ਕੋਲਕਾਤਾ, 7 ਜੂਨ (ਪੀ. ਟੀ)-ਮਾਲਦਾ ਦੇ ਸਰਕਾਰੀ ਹਸਪਤਾਲ ‘ਚ ਅਣਪਛਾਤੀ ਬਿਮਾਰੀ ਕਾਰਨ 8 ਬੱਚਿਆਂ ਦੀ ਮੌਤ ਹੋ ਗਈ ਹੈ ਅਤੇ 17 ਦੀ ਹਾਲਤ ਗੰਭੀਰ ਹੈ। ਮਾਲਦਾ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਐਮ. ਕੇ. ਰਸ਼ੀਦ ਨੇ ਦੱਸਿਆ ਕਿ ਬੁਖਾਰ, ਉਲਟੀ ਆਦਿ ਹੋਣ ਤੋਂ ਬਾਅਦ ਵੀਰਵਾਰ ਰਾਤ ਹਸਪਤਾਲ ‘ਚ ਬੱਚਿਆਂ ਨੂੰ ਭਰਤੀ ਕੀਤਾ ਗਿਆ ਸੀ। ਇਨ੍ਹਾਂ ਦੀ ਉਮਰ ਇਕ ਸਾਲ ਤੋਂ ਲੈ ਕੇ 6 ਸਾਲ ਵਿਚਕਾਰ ਸੀ। ਸੂਤਰਾਂ ਨੇ ਦੱਸਿਆ ਕਿ ਹਸਪਤਾਲ ‘ਚ ਭਰਤੀ ਕੀਤੇ ਜਾਣ ਵਾਲੇ ਸਾਰੇ ਬੱਚੇ ਮਾਲਦਾ ਜ਼ਿਲ੍ਹੇ ਦੇ ਕਾਲੀਆਚਕ ਇਕ, ਦੋ ਅਤੇ ਤਿੰਨ ਬਲਾਕ ਦੇ ਰਹਿਣ ਵਾਲੇ ਸਨ। ਜ਼ਿਕਰਯੋਗ ਹੈ ਕਿ ਅੱਜ 3 ਹੋਰ ਬੱਚੇ ਉਲਟੀ ਅਤੇ ਬੁਖਾਰ ਕਾਰਨ ਹਸਪਤਾਲ ‘ਚ ਭਰਤੀ ਕੀਤੇ ਗਏ। ਚੇਤੇ ਰਹੇ ਕਿ ਮਾਲਦਾ ਦੇ ਸਰਕਾਰੀ
ਹਸਪਤਾਲ ‘ਚ ਬੱਚਿਆਂ ਦੀ ਮੌਤ ਹੁੰਦੀ ਰਹਿੰਦੀ ਹੈ। ਕੁਝ ਦਿਨ ਪਹਿਲਾਂ ਵੀ 7 ਬੱਚਿਆਂ ਦੀ ਮੌਤ ਹੋਈ ਸੀ। ਐਪਰ ਡਾਕਟਰਾਂ ਦਾ ਕਹਿਣਾ ਹੈ ਕਿ ਦੂਰ-ਦੂਰਾਢੇ ਤੋਂ ਬੱਚਿਆਂ ਨੂੰ ਆਖਰੀ ਸਮੇਂ ਲੈ ਕੇ ਆਉਣ ਕਾਰਨ ਬੱਚਿਆਂ ਦੀ ਮੌਤ ਹੁੰਦੀ ਹੈ, ਹਸਪਤਾਲ ਚ ਇਲਾਜ ਦੀ ਕੋਈ ਘਾਟ ਨਹੀਂ ਹੈ।



