ਰੂਪਨਗਰ, 31 ਜਨਵਰੀ (ਲਾਡੀ ਖਾਬੜਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਅਮਰਿੰਦਰ ਸਿੰਘ ਸਰਕਾਰ ਨੇ ਜਾਣ ਬੁੱਝ ਕੇ ਰੋਪੜ ਸ਼ਹਿਰ ਦੇ ਵਿਕਾਸ ਕਾਰਜ ਠੱਪ ਕਰ ਦਿੱਤੇ ਹਨ ਤੇ ਕੇਂਦਰ ਸਰਕਾਰ ਤੋਂ ਆਈ ਗਰਾਂਟ ਵਰਤਣ ਵਾਸਤੇ ਵੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਰੋਪੜ ਸ਼ਹਿਰ ਵਿਚ ਨਗਰ ਕੌਂਸਲ ਕਿਉਂਕਿ ਅਕਾਲੀ ਦਲ ਤੇ ਭਾਜਪਾ ਕੋਲ ਹੈ, ਇਸ ਵਾਸਤੇ ਸਰਕਾਰ ਜਾਣ ਬੁੱਝ ਕੇ ਕੰਮਾਂ ਵਿਚ ਅੜਿਕਾ ਲਗਾ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ 14ਵੇਂ ਵਿੱਤ ਕਮਿਸ਼ਨ ਦੀ 3 ਕਰੋੜ ਰੂਪਏ ਦੀ ਗਰਾਂਟ ਇਕ ਸਾਲ ਤੋਂ ਵੱਧ ਸਮੇਂ ਤੋਂ ਪ੍ਰਾਪਤ ਹੋਈ ਸੀ ਪਰ ਵਿਕਾਸ ਕਾਰਜਾਂ ਦੇ ਮਤਿਆਂ ‘ਤੇ ਵਿਭਾਗ ਨੇ ਰੋਕ ਲਗਾ ਰੱਖੀ ਹੈ ਜਿਸ ਕਾਰਨ ਗਰਾਂਟ ਅਣਵਰਤੀ ਪਈ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਵਿਕਾਸ ਕਾਰਜਾਂ ਵਾਸਤੇ ਗਰਾਂਟ ਦੇਣ ‘ਤੇ ਅਣਐਲਾਨੀ ਰੋਕ ਲਗਾ ਰੱਖੀ ਹੈ। ਉਹਨਾਂ ਦੱਸਿਆ ਕਿ ਨਗਰ ਕੌਂਸਲ ਦਾ 1 ਕਰੋੜ ਰੁਪਏ ਜੀ ਐਸ ਟੀ ਦੇ ਸਰਕਾਰ ਵੱਲ ਬਕਾਇਆ ਹੈ ਪਰ ਇਸਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਇਸੇ ਤਰ•ਾਂ 1 ਕਰੋੜ ਰੁਪਏ ਆਬਕਾਰੀ ਡਿਊਟੀ ਬਣਦੀ ਹੈ ਜੋ ਆਮ ਤੌਰ ‘ਤੇ ਮਈ ਤੋਂ ਦਸੰਬਰ ਮਹੀਨੇ ਵਿਚ ਆ ਜਾਂਦੀ ਹੈ ਪਰ ਹਾਲੇ ਤੱਕ ਇਸਦੀ ਅਦਾਇਗੀ ਨਹੀਂ ਹੋਈ।
ਅਮਰਿੰਦਰ ਸਰਕਾਰ ਨੇ ਜਾਣ ਬੁੱਝ ਕੇ ਰੋਪੜ ਦੇ ਵਿਕਾਸ ਕਾਰਜ ਠੱਪ ਕੀਤੇ : ਡਾ. ਦਲਜੀਤ ਸਿੰਘ ਚੀਮਾ



