ਹੁਸ਼ਿਆਰਪੁਰ ‘ਚ ਖੁੱਲ੍ਹੇਗਾ ਸਰਕਾਰੀ ਮੈਡੀਕਲ ਕਾਲਜ
ਹੁਸ਼ਿਆਰਪੁਰ, 2 ਜਨਵਰੀ (ਤਰਸੇਮ ਦੀਵਾਨਾ)- ਹੁਸ਼ਿਆਰਪੁਰ ਵਿੱਚ ਸਰਕਾਰੀ ਮੈਡੀਕਲ ਕਾਲਜ ਖੋਲ੍ਹਣ ਦੇ ਪ੍ਰਸਤਾਵ ਨੂੰ ਮੌਖਿਕ ਮਨਜ਼ੂਰੀ ਮਿਲਣ ਨਾਲ ਇਥੇ ਮੈਡੀਕਲ ਕਾਲਜ ਖੁੱਲ੍ਹਣ ਦੀ ਪ੍ਰਕ੍ਰਿਆ ਦਾ ਰਸਤਾ ਸਾਫ ਹੋ ਗਿਆ ਹੈ। ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਦੀ ਪਹਿਲਕਦਮੀ ਸਦਕਾ ਕੰਢੀ ਖੇਤਰ ਨੂੰ ਇਸ ਵੱਡੇ ਪ੍ਰੋਜੈਕਟ ਦੇ ਤੌਰ ‘ਤੇ ਸਰਕਾਰੀ ਮੈਡੀਕਲ ਕਾਲਜ ਮਿਲਿਆ ਹੈ। ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਨਵੇਂ ਸਾਲ ‘ਤੇ ਤੋਹਫ਼ੇ ਦੇ ਰੂਪ ਵਿੱਚ ਇਸ ਪ੍ਰੋਜੈਕਟ ਲਈ ਜਿਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਉਥੇ ਕੇਂਦਰ ਸਰਕਾਰ ਦਾ ਵੀ ਸ਼ੁਕਰਾਨਾ ਕੀਤਾ ਹੈ, ਕਿਉਂਕਿ ਮੈਡੀਕਲ ਕਾਲਜ ਖੋਲ੍ਹਣ ਲਈ ਮੁੱਖ ਮੰਤਰੀ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਚੋਣ ਕੀਤੀ ਅਤੇ ਕੇਂਦਰ ਨੇ ਵੀ ਪੰਜਾਬ ਸਰਕਾਰ ਦੀ ਇਸ ਸਿਫਾਰਸ਼ ਨੂੰ ਮੌਖਿਕ ਮਨਜ਼ੂਰੀ ਦਿੱਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸਭ ਕੁਝ ਮੁੱਖ ਮੰਤਰੀ ਪੰਜਾਬ ਦੀ ਦੂਰਦਰਸ਼ੀ ਸੋਚ ਕਾਰਨ ਹੀ ਸੰਭਵ ਹੋ ਪਾਇਆ ਹੈ, ਜਿਨ੍ਹਾਂ ਨੇ ਸੂਬੇ ਦੀ ਵਰਤਮਾਨ ਹਾਲਾਤਾਂ ਨੂੰ ਦੇਖਦੇ ਹੋਏ ਲੋਕ ਕਲਿਆਣ ਲਈ ਵਿੱਤ ਵਿਭਾਗ ਤੋਂ ਇਸ ਪ੍ਰੋਜੈਕਟ ਸਬੰਧੀ ਫਾਇਲ ਨੂੰ ਕਲੀਅਰ ਕਰਵਾਇਆ ਹੈ। ਉਨ੍ਹਾਂ ਕਿਹਾ ਕਿ 325 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਡੀਕਲ ਕਾਲਜ ਨਾਲ ਹੁਸ਼ਿਆਰਪੁਰ ਦੇ ਨਾਲ-ਨਾਲ ਹੋਰ ਜ਼ਿਲ੍ਹਿਆਂ ਤੇ ਗਵਾਂਢੀ ਰਾਜ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਲਾਭ ਪਹੁੰਚੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਨੂੰ ਨਵਾਂ ਮੈਡੀਕਲ ਕਾਲਜ ਦੇ ਤੌਰ ‘ਤੇ ਇਕ ਬਹੁਤ ਹੀ ਵੱਡਾ ਪ੍ਰੋਜੈਕਟ ਮਿਲਿਆ ਹੈ, ਜੋ ਕਿ ਵਿਭਾਗੀ ਸ਼ਰਤਾਂ ਅਨੁਸਾਰ ਕੇਵਲ ਹੁਸ਼ਿਆਰਪੁਰ ਵਿੱਚ ਬਣ ਸਕਦਾ ਸੀ, ਇਸ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਤੇ ਪਿੰਡ ਬੂਥਗੜ੍ਹ ਦੀ ਜਮੀਨ ਢੁਕਵੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਦੀ ਹਰ ਮੰਗ ਨੂੰ ਪਹਿਲ ਦੇ ਤੌਰ ‘ਤੇ ਪੂਰਾ ਕੀਤਾ ਹੈ, ਜਿਸ ਕਾਰਨ ਕਰੋੜਾਂ ਦੀ ਲਾਗਤ ਨਾਲ ਹੁਸ਼ਿਆਰਪੁਰ ਵਿੱਚ ਵਿਕਾਸ ਕਾਰਜਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਸ਼ਰਤ ਸੀ ਕਿ ਇਹ ਮੈਡੀਕਲ ਕਾਲਜ ਸਿਰਫ਼ ਉਸ ਜ਼ਿਲ੍ਹਾ ਹੈਡਕੁਆਟਰ ਵਿੱਚ ਖੁੱਲ੍ਹੇ ਜਿਥੇ 200 ਬੈਡ ਦਾ ਸਰਕਾਰੀ ਹਸਪਤਾਲ ਹੋਵੇ। ਇਸ ਲਈ ਕੁੱਲ 20 ਏਕੜ ਜਮੀਨ ਦੀ ਵੀ ਜ਼ਰੂਰਤ ਸੀ। ਇਸ ਤਰ੍ਹਾਂ ਹੁਸ਼ਿਆਰਪੁਰ ਸਿਵਲ ਹਸਪਤਾਲ 200 ਬੈਡ ਦੀ ਸ਼ਰਤ ਪੂਰੀ ਕਰਦਾ ਸੀ ਅਤੇ ਸਿਵਲ ਹਸਪਤਾਲ ਕੋਲ 12 ਏਕੜ ਜਮੀਨ ਵੀ ਸੀ, ਬਾਕੀ 8 ਏਕੜ ਜਮੀਨ ਪਿੰਡ ਬੂਥਗੜ੍ਹ ਦੇ ਟੂਰਿਸਟ ਵਿਭਾਗ ਕੋਲ ਪਈ ਸੀ, ਜਿਸ ਨੂੰ ਇਸਤੇਮਾਲ ਕਰਨ ਲਈ ਸਾਰੀ ਕਾਰਵਾਈ ਪੂਰੀ ਹੋ ਚੁੱਕੀ ਹੈ।



