ਅੰਮ੍ਰਿਤਸਰ, 8 ਜਨਵਰੀ (ਦਵਾਰਕਾ ਨਾਥ ਰਾਣਾ)- ਸਿੱਖ ਧਰਮ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਨਾਨਕਾਣਾ ਸਾਹਿਬ ਦੇ ਬਾਹਰ ਬੀਤੇ ਦਿਨੀ ਕੀਤਾ ਗਿਆ ਪਥਰਾਓੁ ਬਹੁਤ ਹੀ ਮੰਦਭਾਗਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ ਅਤੇ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਇਸ ਦੋਰਾਨ ਮੁਜਾਹਰਾਕਾਰੀਆ ਨੇ ਕਿਹਾ ਸੀ ਕਿ ਉਹ ਸਿੱਖਾਂ ਨੂੰ ਇੱਥੇ ਨਹੀ ਰਹਿਣ ਦੇਣਗੇ ਅਤੇ ਨਨਕਾਣਾ ਦਾ ਨਾਂਅ ਬਦਲਣ ਦੀ ਵੀ ਮੰਗ ਮੰਦਭਾਗੀ ਸੀ। ਉਨ੍ਹਾਂ ਕਿਹਾ ਕਿ ਮੁਜਾਹਰਾਕਾਰੀ ਉਸ ਮੁਸਲਮਾਨ ਨੌਜਵਾਨ ਜਿਸ ‘ਤੇ ਸਿੱਖ ਲੜਕੀ ਜਗਜੀਤ ਕੋਰ ਨੂੰ ਅਗਵਾ ਅਤੇ ਜਬਰੀ ਨਿਕਾਹ ਕਰਕੇ ਧਰਮ ਤਬਦੀਲ ਕਰਵਾਉਣ ਦਾ ਦੋਸ਼ ਲੱਗਾ ਸੀ, ਦੇ ਹਮਾਇਤੀ ਸਨ। ਲੜਕੀ ਅਤੇ ਨੋਜਵਾਨ ਨੇ ਮੈਜਿਸਟਰੇਟ ਸਾਹਮਣੇ ਨਿਕਾਹ ਕਰਨ ਦਾ ਦਾਅਵਾ ਕਰਦਿਆਂ ਬਾਕੀ ਦੋਸ਼ਾਂ ਨੂੰ ਨਕਾਰਿਆ ਸੀ। ਪਾਕਿਸਤਾਨ ਸਰਕਾਰ ਨੇ ਦਖਲ ਦੇ ਕੇ ਭਾਵੇਂ ਲੜਕੀ ਨੂੰ ਨਾਰੀ ਸਹਾਇਤਾ ਕੇਂਦਰ ਵਿੱਚ ਭੇਜ ਦਿੱਤਾ, ਪਰ ਉਹ ਅਜੇ ਤੱਕ ਪਰਿਵਾਰ ਕੋਲ ਵਾਪਸ ਨਹੀ ਪੁੱਜੀ। ਵਾਇਰਲ ਹੋਈ ਵੀਡੀਉ ਵਿਚ ਇਕ ਆਦਮੀ ਇਹ ਕਹਿੰਦਾ ਦਿਖਾਈ ਦੇ ਰਿਹਾ ਸੀ ਕਿ ਨਨਕਾਣੇ ਵਿਚ ਕੋਈ ਸਿੱਖ ਨਹੀ ਰਹਿਣ ਦੇਣਾ ਅਤੇ ਇਸ ਦਾ ਨਾਂ ਬਦਲ ਕੇ ਗੁਲਾਮ ਮੁਸਤਫਾ ਸ਼ਹਿਰ ਰੱਖਿਆ ਜਾਵੇ। ਸੰਧੂ ਰਣੀਕੇ ਨੇ ਇਸ ਮੰਦਭਾਗੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਿਆਂ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਪਾਕਿਸਤਾਨ ‘ਚ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾਵੇ।
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਹੋਇਆ ਹਮਲਾ ਅਤਿ ਨਿੰਦਣਯੋਗ : ਸੰਧੂ ਰਣੀਕੇ



