ਲਿਬਰਲ ਪਾਰਟੀ ਨੂੰ ਸਪਸ਼ਟ ਬਹੁਮਤ, 5 ਭਾਰਤੀ ਤੇ 4 ਪਾਕਿਸਤਾਨੀ ਪੰਜਾਬੀ ਜੇਤੂ
ਟਰਾਂਟੋ, 13 ਜੂਨ (ਪੰਜਾਬ ਟਾਇਮਜ਼ ਬਿਊਰੋ)- ਓਨਟਾਰੀਓ ਸੂਬੇ ਦੀਆਂ ਚੋਣਾਂ ਦੇ ਅਜ ਆਏ ਨਤੀਜਿਆਂ ਨੇ ਸੂਬੇ ਦੀ ਘੱਟ ਗਿਣਤੀ ਲਿਬਰਲ ਸਰਕਾਰ ਦੀ ਪਰੀਮੀਅਰ (ਮੁੱਖ ਮੰਤਰੀ) ਕੈਥਲਿਨ ਵਿੰਨ ਨੂੰ ਪੂਰਨ ਬਹੁਮੱਤ ਵਾਲੀ ਸਰਕਾਰ ਦੀ ਭਾਗੀ ਬਣਾ ਦਿੱਤਾ ਹੈ। 107 ਸੀਟਾਂ ਵਾਲੀ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਚ ਤਾਜ਼ਾ ਨਤੀਜਿਆਂ ਚ ਲਿਬਰਲਾਂ ਨੂੰ 59,ਪਰੋਗਰੈਸਿਵ ਕੰਜ਼ਰਵੇਟਿਵਾਂ ਨੂੰ 27 ਅਤੇ ਐਨ ਡੀ ਪੀ ਨੂੰ 21 ਸੀਟਾਂ ਤੇ ਜਿੱਤ ਪਰਾਪਤ ਹੋਈ। ਸੂਬੇ ਦੇ ਪੰਜਾਬੀਆਂ ਦੇ ਬਹੁ ਗਿਣਤੀ ਵੱਸੋਂ ਵਾਲੇ ਪੀਲ ਖੇਤਰ ਦੀਆਂ ਸਾਰੀਆਂ ਸੀਟਾਂ ਤੇ ਪੰਜਾਬੀਆਂ ਵੱਲੋਂ ਪਹਿਲੇ ਦੀ ਤਰਾਂ ਆਪਣੀ ਜਿੱਤ ਦੇ ਝੰਡੇ ਗੱਡੀ ਰੱਖੇ। ਸੂਬੇ ਦੀ ਘੱਟ ਗਿਣਤੀ ਲਿਬਰਲ ਸਰਕਾਰ ਦੀ ਬਜਟ ਸਮੇਂ ਐਨ ਡੀ ਪੀ ਪਾਰਟੀ ਵੱਲੋਂ ਹਮਾਇਤ ਵਾਪਸ
ਲਏ ਜਾਣ ਕਾਰਨ ਕਈ ਸਕੈਂਡਲਾਂ ਅਤੇ ਘਪਲਿਆਂ ਚ ਘਿਰੀ ਸਰਕਾਰ ਡਿੱਗ ਗਈ ਅਤੇ ਦੁਬਾਰਾ ਚੋਣਾਂ ਲਈ ਲੋਕਾਂ ਦੇ ਦਰਬਾਰ ਚ ਆਈ। ਸੂਬੇ ਵਿਚਲੀਆਂ ਦੋ ਵਿਰੋਧੀ ਪਾਰਟੀਆਂ ਪੀ ਸੀ ਅਤੇ ਐਨ ਡੀ ਪੀ ਦੇ ਕਰੜੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਲਿਬਰਲ ਪਾਰਟੀ ਦੀ ਆਗੂ ਕੈਥਲਿਨ ਵਿੰਨ ਨੇ ਉਹਨਾਂ ਦੀ ਪਾਰਟੀ ਦੇ ਰਾਜ ਦੌਰਾਂਨ ਹੋਏ ਘਪਲਿਆਂ ਦੀ ਨੈਤਿਕ ਜਿੰਮੇਵਾਰੀ ਲੈਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਉਹਨਾਂ ਦੀ ਪਾਰਟੀ ਨੂੰ ਪੂਰਨ ਬਹੁਮੱਤ ਦਾ ਸਹਿਯੋਗ ਦੇਣ ਉਹ ਸੂਬੇ ਦੇ ਵਾਸੀਆਂ ਨੂੰ ਸਾਫ ਸੁਥਰਾ ਰਾਜ ਅਤੇ ਸੇਵਾਂਵਾ ਦੇਣਗੇ। ਦੂਜੇ ਪਾਸੇ ਦੋਹਾਂ ਵਿਰੋਧੀ ਧਿਰਾਂ ਕੋਲ ਸੂਬੇ ਦੇ ਲੋਕਾਂ ਦਾ ਸਹਿਯੋਗ ਲੈਣ ਲਈ ਕੋਈ ਵੀ ਸਾਰਥਿਕ ਪਰੋਗਰਾਮ ਨਾ ਹੋਣ ਕਾਰਨ ਸੂਬੇ ਦੀ ਮਜਬੂਤ ਵਿਰੋਧੀ ਪਾਰਟੀ ਪੀ ਸੀ ਨੂੰ ਆਪਣੇ ਕਬਜੇ ਵਾਲੀਆਂ 37 ਸੀਟਾਂ ਵਿੱਚੋਂ10 ਸੀਟਾਂ ਤੋਂ ਹੱਥ ਧੋਣੇ ਪੈ ਗਏ ਅਤੇ ਉਹ ਸੁੰਗੜ ਕੇ 27 ਸੀਟਾਂ ਤੱਕ ਰਹਿ ਗਏ। ਸੂਬੇ ਦੀ ਪੀ ਸੀ ਪਾਰਟੀ ਦੇ ਮੁਖੀ 46 ਸਾਲਾ ਟਿੱਮ ਹੁੱਡਕ ਨੇ ਆਪਣੇ ਹਲਕੇ ਤੋਂ ਆਪਣੀ ਚੋਣ ਜਿੱਤਣ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਆਪਣੀ ਪਾਰਟੀ ਦੀ ਹਾਰ ਨੂੰ ਕਬੂਲਦਿਆਂ ਨੈਤਿਕ ਜਿਮੇਵਾਰੀ ਲੈਂਦੇ ਹੋਏ ਪਾਰਟੀ ਮੁੱਖੀ ਤੋਂ ਪਿੱਛੇ ਹੱਟ ਰਹੇ ਹਨ। ਦੂਜੇ ਪਾਸੇ ਦੂਜੀ ਵਿਰੋਧੀ ਧਿਰ ਐਨ ਡੀ ਪੀ ਜਿਸ ਨੇ ਇਹਨਾਂ ਚੋਣਾਂ ਚ ਨਾ ਕੁਝ ਖੱਟਿਆ ਅਤੇ ਨਾਂ ਹੀ ਕੁਝ ਗਵਾਇਆ ਦੀ ਕਹਾਵਤ ਅਨੁਸਾਰ ਆਪਣੀਆਂ 21 ਸੀਟਾਂ ਤੇ ਬੜਤ ਕਾਇਮ ਰੱਖੀ (ਭਾਂਵੇਂ ਕਿ ਕੁਖ ਨਵੀਆਂ ਜਿੱਤੀਆਂ ਅਤੇ ਕੁਝ ਪੁਰਾਣੀਆਂ ਹਾਰੀਆਂ)। 