ਬਠਿੰਡਾ, 4 ਫ਼ਰਵਰੀ (ਗੁਰਮੀਤ ਸੇਮਾ)- ਸਿਵਲ ਸਰਜਨ ਡਾ. ਅਮਰੀਕ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਸਿਹਤ ਵਿਭਾਗ ਵੱਲੋਂ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਵਰਕਸ਼ਾਪ ਅਯੋਜਿਤ ਕੀਤੀ ਗਈ। ਇਸ ਮੌਕੇ ਡਾ. ਅਮਰੀਕ ਸਿੰਘ ਸੰਧੂ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਦੁਨੀਆਂ ਭਰ ਵਿੱਚ ਹੋਣ ਵਾਲੀਆਂ, ਰੋਕੀਆਂ ਜਾਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਵੱਡਾ ਕਾਰਣ ਤੰਬਾਕੂ ਦਾ ਸੇਵਨ ਹੈ। ਉਨ੍ਹਾਂ ਕਿਹਾ ਕਿ ਤੰਬਾਕੂ ਦੇ ਬੁਰੇ ਪ੍ਰਭਾਵਾਂ ਸਬੰਧੀ ਆਮ ਜਨਤਾ ਅਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿਹਤ ਸਿੱਖਿਆ ਕੈਂਪਾਂ ਰਾਹੀਂ ਜਾਗਰੂਕ ਕੀਤਾ ਜਾਵੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾਂ ਸ਼ਰਮਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰੇ ਤੰਬਾਕੂ ਉਤਪਾਦ ਸਿਹਤ ਲਈ ਹਾਨੀਕਾਰਕ ਹਨ, ਕੋਈ ਵੀ ਤੰਬਾਕੂ ਉਤਪਾਦ ਕਿਸੇ ਵੀ ਰੂਪ ਵਿੱਚ ਸੁਰੱਖਿਅਤ ਨਹੀਂ ਹੈ। ਸਿਗਰੇਟ, ਬੀੜੀ ਅਤੇ ਤੰਬਾਕੂ ਵਿੱਚ ਇੱਕ ਨਿਕੋਟੀਨ ਨਾਮ ਦਾ ਖ਼ਤਰਨਾਕ ਪਦਾਰਥ ਹੁੰਦਾ ਹੈ ਜੋ ਆਦਮੀ ਨੂੰ ਵਾਰ-ਵਾਰ ਸਿਗਰਟਨੋਸ਼ੀ ਕਰਨ ਦੀ ਇੱਛਾ ਪੈਦਾ ਕਰਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕੌਮੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਕੋਟਪਾ ਐਕਟ 2003 ਦੇ ਅਨੁਸਾਰ ਜਨਤਕ ਸਥਾਨਾਂ ‘ਤੇ ਤੰਬਾਕੂ ਨੋਸ਼ੀ ਦੀ ਪੂਰਨ ਤੌਰ ‘ਤੇ ਮਨਾਹੀ ਹੈ। ਜੇਕਰ ਫ਼ਿਰ ਵੀ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦਾ ਚਲਾਨ ਕੀਤਾ ਜਾਵੇ। ਇਸ ਐਕਟ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਰੋਜੀ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੰਬਾਕੂ ਦੀ ਵਰਤੋਂ ਨਾਲ ਦਮ੍ਹਾਂ, ਵਾਰ-ਵਾਰ ਛਾਤੀ ਦੀ ਇਨਫੈਕਸ਼ਨ, ਦਿਲ ਰੋਗ, ਮੂੰਹ, ਗਲੇ ਅਤੇ ਫੇਫੜੇ ਦਾ ਕੈਂਸਰ ਆਦਿ ਹੋ ਸਕਦਾ ਹੈ। ਔਰਤਾਂ ਵਿੱਚ ਤੰਬਾਕੂ ਦੇ ਸੇਵਨ ਨਾਲ ਬੱਚੇ ਦਾ ਨਾ ਠਹਿਰਣਾ, ਵਾਰ-ਵਾਰ ਗਰਭਪਾਤ, ਨਵ ਜਨਮੇਂ ਬੱਚੇ ਦਾ ਜਨਮ ਸਮੇਂ ਘੱਟ ਵਜਨ, ਮਰੇ ਹੋਏ ਬੱਚੇ ਦਾ ਜਨਮ, ਗੁਪਤ ਅੰਗ ਦਾ ਕੈਂਸਰ ਆਦਿ ਹੋ ਸਕਦਾ ਹੈ। ਜੇਕਰ ਕੋਈ ਵਿਅਕਤੀ ਸਿਗਰੇਟ ਬੀੜੀ ਦੀ ਭੈੜੀ ਆਦਤ ਨੂੰ ਛੱਡਣਾ ਚਾਹੁੰਦੇ ਹੋ ਤਾਂ ਦ੍ਰਿੜ ਇੱਛਾ ਸ਼ਕਤੀ ਨਾਲ ਸਿਵਲ ਹਸਪਤਾਲ ਵਿਖੇ ਮਾਹਿਰ ਡਾਕਟਰ ਨਾਲ ਤਾਲਮੇਲ ਕਰਕੇ ਸਿਗਰੇਟਨੋਸ਼ੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਡੈਂਟਲ ਮੈਡੀਕਲ ਅਫ਼ਸਰ ਡਾ. ਗਰੀਸ਼ ਗਰਗ ਵੱਲੋਂ ਤੰਬਾਕੂ ਕਾਰਨ ਦੰਦਾਂ ਉਪਰ ਪੈਣ ਵਾਲੇ ਬੁਰੇ ਪ੍ਰਭਾਵਾਂ ਅਤੇ ਤੰਬਾਕੂ ਕਾਰਨ ਦੰਦਾਂ ਦੀਆਂ ਬਿਮਾਰੀਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਨਤਕ ਥਾਵਾਂ ਜਿਵੇਂ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ, ਕਾਲਜ, ਸਕੂਲ, ਮੈਰਿਜ਼ ਪੈਲਿਸ, ਹੋਟਲ, ਰੈਸਟੋਰੈਂਟ, ਜਨਤਕ ਪਾਰਕ ਆਦਿ ਥਾਵਾਂ ‘ਤੇ ਕੋਈ ਵੀ ਵਿਅਕਤੀ ਤੰਬਾਕੂ ਦਾ ਸੇਵਨ ਨਹੀਂ ਕਰ ਸਕਦਾ ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ਵਿਅਕਤੀ ਦਾ ਚਲਾਨ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਕੁੰਦਨ ਕੁਮਾਰ ਪਾਲ, ਡਿਪਟੀ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ, ਸ਼੍ਰੀ ਕੇਵਲ ਕ੍ਰਿਸ਼ਨ, ਸ਼੍ਰੀ ਜਗਦੀਸ਼ ਰਾਮ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਜਗਤਾਰ ਸਿੰਘ ਬਰਾੜ ਤੋਂ ਇਲਾਵਾ ਸਿਹਤ ਵਿਭਾਗ ਦੇ ਬਲਾਕ ਐਕਸ਼ਟੈਨਸ਼ਨ ਐਜੂਕੇਟਰ, ਹੈਲਥ ਸੁਪਰਵਾਇਜ਼ਰਾਂ ਨੇ ਸ਼ਮੂਲੀਅਤ ਕੀਤੀ।
ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਵਰਕਸ਼ਾਪ ਆਯੋਜਿਤ



