ਨਹੀਂ ਰੀਸਾਂ ਤੁਰ ਗਏ ਬਾਪੂ ਜਸਵੰਤ ਸਿੰਘ ਕੰਵਲ ਦੀਆਂ…

ਬਾਪੂ ਜਸਵੰਤ ਸਿੰਘ ਕੰਵਲ ਤੁਰ ਗਿਆ ਹੈ ਪਰ ਜੀਵਨ ਦੀ ਇਹ ਤੋਰ ਹਜ਼ਾਰਾਂ ਵਿਚੋਂ ਕਿਸੇ ਇੱਕ ਦੇ ਹਿੱਸੇ ਹੀ ਆਉਂਦੀ ਹੈ। ਪੰਜਾਬੀ ਭਾਸ਼ਾ ਦੇ ਲੇਖਕਾਂ ਵਿੱਚੋ ਇਕ ਸਦੀ ਤੋਂ ਉਪਰ ਉਮਰ ਹੰਢਾਉਣ ਤੋਂ ਬਾਦ ਵੀ ਸਰੀਰਕ ਤੇ ਮਾਨਸਿਕ ਤੋਰ ਤੇ ਤੰਦਰੁਸਤੀ ਮਾਣਦਿਆਂ ਤੁਰਣਾ ਲੋਕਾਂ ਦੇ ਹਰ ਮਨ ਪਿਆਰੇ ਨਾਵਲਕਾਰ ਬਾਪੂ ਸਿੰਘ ਜਸਵੰਤ ਸਿੰਘ ਕੰਵਲ ਦੇ ਹੀ ਹਿੱਸੇ ਆਇਆ ਹੈ। ਆਪਣੀ ਉਮਰ ਜਿੰਨੀਆਂ ਹੀ ਕਿਤਾਬਾਂ ਲਿਖਣ ਦਾ ਰਿਕਾਰਡ ਤਾ ਹੋਰ ਵੀ ਲੇਖਕਾਂ ਨੇ ਬਣਾਇਆ ਹੋਵੇਗਾ ਪਰ ਇਹ ਰਿਕਾਰਡ ਬਣਾਉਣ ਵਾਲੇ ਲੇਖਕਾਂ ਵਿਚੋ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਬਾਪੂ ਕੰਵਲ ਹੀ ਹੈ। ਲੱਖਾਂ ਰੁਪੈ ਦੇ ਵਕਾਰੀ ਇਨਾਮ ਲੈਣ ਵਾਲੇ ਲੇਖਕਾਂ ਦੀ ਗਿਣਤੀ ਵੀ ਹੁਣ ਪੰਜਾਬ ਵਿਚ ਚੋਖੀ ਗਈ ਹੈ ਪਰ ਉਂਨ੍ਹਾਂ ਵਿਚੋ ਕੋਈ ਵੀ ਨਹੀਂ ਜਿਸ ਦੀ ਕਿਤਾਬ ਪਾਠਕਾਂ ਨੂੰ ਲਾਈਨਾਂ ਵਿਚ ਲੱਗ ਕੇ ਖਰੀਦਣੀ ਪਈ ਹੋਵੇ ,ਜਿਸ ਤਰਾਂ ਉਸਦਾ ਨਾਵਲ ਨਾਵਲ ‘ ਲਹੂ ਦੀ ਲੋਅ’ ਐਮਰਜੈਂਸੀ ਖਤਮ ਹੋਣ ਤੋ ਬਾਦ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਖੇ ਲੱਗੇ ਕਿਸਾਨ ਮੇਲੇ ਵਿਚ ਪਾਠਕਾਂ ਨੇ ਖਰੀਦਿਆ ਸੀ ਗਿਆ ਸੀ। ਉਸਦੇ ਹਰੇਕ ਨਾਵਲ ਦੇ ਕਈ ਕਈ ਐਡੀਸ਼ਨ ਛਪੇ ਨੇ ਤੇ ਅਜੇ ਵੀ ਛਪ ਰਹੇ ਨੇ। ਭਾਵੇਂ ਉਸਦੇ ਸਰੀਰ ਦੇ ਅੰਗ ਹੁਣ ਉਮਰ ਦਾ ਭਾਰ ਢੋਂਦਿਆਂ ਕੁਝ ਸਥਿਲ ਹੋ ਗਏ ਸਨ ਪਰ ਉਸ ਦਾ ਦਿਲ ਤੇ ਦਿਮਾਗ ਅਜੇ ਜਵਾਨ ਤੇ ਪੂਰੀ ਤਰਾਂ ਕ੍ਰਿਆਸ਼ੀਲ ਸੀ।
ਸਾਹਿਤ ਦੇ ਨਵੇਂ ਪਾਠਕ ਤਾਂ ਸਾਰੇ ਹੀ ਨਾਮਵਰ ਲੇਖਕ ਆਪੋ ਆਪਣੀ ਸਮਰੱਥਾ ਅਨੁਸਾਰ ਪੈਦਾ ਕਰਦੇ ਨੇ ਪਰ ਪਾਠਕਾਂ ਦੇ ਸਿਰ ਕਲਮ ਦਾ ਜਾਦੂ ਧੂੜ ਕੇ ਉਨ੍ਹਾਂ ਨੂੰ ਸਮੇਂ ਦੀਆਂ ਲਹਿਰਾਂ ਨਾਲ ਤੋਰਣ ਦਾ ਸਭ ਤੋਂ ਵੱਧ ਹੁਨਰ ਸਾਹਿਤ ਦੇ ਇਸ ਬਾਬਾ ਬੋਹੜ ਕੋਲ ਹੀ ਸੀ। ਤਦੇਂ ਹੀ ਤਾਂ ਪ੍ਰੋ: ਸਵਰਨ ਸਿੰਘ ਢੁੱਢੀਕੇ ਹੁੱਬ ਕੇ ਆਖਦਾ ਹੈ ਕਿ ਕੰਵਲ ਦੇ ਨਾਵਲ ‘ਰਾਤ ਬਾਕੀ ਹੈ’ ਨੇ ਜਿੰਨੈ ਮੁੰਡੇ ਕਮਿਊਨਿਸ਼ਟ ਬਣਾਏ ਨੇ ਉਨੇਂ ਸ਼ਾਇਦ ਕਮਿਊਨਿਸ਼ਟ ਪਾਰਟੀਆਂ ਨੇ ਵੀ ਨਾ ਬਣਾਏ ਹੋਣ । ਦਰ ਅਸਲ ਕੰਵਲ ਤਾਂ ਹੈ ਹੀ ਸੀ ਮੁੰਡਿਆਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲਾ ਲੇਖਕ। ਕਿਸੇ ਵੇਲੇ ਉਹ ‘ਹਾਣੀ’ਤੇ ‘ਪਾਲੀ’ ਵਰਗੇ ਨਾਵਲ ਲਿਖ ਕੇ ਨਵੀ ਉਮਰ ਦੇ ਮੁੰਡਿਆਂ ਵਿੱਚ ਰੁਮਾਟਿਕ ਭਾਵ ਪੈਦਾ ਕਰਦਾ ਰਿਹਾ ਤਾਂ ਕਿਸੇ ਵੇਲੇ ਉਹ ਉਨ੍ਹਾਂ ਨੂੰ ਹੱਥ ਵਿਚ ਬੰਦੂਕ ਫੜ੍ਹ ਕੇ ਵਿਵਸਥਾ ਨੂੰ ਬਦਲਣ ਦੇ ਰਾਹ ਪੈਣ ਦੀ ਸਲਾਹ ਵੀ ਦੇਂਦਾ ਰਿਹਾ । ਮੁੰਡੇ ਚਾਹੇ ਨਕਸਲਵਾਦੀ ਦੌਰ ਦੇ ਹੋਣ ਜਾਂ ਖਾਲਸਿਤਾਨੀ ਖਾੜਕੂ ਦੌਰ ਦੇ, ਕੰਵਲ ਨੇ ਉਨ੍ਹਾਂ ਦੀ ਪਿੱਠ ਥਾਪੜਣ ਵਿੱਚ ਕਦੇ ਵੀ ਕੋਈ ਕਸਰ ਬਾਕੀ ਨਹੀਂ ਰੱਖੀ। ਚਾਹੇ ਵਾਰ ਵਾਰ ਆਪਣੀ ਵਿਚਾਰਧਾਰਕ ਪਹੁੰਚ ਬਦਲਣ ਨਾਲ ਉਸਦੀ ਕਰੜੀ ਆਲੋਚਨਾ ਵੀ ਹੋਈ ਹੈ ਪਰ ਇਹ ਆਲੋਚਨਾ ਕਦੇ ਉਸਦੇ ਪਾਠਕਾਂ ਦੀ ਗਿਣਤੀ ਤੇ ਅਸਰ ਅੰਦਾਜ਼ ਨਹੀ ਹੋ ਸਕੀ। ਉਸਦਾ ਸੌਵਾਂ ਜਨਮ ਦਿਨ ਮਣਾਉਣ ਦੇ ਜਸ਼ਨਾਂ ਵਿਚ ਉਹ ਲੇਖਕ ਆਲੋਚਕ ਤੇ ਚਿੰਤਕ ਵੀ ਸ਼ਾਮਿਲ ਸਨ ਜਿਹੜੇ ਕਦੇ ਉਸ ਨੂੰ ਪਾਣੀ ਪੀ ਪੀ ਕੇ ਨਿੰਦਦੇ ਰਹੇ ਸਨ।।
ਬਿਨਾਂ ਸ਼ੱਕ ਬਾਪੂ ਕੰਵਲ ਵੱਡਾ ਤੇ ਵਿਸ਼ਵ ਪ੍ਰਸਿੱਧ ਨਾਵਲਕਾਰ ਸੀ ਪਰ ਉਸਦੀ ਅਸਲ ਵਡਿਆਈ ਇਹ ਹੈ ਕਿ ਉਸ ਵੱਡੇ ਲੇਖਕ ਹੋਣ ਦੇ ਅੰਹਮ ਨੂੰ ਕਦੇ ਆਪਣੇ ‘ਤੇ ਹਾਵੀ ਨਹੀਂ ਸੀ ਹੋਣ ਦਿੱਤਾ। ਲੇਖਕ ਉਹ ਉਸ ਵੇਲੇ ਹੀ ਹੁੰਦਾ , ਦੋ ਉਹ ਸਾਹਿਤ ਸਿਰਜਣ ਦੇ ਕਾਰਜ਼ ਵਿਚ ਲੱਗਾ ਹੁੰਦਾ ਸੀ। ਨਹੀ ਤਾਂ ਉਹ ਪਿੰਡ ਢੁਢੀਕੇ ਦਾ ਸਧਾਰਣ ਕਿਸਾਨ ਹੀ ਸੀ ਤੇ ਉਹ ਆਏ ਗਏ ਬੰਦਿਆਂ ਨੂੰ ਆਪਣੇ ਸਧਾਰਣ ਪੇਂਡੂ ਅੰਦਾਜ਼ ਵਿਚ ਹੀ ਮਿਲਦਾ ਸੀ । ਜਦੋਂ ਉਹ ਚਾਦਰਾ ਬੰਨੀ ਪਿੰਡ ਦੀ ਸੱਥ ਵਿਚ ਤਾਸ਼ ਦੀ ਬਾਜ਼ੀ ਲਾ ਰਿਹਾ ਜਾਂ ਸਤੰਰਜ਼ ਖੇਡ ਰਿਹਾ ਹੁੰਦਾ ਸੀ ਤਾ ਵਿਚਾਰੇ ਪਿੰਡ ਵਾਸੀਆਂ ਨੂੰ ਕੀ ਪਤਾ ਹੁੰਦਾ ਕਿ ਉਹ ਕਿੱਡੇ ਮਹਾਨ ਲੇਖਕ ਨਾਲ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾ ਦੇ ਭਾਅ ਦਾ ਤਾਂ ਇਹ ਉਨ੍ਹਾ ਦੇ ਪਿੰਡ ਦਾ ਜਸਵੰਤ ਬਾਈ ਹੀ ਸੀ। ਜਿਸ ਕਿਸੇ ਨੇ ਉਸ ਨੂੰ ਮੂੰਹ ਵਿਚ ਵਿਸਲ ਪਾ ਕੇ ਕੱਬਡੀ ਦੇ ਮੈਚ ਦਾ ਰੈਫਰੀ ਬਣਿਆਂ ਵੇਖਿਆ ਹੈ , ਉਸ ਲਈ ਤਾਂ ਇਹ ਕਲਪਣਾ ਕਰਨੀ ਵੀ ਔਖੀ ਹੋ ਜਾਂਦੀ ਸੀ ਕਿ ਇਹ ਲੰਮ ਸੰਲਮਾਂ ਬੰਦਾ ਕੋਈ ਵਿਸ਼ਵ ਪ੍ਰਸਿਧ ਲੇਖਕ ਵੀ ਹੋ ਸਕਦਾ ਹੈ। ਵਿਚ ਕਈ ਨਾਮਵਰ ਲੇਖਕਾਂ ਵਾਗ ਉਹ ਨਵੇ ਲੇਖਕਾਂ ਨੂੰ ਵੀ ਇਹ ਅਹਿਸਾਸ ਨਹੀਂ ਹੋਣ ਦੇਂਦਾ ਕਿ ਉਹ ਅਜੇ ਨਵੇ ਤੇ ਸਿਖਾਂਦਰੂ ਲੇਖਕ ਹੀ ਹਨ।
1980 ਦੇ ਨੇੜ ਤੇੜ ਬਾਘੇ ਪੁਰਾਣੇ ਰਹਿੰਦਿਆਂ ਜਦੋਂ ਮੈ ਆਪਣੇ ਹੱਥ ਵਿਚ ਨਵੀਂ ਨਵੀਂ ਕਲਮ ਫੜ੍ਹੀ ਸੀ ਤਾਂ ਵੀ ਖੁਦ ਆਪਣੇ ਸਾਥੀਆਂ ਨਾਲ ਉਚੇਚਾ ਉਨ੍ਹਾਂ ਦੇ ਦਰਸ਼ਨ ਕਰਨ ਢੁੱਡੀਕੇ ਗਿਆ ਸਾਂ।
ਭਾਵੁਕ ਤੇ ਸੰਵੇਦਨਸ਼ੀਲ ਹੋਣਾ ਕਿਸੇ ਲੇਖਕ ਦਾ ਮੀਰੀ ਗੁਣ ਹੁੰਦਾ ਹੈ ਪਰ ਉਹ ਭਾਵੁਕਤਾ ਦੀਆਂ ਹੱਦਾਂ ਪਾਰ ਕਰਕੇ ਅਕਸਰ ਉਪ ਭਾਵੁਕ ਵੀ ਹੋ ਜਾਂਦਾ ਸੀ। ਖਾਸ ਤੋਰ ਤੇ ਜਦੋ ਉਹ ਪੰਜਾਬ ਦੀ ਹੋ ਰਹੀ ਦੁਰਦਸ਼ਾ ਬਾਰੇ ਲਿਖਦਾ ਜਾਂ ਬੋਲਦਾ ਹੋਵੇ ਤਾਂ ਉਹ ਆਪਣੇ ਵਿਸ਼ੇਸ਼ ਅੰਦਾਜ਼ ਵਿਚ ਪੰਜਾਬ ਦਾ ਇਹ ਬੁਰਾ ਹਾਲ ਕਰਨ ਵਾਲੇ ਰਾਜਸੀ ਲੋਕਾਂ ਲਈ ਲੱਗ ਭੱਗ ਗਾਲ੍ਹਾਂ ਕੱਢਣ ਤੇ ਬਦ -ਦੁਆਵਾਂ ਦੇਣ ਵਾਲੀ ਤਲਖ ਭਾਸ਼ਾ ਵੀ ਵਰਤ ਲੈਂਦਾ ਸੀ। ਦੇਸ਼ਾ ਵਿਦੇਸ਼ਾਂ ਵਿਚੋ ਉਸਨੂੰ ਏਨੇ ਮਾਣ ਸਨਮਾਨ ਮਿਲੇ ਕਿ ਇਸ ਦੀ ਗਿਣਤੀ ਕਰਨ ਲਈ ਇਕ ਵੱਖਰੇ ਮੁਨੀਮ ਦੀ ਲੋੜ ਪਵੇਗੀ । ਉਸਦੇ ਦਿਲ ਤੇ ਆਈ ਤਾਂ ਭਾਸ਼ਾ ਵਿਭਾਗ ਵਿਭਾਗ ਵੱਲੋਂ ਨਾਵਲ ‘ਲਹੂ ਦੀ ਲੋਅ ਨੂੰ ਮਿਲੇ ਪੁਰਸ਼ਕਾਰ ਨੂੰ ਇਹ ਕਹਿ ਕੇ ਠੁਕਰਾ ਦਿੱਤਾ ਕਿ ਜਿਸ ਸਰਕਾਰ ਨੇ ਨਕਸਲੀ ਮੁੰਡੇ ਮਾਰੇ ਨੇ ਮੈ ਉਸ ਤੋਂ ਪੁਰਸ਼ਕਾਰ ਨਹੀ ਲੈ ਸਕਦਾ। ਜਦੋ ਸਰਕਾਰ ਪ੍ਰਤੀ ਉਸਦਾ ਉਪਰ ਚੜ੍ਹਿਆਂ ਪਾਰਾ ਕੁਝ ਹੇਠਾਂ ਆਇਆ ਤਾਂ ਇਸ ਵਿਭਾਗ ਵੱਲੋਂ ਦਿਤੇ ਜਾਣ ਵਾਲਾ ਸ਼੍ਰੋਮਣੀ ਸਾਹਿਤਕਾਰ ਪੁਰਸ਼ਕਾਰ ਬੜੀ ਹਲੀਮੀ ਨਾਲ ਸਵੀਕਾਰ ਵੀ ਲਿਆ। ਜਦੋ ਉਸਦੇ ਸਮਕਾਲੀ ਲੇਖਕਾਂ ਨੇ ਉਸ ਨੂੰ ਆਪਣਾ ਪੂਰਵਜ਼ ਮੰਨ ਕੇ ਉਸਦਾ ਜਨਮ ਦਿਨ ਮਣਾਉਣ ਦੀ ਪਰੰਪਰਾਂ ਸੁਰੂ ਕਰ ਲਈ ਸੀ ਤਾਂ ਇਸ ਤੋਂ ਵੱਧ ਸਨਮਾਨ ਕਿਸੇ ਲੇਖਕ ਦਾ ਹੋਰ ਹੋ ਵੀ ਕੀ ਸਕਦਾ ਹੈ। ਉਸਨੂੰ ਪਿਆਰ ਕਰਨ ਵਾਲੇ ਪੰਜਾਬੀ ਲੇਖਕ ਤੇ ਪਾਠਕ ਉਸਦੇ ਦੇ ਪੰਜ ਛੇ ਹੋਰ ਜਨਮ ਦਿਨ ਉਸਦੇ ਜਿਉਂਦੇ ਜੀਅ ਮਨਾਉਣਾ ਚਾਹੁੰਦੇ ਸਨ ਪਰ ਜੀਵਨ ਦੀ ਹਰ ਇੱਛਾ ਪੂਰੀ ਨਹੀਂ ਹੁੰਦੀ । ਮੈਨੂੰ ਇਸ ਗੱਲ ਦੀ ਪੂਰੀ ਸਤੁੰਸ਼ਟੀ ਹੈ ਕਿ ਉਹ ਸਾਹਿਤ ਦੇ ਖੇਤਰ ਵਿਚ ਜਿਹੜੀਆਂ ਪੈੜਾਂ ਪਾਂ ਕੇ ਗਿਆ ਹੈ, ਉਹਨਾਂ ਦੀ ਉਮਰ ਉਸਦੀ ਆਪਣੀ ਉਮਾਰ ਤੋਂ ਵੀ ਲੰਮੀ ਹੈ।

Send this to a friend