ਪ੍ਰਧਾਨ ਮੰਤਰੀ ਨੇ ਲਈ ਹਾਲਾਤ ਦੀ ਜਾਣਕਾਰੀ
ਸ੍ਰੀਨਗਰ, 13 ਜੂਨ (ਪੀ. ਟੀ. ਲਾਇਵ)- ਰੱਖਿਆ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਜੰਮੂ ਕਸ਼ਮੀਰ ਦੌਰੇ ਤੋਂ ਇੱਕ ਦਿਨ ਪਹਿਲਾਂ ਪਾਕਿਸਤਾਨੀ ਫੌਜ ਵੱਲੋਂ ਸ਼ੁੱਕਰਵਾਰ ਨੂੰ ਯੁੱਧਬੰਦੀ ਦੀ ਉਲੰਘਣਾ ਕਰਦੇ ਹੋਏ ਪੁਣਛ ਜ਼ਿਲ੍ਹੇ ਵਿੱਚ ਐਲ ਓ ਸੀ ’ਤੇ ਸਥਿੱਤ ਭਾਰਤੀ ਚੋਂਕੀਆਂ ’ਤੇ ਜ਼ੋਰਦਾਰ ਫਾਇਰਿੰਗ ਕੀਤੀ ਗਈ। ਭਾਰਤੀ ਫੌਜੀਆਂ ਨੇ ਸੰਯਮ ਰੱਖਦੇ ਹੋਏ ਇਸ ਫਾਇਰਿੰਗ ਦਾ ਜੁਆਬ ਵੀ ਦਿੱਤਾ। ਕੋਮਾਂਤਰੀ ਹੱਦ ਉਪਰ ਗੋਲੀਬਾਰੀ ਦੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਥੱਲ ਸੈਨਾ ਦੇ ਮੁਖੀ ਤੋਂ ਇਸ ਸੰਬੰਧੀ ਜਾਣਾਕਰੀ ਲਈ। ਪ੍ਰਧਾਨ ਮੰਤਰੀ ਨਾਲ ਲੱਗਭੱਗ ਤਿੰਨ ਘੰਟੇ ਤੱਕ ਚੱਲੀ ਬੈਠਕ ਵਿੱਚ ਰੱਖਿਆ ਮੰਤਰੀ ਸ੍ਰੀ ਜੇਤਲੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਡੋਭਾਲ ਵੀ ਹਾਜ਼ਰ ਸਨ। ਸ੍ਰੀ ਜੇਤਲੀ ਸ਼ਨੀਵਾਰ ਨੂੰ ਇਸ ਖੇਤਰ ਵਿੱਚ ਦੌਰੇ ’ਤੇ ਜਾ
ਰਹੇ ਹਨ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਸ੍ਰੀ ਉਮਰ ਅਬਦੁਲਾ ਵੀ ਸੀਮਾ ਪਾਰ ਤੋਂ ਫਾਇਰਿੰਗ ਦੇ ਸਮੇਂ ’ਤੇ ਸੁਆਲ ਉਠਾਏ ਹਨ। ਇੱਕ ਦਿਨ ਪਹਿਲਾਂ ਪਾਕਿਸਤਾਨੀ ਫੌਜ ਵੱਲੋਂ ਵੀਰਵਾਰ ਨੂੰ ਪੁਣਛ ਜ਼ਿਲੇ ਦੇ ਬਾਲਕੋਟ ਸੈਕਟਰ ਵਿੱਚ ਘੁੱਸਪੈਠ ਕਰਕੇ ਭਾਰਤੀ ਇਲਾਕੇ ਵਿੱਚ ਆਈ ਈ ਡੀ ਬੰਬ ਲਗਾ ਦਿੱਤਾ ਸੀ। ਇਸ ਦੇ ਬਾਅਦ ਜਦੋਂ ਭਾਰਤੀ ਫੌਜੀ ਗਸ਼ਤ ਕਰਦੇ ਹੋਏ ਖੇਤਰ ਵਿੱਚੋਂ ਗੁਜ਼ਰੇ ਤਾਂ ਪਾਕਿਸਤਾਨੀ ਫੌਜੀਆਂ ਨੇ ਰਿਮੋਟ ਨਾਲ ਧਮਾਕਾ ਕਰ ਦਿੱਤਾ ਜਿਸ ਵਿੱਚ ਇੱਕ ਭਾਰਤੀ ਫੌਜੀ ਮਾਰਿਆ ਗਿਆ ਜਦੋਂ ਕਿ ਇੱਕ ਮੇਜਰ ਸਣੇ ਤਿੰਨ ਸੈਨਿਕ ਜ਼ਖਮੀ ਹੋ ਗਏ ਸਨ। ਪੁਣਛ ਤੋਂ ਮਿਲੀ ਸੂਚਨਾ ਮੁਤਾਬਿਕ ਅੱਜ ਸਵੇਰੇ ਤੜਕੇ ਪਾਕਿਸਤਾਨੀ ਫੌਜੀਆਂ ਨੇ ਤਾਰਕੁੰਡੀ ਇਲਾਕੇ ਵਿੱਚ ਭਾਰਤੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਪਹਿਲਾਂ ਹਲਕੇ ਹਥਿਆਰਾਂ ਨਾਲ ਫਿਰ ਮੋਟਾਰਰੇ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਭਾਰਤੀ ਫੋਜੀਆਂ ਨੇ ਪਹਿਲਾਂ ਸੰਯਮ ਬਣਾਈ ਰੱਖਿਆ ਫਿਰ ਜਦੋਂ ਪਾਕਿਸਤਾਨੀ ਗੋਲੇ ਨਾਗਰਿਕ ਠਿਕਾਣਿਆਂ ’ਤੇ ਪੁੱਜਣੇ ਸ਼ੁਰੂ ਹੋਏ ਤਾਂ ਭਾਰਤੀ ਫੌਜੀਆਂ ਨੂੰ ਵੀ ਜੁਆਬੀ ਫਾਇਰਿੰਗ ਕਰਨੀ ਪਈ। ਇਸ ਤੋਂ ਬਾਅਦ ਦੋਵੇਂ ਪਾਸਿਓਂ ਭਿਆਨਕ ਗੋਲੀਬਾਰੀ ਸ਼ੁਰੂ ਹੋ ਗਈ। ਕਰੀਬ 1 ਘੰਟੇ ਤੱਕ ਚੱਲੀ ਇਸ ਗੋਲੀਬਾਰੀ ਦੀ ਤੀਬਰਤਾ ਫਿਰ ਘੱਟ ਗਈ। ਇਸ ਖੇਤਰ ਵਿੱਚ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਰੱਖਿਆ ਮੰਤਰੀ ਸ਼ਨੀਵਾਰ ਨੂੰ ਆ ਰਹੇ ਹਨ।