51 ਸਾਲਾ ਐਨ ਡੀ ਪੀ ਮੁਖੀ ਐਡਰਿਊ ਹਾਰਵੱਥ ਨੇ ਆਪਣੀ ਸੀਟ ਜਿੱਤਣ ਸਮੇਂ ਲਿਬਰਲ ਨੇਤਾ ਕੈਥਲਿਨ ਵਿੰਨ ਨੂੰ ਵਧਾਈ ਦਿੱਤੀ ਅਤੇ ਸੂਬੇ ਦੇ ਲੋਕਾਂ ਵੱਲੋਂ ਦਿਤੇ ਫਤਵੇ ਅੱਗੇ ਜਿੱਥੇ ਉਹਨਾਂ ਨੇ ਸਿਰ ਝੁਕਾਇਆ ਉੱਥੇ ਲੋਕ ਹਿੱਤਾਂ ਲਈ ਆਵਾਜ਼ ਬੁਲੰਦ ਕਰਦੇ ਰਹਿਣ ਦਾ ਅਹਿਦ ਵੀ ਲਿਆ। 107 ਸੀਟਾਂ ਵਾਲੀ ਕੂਈਨਜ਼ ਪਾਰਕ (ਵਿਧਾਨ ਸਭਾ) ਚ 59 ਸੀਟਾਂ ਦੀ ਬਹੁਮੱਤ ਨਾਲ ਆਪਣੀ ਜਿੱਤ ਦਾ ਝੰਡਾ ਬੁਲੰਦ ਕਰਨ ਵਾਲੀ 61 ਸਾਲਾ ਕੈਥਲਿਨ ਵਿੰਨ ਨੇ ਆਪਣੀ ਜਿੱਤ ਨੂੰ ਲੋਕ ਹਿੱਤਾਂ ਦੀ ਜਿੱਤ ਕਹਿੰਦਿਆਂ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਬੀਤੇ 41 ਦਿਨ ਚੱਲੀ ਇਸ ਚੋਣ ਮੁਹਿੰਮ ਚ ਓਨਟਾਰੀਓ ਸੂਬੇ ਦੇ ਵੋਟਰਾਂ ਨੇ ਉਹਨਾਂ ਨੂੰ ਪੂਰਨ ਸਹਿਯੋਗ ਦਿਤਾ ਹੈ ਉਹ ਉਹਨਾਂ ਨੂੰ ਰਾਜ ਵਿੱਚ ਚੰਗਾ ਰਹਿਣ ਸਹਿਣ, ਹੈਲਥ ਕੇਅਰ, ਨੌਕਰੀਆਂ ਅਤੇ ਹੋਰ ਲੋੜੀਦੀਆਂ ਸੇਵਾਂਵਾਂ ਦੇਣ ਲਈ ਵਚਨ ਬੱਧ ਹਨ।
ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ
ਬਰੈਂਮਪਟਨ ਸਪਰਿੰਗਡੇਲ ਹਲਕੇ ਤੋਂ ਮੁੱਖ ਮੁਕਾਬਲਾ ਸਾਬਕਾ ਮੈਂਬਰ ਪਾਰਲੀਮੈਂਟ ਸ੍ਰ: ਗੁਰਬਖਸ਼ ਸਿੰਘ ਮੱਲੀ ਦੀ ਬੇਟੀ ਹਰਿੰਦਰ ਮੱਲੀ ਜੋ ਕਿ ਇਸੇ ਹਲਕੇ ਤੋਂ ਪੀਲ ਬੋਰਡ ਵਿੱਚ ਲੋਕਾਂ ਦੀ ਚੁਣੀ ਸਕੂਲ ਟਰਸਟੀ ਵੀ ਹੈ ਨੇ ਆਪਣੇ ਨੇੜਲੇ ਵਿਰੋਧੀਆਂ ਗੁਰਪਰੀਤ ਸਿੰਘ ਢਿਲੋਂ (ਐਨ ਡੀ ਪੀ) ਅਤੇ ਪੈਮ ਹੁੰਦਲ (ਪੀ ਸੀ) ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ।