ਚੰਡੀਗੜ੍ਹ, 10 ਜੂਨ (ਪੀ. ਟੀ)- ਜੱਥੇਦਾਰ ਤੋਤਾ ਸਿੰਘ, ਡਾ. ਦਲਜੀਤ ਸਿੰਘ ਚੀਮਾ ਤੇ ਸੋਹਣ ਸਿੰਘ ਠੰਡਲ ਨੇ ਅੱਜ ਪੰਜਾਬ ਦੇ ਨਵੇਂ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕ ਲਈ ਗਈ। ਇਨ੍ਹਾਂ ਨੂੰ ਸਹੁੰ ਚੁਕਾਉਣ ਦੀ ਰਸਮ ਪੰਜਾਬ ਦੇ ਗਵਰਨਰ ਸ਼ਿਵਰਾਜ ਪਾਟਿਲ ਨੇ ਨਿਭਾਈ। ਇਸ ਮੌਕੇ ਤਿੰਨਾਂ ਆਗੂਆਂ ਦੇ ਪਰਿਵਾਰਾਂ ਤੋਂ ਇਲਾਵਾ ਸਮਰਥਕ ਵੀ ਹਾਜ਼ਰ ਸਨ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਮਹੱਤਵਪੂਰਨ ਮੌਕੇ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਦੇ ਕਈ ਮੰਤਰੀ ਤੇ ਸੀਨੀਅਰ ਲੀਡਰ, ਪੰਜਾਬ ਭਾਜਪਾ ਪ੍ਰਧਾਨ ਵੀ ਗੈਰਹਾਜ਼ਰ ਰਹੇ। ਸਭ ਤੋਂ ਪਹਿਲਾਂ ਸਹੁੰ ਜਥੇਦਾਰ ਤੋਤਾ ਸਿੰਘ ਨੇ ਚੁੱਕੀ, ਉਪਰੰਤ ਠੰਡਲ ਤੇ ਡਾ. ਚੀਮਾ ਨੇ ਸਹੁੰ ਚੁੱਕੀ। ਆਪੋ-ਆਪਣੀ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾਂ ਗਵਰਨਰ ਦਾ ਧੰਨਵਾਦ ਕਰਨ ਉਪਰੰਤ ਤਿੰਨਾਂ
ਆਗੂਆਂ ਨੇ ਵਾਰੋ-ਵਾਰੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾ ਕੇ ਉਨ੍ਹਾਂ ਦਾ ਆਸ਼ਿਰਵਾਦ ਲਿਆ। ਕੈਬਨਟ ’ਚ ਵਿਸਥਾਰ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਜਾਰਤ ਚ ਇਹ ਅਹੁਦੇ ਖਾਲੀ ਗਏ ਸਨ, ਇਸ ਲਈ ਇਨ੍ਹਾਂ ਨੂੰ ਭਰਿਆ ਗਿਆ ਹੈ ਤਾਂ ਕਿ ਸਰਕਾਰ ਦਾ ਕੰਮ ਠੀਕ ਤਰ੍ਹਾਂ ਚੱਲ ਸਕੇ। ਇਹ ਪੁੱਛੇ ਜਾਣ ’ਤੇ ਕਿ ਕੀ ਕੈਬਨਿਟ ’ਚ ਇਸ ਵਾਧੇ ਦਾ ਪਿਛਲੀ ਦਿਨੀਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੀਤੀਆਂ 3 ਦਿਨਾਂ ਰਿਵਿਊ ਮੀਟਿੰਗਾਂ ਨਾਲ ਕੋਈ ਸਬੰਧ ਹੈ ਤਾਂ ਬਾਦਲ ਨੇ ਇਸ ਤੋਂ ਇੰਨਕਾਰ ਕਰਦਿਆਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ।
ਜ਼ਿਕਰਯੋਗ ਹੈ ਜਿਥੇ ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਗੈਰਹਾਜ਼ਰ ਰਹੇ, ਉਥੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਅਜੀਤ ਸਿੰਘ ਕੋਹਾੜ, ਅਨਿਲ ਜੋਸ਼ੀ, ਚੁੰਨੀ ਲਾਲ, ਸੁਰਜੀਤ ਕੁਮਾਰ ਜਿਆਣੀ ਸਮੇਤ ਕਈ ਚੀਫ਼ ਪਾਰਲੀਮਾਨੀ ਸੈਕਟਰੀ ਗੈਰਹਾਜਰ ਰਹੇ। ਇਸ ਤੋਂ ਇਲਾਵਾ ਮੰਤਰੀਆਂ ਦੇ ਅਹੁਦੇ ਲਈ ਦੌੜ ’ਚ ਚਲ ਰਹੇ ਹਰੀ ਸਿੰਘ ਜੀਰਾ ਤੇ ਗੁਰਬਚਨ ਸਿੰਘ ਬੱਬੇਹਾਲੀ, ਮਹਿੰਦਰ ਕੌਰ ਜੋਸ਼ ਵੀ ਗੈਰਹਾਜ਼ਰ ਸਨ। ਜ਼ਿਕਰਯੋਗ ਹੈ ਕਿ ਅਨਿਲ ਜੋਸ਼ੀ ਤਾਂ ਅਜੇ ਚੰਡੀਗੜ੍ਹ ਵਿਖੇ ਆਪਣੇ ਦਫਤਰ ’ਚ ਹੀ ਮੌਜੂਦ ਸਨ ਪਰ ਇਸ ਦੇ ਬਾਵਜੂਦ ਓਹ ਗੈਰਹਾਜ਼ਰ ਰਹੇ। ਜਦਕਿ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਿੱਲੀ ਦੌਰੇ ਤੇ ਹੋਣ ਕਾਰਨ ਸਮਾਗਮ ’ਚ ਹਾਜ਼ਰ ਨਹੀਂ ਹੋ ਸਕੇ।
ਉਂਝ ਸਮਾਗਮ ਚ ਅਕਾਲੀ ਦਲ ਪ੍ਰਧਾਨ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ, ਕੈਬਨਟ ਮੰਤਰੀ ਆਦੇਸ਼ ਪ੍ਰਤਾਪ ਕੈਰੋਂ ਗੁਲਜਾਰ ਸਿੰਘ ਰਣੀਕੇ, ਮਦਨ ਮੋਹਨ ਮਿੱਤਲ, ਜਨਮੇਜਾ ਸਿੰਘ ਸੇਖੋਂ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸ਼ਰਨਜੀਤ ਢਿਲੋਂ ਸਮੇਤ ਕਈ ਹੋਰ ਆਗੂ ਸਮਾਗਮ ਚ ਮੌਜੂਦ ਰਹੇ।



