191 ਸ਼ਹਿਰਾਂ ਅਤੇ ਕਸਬਿਆਂ ਵਿਚ ਖੁਲਣਗੇ 229 ਨਾਗਰਿਕ ਸੁਵਿਧਾ ਕੇਂਦਰ
ਚੰਡੀਗੜ੍ਹ, 13 ਜੂਨ (ਪੀ. ਟੀ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿਚ ਲੋਕਾਂ ਨੂੰ ਨਾਗਰਿਕ ਸੇਵਾਵਾਂ ਆਨਲਾਈਨ ਮੁਹੱਈਆ ਕਰਵਾਉਣ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਾਜੈਕਟ ਨੂੰ ਮੰਜੂਰੀ ਦੇ ਦਿੱਤੀ ਗਈ ਹੈ ਜਿਸ ਤਹਿਤ 398.62 ਕਰੋੜ ਰੁਪਏ ਨਾਲ 191 ਸ਼ਹਿਰਾਂ ਅਤੇ ਕਸਬਿਆਂ ਵਿਚ 229 ਨਾਗਰਿਕ ਸੁਵਿਧਾ ਕੇਂਦਰ ਸਥਾਪਿਤ ਕੀਤੇ ਜਾਣਗੇ। ਅੱਜ ਇਥੇ ਸ. ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਈ-ਗਵਰਨੈਂਸ ਪ੍ਰਾਜੈਕਟ ਤਹਿਤ 191 ਸ਼ਹਿਰਾਂ ਸਥਾਨਕ ਸੰਸਥਾਵਾਂ ਵਿਚ 229 ਨਾਗਰਿਕ ਸੁਵਿਧਾ ਕੇਂਦਰ ਸਥਾਪਿਤ ਕਰਕੇ 149 ਸੇਵਾਵਾਂ ਲੋਕਾਂ ਨੂੰ ਆਨਲਾਈਨ ਮੁਹੱਈਆ ਕਰਵਾਈਆਂ ਜਾਣਗੀਆਂ ਜਿਸ ਨਾਲ ਜਿਥੇ ਪ੍ਰਸ਼ਾਸ਼ਕੀ ਕੰਮਾਂ ਵਿਚ ਤੇਜੀ ਆਵੇਗੀ ਉਥੇ ਨੌਕਰਸ਼ਾਹੀ ਦੀ ਜਵਾਬਦੇਹੀ ਨਿਰਧਾਰਤ ਕਰਨੀ ਵੀ
ਸੌਖੀ ਹੋਵੇਗੀ। ਸ. ਬਾਦਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਡੀ.ਬੀ.ਓ.ਓ.ਟੀ (ਡਿਜ਼ਾਈਨ ਬਣਾਓ ਚਲਾਓ, ਅਪਣਾਓ ਅਤੇ ਤਬਦੀਲ ਕਰੋ) ਦੇ ਅਧਾਰ ’ਤੇ 7 ਸਾਲ ਲਈ ਹੋਵੇਗਾ। ਇਸ ਸਬੰਧੀ ਟੈਂਡਰਾਂ ਦੀ ਪ੍ਰਕ੍ਰਿਆ ਇਸ ਸਾਲ ਅਕਤੂਬਰ ਤੱਕ ਮੁਕੰਮਲ ਹੋਵੇਗੀ ਅਤੇ ਪ੍ਰਾਜੈਕਟ ਦਾ ਪਹਿਲਾ ਪੜ੍ਹਾ ਅਗਲੇ ਸਾਲ ਦੇ ਮਾਰਚ ਤੱਕ ਲਾਗੂ ਕਰ ਦਿੱਤਾ ਜਾਵੇਗਾ।ਇਸ ਪ੍ਰਾਜੈਕਟ ਦੇ ਉਦੇਸ਼ਾਂ ਬਾਰੇ ਸ. ਬਾਦਲ ਨੇ ਕਿਹਾ ਕਿ ਇਸ ਨਾਲ ਜਿਥੇ ਲੋਕਾਂ ਨੂੰ ਬਿਨ੍ਹਾਂ ਕਿਸੇ ਖੱਜਲਖੁਆਰੀ ਤੋਂ ਸਾਰੀਆਂ ਸਹੂਲਤਾਂ ਮਿਲਣਗੀਆਂ ਉਥੇ ਪ੍ਰਸ਼ਾਸ਼ਨ ਵੀ ਪਾਰਦਰਸ਼ੀ ਤਰੀਕੇ ਨਾਲ ਕੰਮ ਕਰੇਗਾ। ਸ. ਬਾਦਲ ਨੇ ਕਿਹਾ ਕਿ 191 ਸ਼ਹਿਰੀ ਸੰਸਥਾਵਾਂ ਵਿਚ 10 ਨਗਰ ਨਿਗਮਾਂ, 153 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਅਤੇ 28 ਨਗਰ ਸੁਧਾਰ ਟਰੱਸਟ ਸ਼ਾਮਲ ਹਨ ਅਤੇ ਇਨ੍ਹਾਂ ਸਾਰੀਆਂ ਸੰਸਥਾਵਾਂ ਦੇ ਅਧਿਕਾਰੀ ਖੇਤਰ ਵਿਚ ਆਉਣ ਵਾਲੀ ਜਨ ਸੰਖਿਆ ਨੂੰ ਖੇਤੀਬਾੜੀ, ਸਿਹਤ, ਸਿੱਖਿਆ, ਮਨੋਰੰਜਨ, ਬੈਂਕਿੰਗ, ਬੀਮਾ, ਪੈਨਸ਼ਨ ਆਦਿ ਨਾਲ ਸਬੰਧਤ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਮਾਜਿਕ ਅਤੇ ਆਰਥਿਕ ਬਦਲਾਵ ਲਈ ਇਹ ਨਾਗਰਿਕ ਸੁਵਿਧਾ ਕੇਂਦਰ ਮੀਲ ਦਾ ਪੱਥਰ ਸਾਬਤ ਹੋਣਗੇ। ਸ. ਬਾਦਲ ਨੇ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਸ਼ਕਤੀ ਲੋਕਾਂ ਦੇ ਹੱਥ ਦੇਣ ਦੀ ਵਿਵਸਥਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 149 ਸੇਵਾਵਾਂ ਪ੍ਰਾਪਤ ਕਰਨ ਲਈ ਸਰਕਾਰੀ ਦਫਤਰਾਂ ਵਿਚ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰ ਬੈਠਿਆਂ ਹੀ ਇਹ ਸਾਰੀਆਂ ਸੇਵਾਵਾਂ ਆਨਲਾਈਨ ਪ੍ਰਾਪਤ ਕਰ ਸਕਣਗੇ।



