ਐਸੋਸੀਏਸ਼ਨ ਦੇ ਮੈਂਬਰਾਂ ਤੋਂ ਇਲਾਵਾ ਵੀ ਬੜਾ ਹੀ ਥੋੜਾ ਜਿਹਾ ਕਿਰਾਇਆ ਦੇ ਕੇ ਕੋਈ ਵੀ ਠਹਿਰ ਸਕਦਾ ਹੈ। ਇਸ ਰੂਟ ਤੇ ਆਪਣੇ ਖਰਚੇ ਨੂੰ ਘੱਟ ਕਰਨ ਦਾ ਇੱਕ ਹੋਰ ਬੜਾ ਪ੍ਰਭਾਵੀ ਤਰੀਕਾ ਹੈ ਕਿ ਤੁਸੀ ਆਪਣੇ ਟੂਰ ਨੂੰ ਅਮਰਨਾਥ ਯਾਤਰਾ ਦੀਆਂ ਤਰੀਕਾਂ ਵਿੱਚ ਰੱਖੋ, ਓਦੋਂ ਲੱਖਾਂ ਹੀ ਯਾਤਰੀ ਜੁਲਾਈ -ਅਗਸਤ ਦੇ ਮਹੀਨੇ ਵਿਚ ਇਸ ਰੂਟ ਤੇ ਯਾਤਰਾ ਕਰਦੇ ਨੇ –ਥਾਂ ਥਾਂ ਤੇ ਸ਼ਾਨਦਾਰ ਲੰਗਰ ਚਲਦੇ ਨੇ ,ਕਿਤੇ ਮਾਲਪੂੜੇ ,ਕਿਤੇ ਖੀਰ ,ਕਿਤੇ ਪਰੌਂਠੇ ,ਕਿਤੇ ਪੂਰੀਆਂ ਵਗੈਰਾ ਵਗੈਰਾ। ਇਸੇ ਸਹੂਲਤ ਨੂੰ ਮੁੱਖ ਰੱਖ ਕੇ ਅਸੀਂ ਟੂਰ ਵਿਉਂਤਿਆ ਸੀ ਜੋ ਸਾਡੇ ਲਈ ਬੜਾ ਲਾਭਦਾਇਕ ਸਾਬਤ ਹੋਇਆ। ਰਸਤੇ ਵਿੱਚ ਲਗਭਗ ਹਰ ਸ਼ਹਿਰ , ਕਸਬੇ ਵਿੱਚ ਸੜਕਾਂ ਤੇ ਲੰਗਰ ਲੱਗੇ ਹੋਏ ਸਨ ਜਿਥੋਂ ਅਸੀਂ ਸ਼ਾਨਦਾਰ ਨਾਸ਼ਤਾ , ਦੁਪਿਹਰ ਦਾ ਅਤੇ ਰਾਤ ਦਾ ਖਾਣਾ ਖਾਂਦੇ ਅਤੇ ਸ਼ੁਕਰਗੁਜਾਰ ਹੁੰਦੇ ਥੋੜਾ ਹੀ ਖਰਚ ਕਰਕੇ ਸ੍ਰੀ ਨਗਰ ਪਹੁੰਚ ਗਏ। ਪਰ ਇਥੇ ਕੀਤੀ ਬੱਚਤ ਅਗੇ ਜਾ ਕੇ ਕੰਮ ਆਉਂਦੀ ਹੈ ਜਿਥੇ ਹਰ ਚੀਜ ਦੋ ਤੋਂ ਤਿੰਨ ਗੁਣਾਂ ਮਹਿੰਗੀ ਮਿਲਦੀ ਹੈ। ਤੇ ਕਈ ਵਾਰ ਤਾਂ ਜਦੋਂ ਅਸੀਂ ਘਰੋਂ ਜਿਆਦਾ ਦੂਰ ਕਿਸੇ ਹੋਰ ਇਲਾਕੇ ਵਿੱਚ ਆਏ ਹੋਈਏ ਤਾਂ ਪਤਾ ਹੀ ਨਹੀਂ ਕਿ ਚੀਜ਼ ਖਾਣੀ ਕਿਵੇਂ ਹੈ। ਇੱਕ ਵਾਰ ਅਸੀਂ ਮੋਟਰ ਸਾਈਕਲਾਂ ਤੇ ਰਾਜਸਥਾਨ ਦੇ ਦੌਰੇ ਸਮੇਂ ਉਘੇ ਪਹਾੜੀ ਸਥਾਨ ਮਾਊਂਟਆਬੂ ਪਹੁੰਚੇ । ਮੈ ਸੋਚਿਆ ਕਈ ਦਿਨਾਂ ਤੋਂ ਸੜਕ ਕਿਨਾਰੇ ਦੇ ਢਾਬਿਆਂ ਤੋਂ ਰੋਟੀ ਖਾ ਰਹੇ ਹਾਂ ਅੱਜ ਟੀਮ ਮੈਂਬਰਾਂ ਨੂੰ ਕਿਸੇ ਸਾਨਦਾਰ ਜਗਾਹ ਖਾਣਾ ਖਵਾਇਆ ਜਾਵੇ ।ਮੈ ਕਿਓਕਿ ਕੁਝ ਸਮਾਂ ਸਿਰੋਹੀ ਜਿਲੇ ਵਿੱਚ ਕੰਮ ਕੀਤਾ ਸੀ ਜਿਸ ਦਾ ਇਹ ਬਲਾਕ ਸੀ ਸੋ ਮੈਨੂੰ ਪਤਾ ਸੀ ਕਿ ‘ਜੋਧਪੁਰ ਭੋਜਨਾਲਿਆ’ ਏਥੋ ਦੀ ਸਭ ਤੋਂ ਵਧੀਆ ਖਾਣਾ ਖਾਣ ਦੀ ਜਗਾਹ ਹੈ । ਅਸੀਂ ਜਾ ਕੇ ਪਸੰਦ ਅਨੁਸਾਰ ਖਾਣਾ ਮੰਗਵਾ ਲਿਆ , ਅਜੇ ਇੱਕ ਇੱਕ ਰੋਟੀ ਹੀ ਮਸਾਂ ਖਾਧੀ ਸੀ ਕਿ ਸਾਡਾ ਇੱਕ ਟੀਚਰ ਸਾਥੀ ਉੱਚੀ ਅਵਾਜ ਵਿੱਚ ਬੋਲਿਆ “ਓਏ ਬੈਰ੍ਹੇ ਏਧਰ ਆ,” ਮੈ ਪੁਛਿਆ,”ਕੀ ਗੱਲ ਹੋ ਗਈ ਬਈ “? “ ਬੇਵਕੂਫ ਮੈਨੂੰ ਸੁੱਕੀ ਰੋਟੀ ਫੜਾ ਗਿਆ”। “ਯਾਰ ਇਹ ਨਹੀਂ ਹੋ ਸਕਦਾ, ਇਹ ਤਾਂ ਬੜਾ ਨਾਮਵਰ ਹੋਟਲ ਹੈ , ਲਿਆ ਮੈਨੂੰ ਵਖਾ “। ਉਸ ਨੇ ਮੇਰੇ ਹੱਥ ਵਿੱਚ ਓਹ ਰੋਟੀ ਫੜਾ ਦਿੱਤੀ ਜਿਸ ਨੂੰ ਵੇਖ ਕੇ ਮੈਨੂੰ ਹੱਸਦੇ ਨੂੰ ਹੱਥੂ ਆ ਗਿਆ, ਸਾਰੇ ਗਾਹਕ ਮੇਰੇ ਵੱਲ ਵੇਖਣ ਕਿ ਸਰਦਾਰ ਨੂੰ ਕੀ ਹੋ ਗਿਆ ? ਪਰ ਜਦੋਂ ਅਸਲੀਅਤ ਪਤਾ ਲੱਗੀ ਤਾਂ ਸਾਰੇ ਹੀ ਹੱਸ ਹੱਸ ਕੇ ਕਮਲੇ ਹੋ ਗਏ । ਅਸਲ ਵਿੱਚ ਓਹ ਸੁੱਕੀ ਰੋਟੀ ਨਹੀਂ ਸੀ ਬਲਕਿ ਸੇਕਿਆ ਹੋਇਆ ਵਧੀਆ ਕੁਆਲਟੀ ਦਾ ਪਾਪੜ ਸੀ। – ਸਮਾਪਤ

Send this to a friend