ਰੋਪੜ, 10 ਜੂਨ (ਅਰਵਿੰਦਰ ਭਾਰਦਵਾਜ)- ਪੰਜਾਬ ਦੇ ਰੋਪੜ ਜ਼ਿਲੇ ‘ਚ ਨਹਿਰ ‘ਚ ਡੁੱਬ ਜਾਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ। ਘਨੌਲੀ ‘ਚ ਤਿੰਨ ਲੋਕ ਕਾਰ ਸਮੇਤ ਭਾਖੜਾ ਨਹਿਰ ‘ਚ ਡੁੱਬ ਗਏ, ਦੂਜੇ ਪਾਸੇ ਨੂਰਪੁਰਬੇਦੀ ਬਲਾਕ ਦੇ ਪਿੰਡ ਗਨੂਰਾ ‘ਚ ਇਕ ਨੌਜਵਾਨ ਆਪਣੇ ਦੋ ਭਤੀਜਿਆਂ ਸਮੇਤ ਸਤਲੁਜ ਦਰਿਆ ਦੇ ਤੇਜ਼ ਵਹਾਅ ‘ਚ ਵਹਿ ਗਿਆ। ਜਾਣਕਾਰੀ ਮੁਤਾਬਕ ਰੋਪੜ ਦੇ ਨਜ਼ਦੀਕ ਘਨੌਲੀ ‘ਚ ਐਤਵਾਰ ਦੇਰ ਰਾਤ ਨੂੰ ਇਕ ਕਾਰ ਨਹਿਰ ‘ਚ ਡਿਗ ਗਈ। ਇਸ ‘ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਦੋ ਲੋਕਾਂ ਦੀਆਂ ਲਾਸ਼ਾਂ ਅਤੇ ਕਾਰ ਨੂੰ ਸੱਤ ਘੰਟਿਆਂ ਦੀ ਮਿਹਨਤ ਤੋਂ ਬਾਅਦ ਨਹਿਰ ‘ਚੋਂ ਬਾਹਰ ਕੱਢਿਆ ਜਾ ਸਕਿਆ। ਇਕ ਵਿਅਕਤੀ ਦੀ ਭਾਲ ਅਜੇ ਜਾਰੀ ਹੈ। ਕਾਰ ਦੇ ਨਹਿਰ ‘ਚ ਡਿਗਣ ਦਾ ਕਿਸੇ ਨੂੰ ਪਤਾ ਨਹੀਂ ਲੱਗਿਆ ਪਰ ਜਦੋਂ
ਸਵੇਰੇ ਨਹਿਰ ਦੇ ਕਿਨਾਰੇ ਕਾਰ ਦਾ ਬੰਪਰ ਡਿਗਿਆ ਹੋਇਆ ਲੋਕਾਂ ਨੇ ਦੇਖਿਆ ਤਾਂ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ ਅਤੇ ਦੋ ਲਾਸ਼ਾਂ ਵੀ ਬਰਾਮਦ ਕੀਤੀਆਂ ਗਈਆਂ।
ਦੂਜੇ ਹਾਦਸੇ ਦੌਰਾਨ ਸ਼ਨੀਵਾਰ ਦੀ ਸ਼ਾਮ ਨੂੰ ਇਕ ਵਿਅਕਤੀ ਆਪਣੇ ਦੋ ਭਤੀਜਿਆਂ ਨਾਲ ਸਮਾਨ ਖਰੀਦਣ ਗਿਆ ਸੀ। ਐਤਵਾਰ ਸ਼ਾਮ ਤੱਕ ਉਸ ਦੇ ਘਰ ਨਾ ਆਉਣ ‘ਤੇ ਪਰਿਵਾਰ ਵਾਲਿਆਂ ਨੇ ਤਿੰਨਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਸੋਮਵਾਰ ਸਵੇਰੇ ਪਿੰਡ ਹਰਸਾਬੇਲਾ ਕੋਲ ਸਤਲੁਜ ਦਰਿਆ ਦੇ ਕਿਨਾਰੇ ਰਣਜੀਤ ਸਿੰਘ ਰਾਣਾ ਦੀ ਲਾਸ਼ ਨੂੰ ਕੁਝ ਲੋਕਾਂ ਨੇ ਦੇਖਿਆ ਤਾਂ ਇਸ ਦੀ ਸੂਚਨਾ ਪਿੰਡ ‘ਚ ਦਿੱਤੀ। ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਰਣਜੀਤ ਸਿੰਘ ਦੀ ਲਾਸ਼ ਨੂੰ ਦਰਿਆ ‘ਚੋਂ ਬਾਹਰ ਕੱਢਿਆ। ਉਸ ਦੇ ਦੋ ਭਤੀਜਿਆਂ ਦੀਆਂ ਲਾਸ਼ਾਂ ਕਾਫੀ ਦੇਰ ਬਾਅਦ ਵੀ ਦਰਿਆ ‘ਚੋਂ ਬਾਹਰ ਕੱਢੀਆਂ ਗਈਆਂ। ਅਜਿਹੇ ਹੀ ਇਕ ਹੋਰ ਮਾਮਲੇ ‘ਚ ਪਿੰਡ ਨਾਰਗਰਾਂ ‘ਚ ਇਕ ਵਿਅਕਤੀ ਸਮੁਦੀਆ ਨਹਿਰ ‘ਚ ਰੇਤ ਭਰਨ ਲਈ ਗਿਆ ਸੀ ਕਿ ਪਾਣੀ ਦੇ ਤੇਜ਼ ਵਹਾਅ ‘ਚ ਵਹਿ ਗਿਆ। ਪੁਲਸ ਅਜੇ ਤੱਕ ਉਸ ਦੀ ਭਾਲ ਕਰ ਰਹੀ ਹੈ।



