ਮੌੜ ਮੰਡੀ, 9 ਜਨਵਰੀ (ਹਰਵਿੰਦਰ ਸਿੰਘ ਅਵਿਨਾਸ਼, ਸੰਜੀਵ ਨੌਟੀ)- ਇਥੋ ਨੇੜਲੇ ਪਿੰਡ ਬੁਰਜ਼ ਸੇਮਾਂ ਦੇ ਖੇਤਾਂ ਵਿੱਚ ਕਿਸਾਨ ਅੱਜ ਉਸ ਸਮੇਂ ਭੜਕ ਗਏ ਜਦੋ ਪ੍ਰਾਈਵੇਟ ਕੰਪਨੀ ਵੱਲੋ ਤਲਵੰਡੀ ਸਾਬੋ ਤੋ ਜੰਮੂ ਤੱਕ ਪਾਈ ਜਾਣ ਵਾਲੀ ਗੈਸ ਪਾਇਪ ਲਾਇਨ ਲਈ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਦਾ ਉਜਾੜਾਂ ਕਰਨਾਂ ਸੁਰੂ ਕਰ ਦਿੱਤਾ । ਇਸ ਸੰਬੰਧੀ ਪਿੰਡ ਦੇ ਗੁਰਦੁਵਾਰਾ ਸਾਹਿਬ ਤੋ ਸੂਚਨਾਂ ਦਿੱਤੇ ਜਾਣ ਤੋਂ ਬਾਅਦ ਵੱਡੀ ਗਿਣਤੀ ਕਿਸਾਨਾਂ ਨੇ ਪਾਇਪ ਲਾਇਨ ਲਈ ਜ਼ਮੀਨ ਪੁੱਟ ਰਹੀਆਂ ਜੇ.ਬੀ.ਸੀ ਮਸ਼ੀਨਾਂ ਅੱਗੇ ਲੇਟ ਕੇ ਕੰਮ ਰੋਕ ਦਿੱਤਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗੁਵਾਈ ਵਿੱਚ ਇਕੱਤਰ ਕਿਸਾਨਾਂ ਵੱਲੋ ਪੰਜਾਬ ਸਰਕਾਰ ਅਤੇ ਪ੍ਰਾਈਵੇਟ ਕੰਪਨੀ ਖਿਲਾਫ ਪਾਰੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਆਗੂ ਹਰਜਿੰਦਰ ਸਿੰਘ ਬੱਗੀ , ਜਸਵੀਰ ਸਿੰਘ ਬੁਰਜ਼ ਸੇਮਾਂ ਅਤੇ ਦਰਸ਼ਨ ਸਿੰਘ ਮਾਇਸਰਖਾਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਵੱਲੋ ਕਿਸਾਨਾਂ ਤੋ ਜਬਰੀ ਜ਼ਮੀਨਾਂ ਖੋਹ ਕੇ ਧਨਾਢ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਦੀ ਨੀਤੀ ਤੇ ਚੱਲ ਰਹੀਆਂ ਹਨ ਅਤੇ ਅਜਿਹਾ ਕਰਦਿਆਂ ਕਿਸਾਨਾਂ ਅਤੇ ਭੌ ਮਾਲਕਾਂ ਦੇ ਹਿੱਤਾਂ ਨਾਂ ਸਿਰਫ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ ਸਗੋ ਲਗਾਤਾਰ ਕਿਸਾਨਾਂ ਨੂੰ ਆਰਥਿਕ ਤੌਰ ਤੇ ਤੋੜਿਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਗੈਸ ਪਾਇਪ ਲਾਇਨ ਪਾਉਣ ਲਈ ਖੇਤਾਂ ਵਿੱਚ ਖੜੀ ਕਣਕ ਦੀ ਫਸਲ , ਦਰੱਖਤਾਂ ਆਦਿ ਨੂੰ ਕਿਸਾਨਾਂ ਦੀ ਸਹਿਮਤੀ ਤੋ ਬਿਨਾਂ ਉਜਾੜਿਆ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਇਸ ਦਾ ਕੋਈ ਮੁਆਵਜ਼ਾ ਨਹੀ ਦਿੱਤਾ ਜਾ ਰਿਹਾ । ਇਸ ਦੇ ਨਾਲ ਹੀ ਪੀੜਿਤ ਕਿਸਾਨਾਂ ਨੂੰ ਜ਼ਮੀਨ ਦਾ ਮੁਅਵਜ਼ਾ ਦੇਣ ਦੀ ਬਜਾਏ ਮੁਆਵਜ਼ੇ ਦੀ ਰਕਮ ਸਾਂਝੇ ਖਾਤਿਆਂ ਵਿਚਲੇ ਸਮੂਹ ਕਿਸਾਨਾਂ ਨੂੰ ਵੰਡੀ ਜਾਂਦੀ ਹੈ । ਜਿਸ ਨਾਲ ਪੀੜਿਤ ਜ਼ਮੀਨ ਮਾਲਕ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀ ਮਿਲਦਾ । ਕਿਸਾਨ ਆਗੂਆਂ ਨੇ ਕਿਹਾ ਕਿ ਜਦੋ ਤੱਕ ਕੰਪਨੀ ਵੱਲੋ ਕਿਸਾਨਾਂ ਨੂੰ ਖੇਤ ‘ਚ ਖੜੀ ਫਸਲ ,ਰੁੱਖਾਂ ਆਦਿ ਦਾ ਮੁਆਵਜ਼ਾ ਨਹੀ ਦਿੱਤਾ ਜਾਂਦਾ ਉਦੋ ਤੱਕ ਖੇਤਾਂ ਅੰਦਰ ਗੈਸ ਪਾਇਪ ਲਾਇਨ ਦਾ ਕੰਮ ਸਿਰੇ ਲਹੀ ਚੜ੍ਹਨ ਦਿੱਤਾ ਜਾਵੇਗਾ।
ਬੁਰਜ ਸੇਮਾਂ ਵਿਖੇ ਕਿਸਾਨਾਂ ਨੇ ਗੈਸ ਪਾਇਪ ਲਾਇਨ ਪਾਉਣ ਦਾ ਕੰਮ ਰੋਕਿਆ