ਬਰੈਂਮਪਟਨ ਵੈਸਟ ਤੋਂ ਵਿੱਕ ਢਿਲੋਂ ਲਿਬਰਲ ਨੇ ਆਪਣੀ ਹੈਟਰਿਕ ਬਣਾਉਂਦਿਆਂ ਆਪਣੀ ਵਿਰੋਧੀ ਗੁਗਨੀ ਗਿੱਲ ਐਨ ਡੀ ਪੀ ਅਤੇ ਪੀ ਸੀ ਦੇ ਰਣਦੀਪ ਸਿੰਘ ਸੰਧੂ ਨੂੰ ਕਰਾਰੀ ਹਾਰ ਦੇ ਕੇ ਤੀਸਰੀ ਵਾਰ ਜਿੱਤ ਪਰਾਪਤ ਕੀਤੀ।
ਬਰੈਮਲੀ ਗੋਰ ਮਾਲਟਨ ਤੋਂ ਐਨ ਡੀ ਪੀ ਉਮੀਦਵਾਰ ਜਗਮੀਤ ਸਿੰਘ ਨੇ ਆਪਣੇ ਨੇੜਲੇ ਵਿਰੋਧੀਆਂ ਡਾ: ਕੁਲਦੀ ਕੁਲਾਰ ਲਿਬਰਲ ਅਤੇ ਹਰਜੀਤ ਜੈਸਵਾਲ ਪੀਸੀ ਨੂੰ ਹਰਾ ਕੇ ਦੂਜੀ ਵਾਰ ਇਸ ਸੀਟ ਤੇ ਕਬਜਾ ਕਾਇਮ ਰੱਖਿਆ ਹੈ।ਮਿਸੀਸਾਗਾ ਬਰੈਮਪਟਨ ਸਾਊਥ ਤੋਂ ਸਿਟਿੰਗ ਐਮ ਪੀ ਪੀ ਅੰਮ੍ਰਿਤ ਮਾਂਗਟ ਲਿਬਰਲ ਨੇ ਆਪਣੀ ਜਿੱਤ ਦਾ ਝੰਡਾ ਗੱਡਦਿਆਂ ਪੀਸੀ ਉਮੀਦਵਾਰ ਅਮਰਜੀਤ ਗਿੱਲ ਅਤੇ ਐਨ ਡੀ ਪੀ ਦੇ ਕੈਵਿਨ ਟਰੋਕੇ ਨੁੰ ਹਰਾ ਕੇ ਤੀਜੀ ਵਾਰ ਜਿੱਤ ਹਾਸਲ ਕਰ ਕੇ ਹੈਟਰਿਕ ਬਣਾਈ।
ਮਿਸੀਸਾਗਾ ਐਰਿਨਡੇਲ ਤੋਂ ਤੀਸਰੀ ਵਾਰ ਚੋਣ ਜਿੱਤਣ ਵਾਲੇ ਹਰਿੰਦਰ ਤੱਖੜ ਨੇ ਪੀ ਸੀ ਦੇ ਜੈਫ ਵਾਈਟ ਅਤੇ ਦੇ ਮਚੇਲ ਬੀਲੈਕ ਨੂੰ ਹਰਾ ਕੇ ਆਪਣੀ ਹੈਟਰਿਕ ਬਣਾਈ।ਮਿਸੀਸਾਗਾ ਕੁਕਸਵਿਲ ਹਲਕੇ ਤੋਂ ਦੀਪਿਕਾ ਡਰਮੇਲ ਨੇ ਪੀਸੀ ਦੇ ਜੌਰਿਨ ਚਰਚਿਨ ਅਤੇ ਐਨ ਡੀ ਪੀ ਦੇ ਫਿਆਜ ਕਰੀਮ ਨੂੰ ਹਰਾ ਕਿ ਜਿੱਤ ਹਾਸਲ ਕੀਤੀ। ਈਟੋਬੀਕੋ ਨਾਰਥ ਤੋਂ ਡਾ: ਸ਼ਫੀਕ ਕਾਦਰੀ ਲਿਬਰਲ ਨੇ ਪੀਸੀ ਦੇ ਟੋਨੀ ਮੀਲੋਨ ਅਤੇ ਐਨ ਡੀ ਪੀ ਦੇ ਨਾਈਗਲ ਬੈਰਫ ਨੂੰ ਹਰਾ ਕੇ ਤੀਜੀ ਵਾਰ ਜਿੱਤ ਦਾ ਸਿਹਰਾ ਸਜਾਇਆ।



