ਰੂਪਨਗਰ, 31 ਦਸੰਬਰ (ਲਾਡੀ ਖਾਬੜਾ)- ਪੰਜਾਬ ਵਿੱਚ ਹੱਦੋਂ ਵੱਧ ਮਹਿੰਗੀ ਬਿਜਲੀ ਅਤੇ 1 ਜਨਵਰੀ 2020 ਤੋਂ ਫੇਰ ਤੀਂ 30 ਪੈਸੇ ਪ੍ਰਤੀ ਯੂਨਿਟ ਕੀਤੇ ਜਾ ਰਹੇ ਵਾਧੇ ਦੇ ਵਿਰੋਧ ਵਿੱਚ ਜਿਲਾ ਰੂਪਨਗਰ ਦੇ ਆਮ ਆਦਮੀ ਪਾਰਟੀ ਵਿੰਗ ਵੱਲੋਂ ਜਿਲਾ ਪ੍ਰਧਾਨ ਮਾਸਟਰ ਹਰਦਿਆਲ ਸਿੰਘ ਬੈਸ ਦੀ ਅਗਵਾਈ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਸ੍ਰੀਮਤੀ ਦੀਪ ਸ਼ਿਖਾ ਸ਼ਰਮਾ , ਵਧੀਕ ਡਿਪਟੀ ਕਮਿਸ਼ਨਰ ਰੂਪਨਗਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ ਚੰਨੀ ਵੀ ਮੋਜੂਦ ਰਹੇ ਇਸ ਮੌਕੇ ਮਾਸਟਰ ਹਰਦਿਆਲ ਸਿੰਘ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਆਪ ਪਾਰਟੀ ਵੱਲੋਂ ਮੰਗ ਪੱਤਰ ਦਿੰਦੇ ਹੋਏ ਮੰਗ ਕੀਤੀ ਗਈ ਹੈ ਕਿ ਪਿਛਲੀ ਬਾਦਲ ਸਰਕਾਰ ਵੱਲੋਂ ਨਿੱਜੀ ਬਿਜਲੀ ਕੰਪਨੀਆਂ ਨੂੰ ਲਾਭ ਦੇਣ ਲਈ ਕੀਤੇ ਲੋਕ ਮਾਰੂ ਅਤੇ ਇਕਪਾਸੜ ਸਮਝੌਤੇ ਨੂੰ ਤੂਰੰਤ ਰੱਦ ਕੀਤਾ ਜਾਵੋ। ਇਸ ਮੋਕੇ ਪਾਰਟੀ ਦੇ ਜਿਲਾ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਹੁੰਦਲ ਨੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਚੋਣਾਂ ਜਿੱਤਣ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਲੈਕੇ ਸਹੂੰ ਚੁੱਕ ਕੇ ਜੋ ਵਾਅਦੇ ਕੀਤੇ ਸੀ ਉਨਾ ਵਿੱਚੋ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਬਿਜਲੀ ਖੇਤਰ ਨੂੰ ਲੈ ਕੇ 10 ਵਾਅਦੇ ਕੀਤੇ ਗਏ ਸਨ । ਪਰੰਤੂ ਬੇਹੱਦ ਅਫ਼ਸੋਸ ਦੀ ਗੱਲ ਹੈ ਕਿ ਕਰੀਬ ਤਿੰਨ ਸਾਲਾਂ ਦੇ ਕਾਰਜਕਾਲ ਦੌਰਾਨ ਤੁਹਾਡੀ ਸਰਕਾਰ ਕਿਸੇ ਇੱਕ ਵੀ ਵਾਅਦੇ ‘ਤੇ ਖਰਾ ਨਹੀਂ ਉੱਤਰੀ । ਉਲਟਾ ਹੁਣ ਬਿਜਲੀ ਦਰਾਂ ‘ਚ ਇੱਕ ਦਰਜਨ ਤੱਕ ਵਾਧੇ ਕਰ ਚੁੱਕੀ ਹੈ। ਇਸ ਸਮੇਂ ਦੇਸ਼ ਵਿੱਚ ਸਭ ਤੋਂ ਵੱਧ ਮਹਿੰਗੀ ਬਿਜਲੀ ਪੰਜਾਬ ਵਿੱਚ ਮਿਲ ਰਹੀ ਹੈ। ਆਪ ਲੀਡਰਾਂ ਨੇ ਪਿਛਲੀ ਬਾਦਲ ਸਰਕਾਰ ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਮੋਟੀ ਹਿੱਸਾ-ਪੱਤੀ ਲਈ ਬਾਦਲਾਂ ਨੇ ਗਲਤ ਇਕਰਾਰਨਾਮੇ ਕਰਕੇ ਸਸਤੀ ਬਿਜਲੀ ਪੈਦਾ ਕਰਦੇ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਦਿੱਤੀ । ਕਈ ਅਜਿਹੀਆਂ ਮਾਰੂ ਸ਼ਰਤਾਂ ਮੰਨੀਆਂ ਜੋ ਸਿੱਧੀ ਲੁੱਟ ਹਨ। ਮਿਸਾਲ ਵਜੋਂ ਕੋਲਾ ਖ਼ਾਨਾਂ ‘ਤੇ ਕੋਲੇ ਦੀ ਧੁਆਈ (ਵਾਸ਼ਿੰਗ) ਦਾ ਖ਼ਰਚ ਵੀ ਪੰਜਾਬ ਦਾ ਹਰੇਕ ਅਮੀਰ-ਗ਼ਰੀਬ ਆਪਣੀ ਜੇਬ ‘ਚੋਂ ਕਰਵਾ ਰਿਹਾ ਹੈ। ਪਹਿਲੀ ਜਨਵਰੀ ਤੋਂ ਪ੍ਰਤੀ ਯੂਨਿਟ 30 ਪੈਸੇ ਲਾਗੂ ਹੋਇਆ ਵਾਧਾ ਕੋਲੇ ਦੀ ਧੁਆਈ ਦੀ 1400 ਕਰੋੜ ਰੁਪਏ ਦੀ ਇੱਕ ਕਿਸ਼ਤ ਦਾ ਨਤੀਜਾ ਹੈ। ਇਸੇ ਤਰਾਂ ਦੀ 1300 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦੀ ਗਾਜ਼ ਅਗਲੇ ਇੱਕ-ਦੋ ਮਹੀਨਿਆਂ ‘ਚ ਡਿੱਗਣ ਜਾ ਰਹੀ ਹੈ । ਆਪ ਲੀਡਰਾ ਨੇ ਕਿਹਾ ਕਿ ਇੱਕ ਪਾਸ ਖ਼ੁਦ ਵੀ ਬਿਜਲੀ ਪੈਦਾ ਕਰਨ ਵਾਲਾ ਪੰਜਾਬ ਦੇਸ਼ ਭਰ ‘ਚੋਂ ਸਭ ਤੋਂ ਮਹਿੰਗੀ ਬਿਜਲੀ ਦੇ ਰਿਹਾ ਹੈ, ਦੂਜੇ ਪਾਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਰੀ ਬਿਜਲੀ ਬਾਹਰੀ ਸੂਬਿਆਂ ਅਤੇ ਨਿੱਜੀ ਬਿਜਲੀ ਕੰਪਨੀਆਂ ਤੋਂ ਖ਼ਰੀਦ ਕੇ ਦਿੱਲੀ ਵਾਸੀਆਂ ਨੂੰ ਸਭ ਤੋਂ ਸਸਤੀ ਬਿਜਲੀ ਦੇ ਰਹੇ ਹਨ, ਐਨਾ ਹੀ ਨਹੀਂ ਲੋਕ ਹਿਤੈਸ਼ੀ ਬਿਜਲੀ ਟੈਰਿਫ਼ (ਦਰਾਂ) ਕਾਰਨ ਦਿੱਲੀ ਦੇ 22 ਲੱਖ ਪਰਿਵਾਰਾਂ ਨੂੰ ਜ਼ੀਰੋ ਬਿਲ ਆ ਰਿਹਾ ਹੈ, ਕਿਉਂਕਿ ਅਰਵਿੰਦ ਕੇਜਰੀਵਾਲ ਇਮਾਨਦਾਰੀ, ਸੱਚੀ ਨੀਅਤ ਅਤੇ ਲੋਕ ਹਿੱਤ ਨੀਤੀਆਂ ‘ਤੇ ਪਹਿਰਾ ਦੇ ਰਹੀ ਹੈ, ਜਦਕਿ ਪੰਜਾਬ ਦੀ ਕਾਂਗਰਸ ਸਰਕਾਰ ਉਸੇ ਬਿਜਲੀ ਮਾਫ਼ੀਆ ਦੇ ਹਿੱਤ ਪੂਰ ਰਹੀ ਹੈ, ਜਿਸ ਦੀ ਜੜ ਸੁਖਬੀਰ ਸਿੰਘ ਬਾਦਲ ਨੇ ਨਿੱਜੀ ਬਿਜਲੀ ਕੰਪਨੀਆਂ ਨਾਲ ਲੋਕ ਮਾਰੂ ਸਮਝੌਤਿਆਂ ਦੇ ਰੂਪ ‘ਚ ਲਗਾ ਕੇ ਗਏ ਸਨ, ਕਿਉਂਕਿ ਇਨਾਂ ਸਮਝੌਤਿਆਂ ਮੁਤਾਬਿਕ ਜੇਕਰ ਪੰਜਾਬ ਤਿੰਨਾਂ ਨਿੱਜੀ ਥਰਮਲ ਪਲਾਂਟਾਂ (ਰਾਜਪੁਰਾ, ਗੋਇੰਦਵਾਲ ਸਾਹਿਬ ਅਤੇ ਤਲਵੰਡੀ ਸਾਬੋ) ਤੋਂ ਸਾਲਾਨਾ ਇੱਕ ਯੂਨਿਟ ਵੀ ਬਿਜਲੀ ਨਾ ਖ਼ਰੀਦੇ ਤਾਂ ਸਾਲਾਨਾ ਕਰੀਬ 2800 ਕਰੋੜ ਰੁਪਏ ਦੇਣੇ ਹੀ ਪੈਣਗੇ । 25 ਸਾਲਾਂ ‘ਚ ਇਹ ਲੁੱਟ 70000 ਕਰੋੜ ਰੁਪਏ ਬਣਦੀ ਹੈ, ਪਿਛਲੇ 4 ਸਾਲਾਂ ਤੋਂ ਪੰਜਾਬ ਦੇ ਲੋਕ ਲੁੱਟੇ ਜਾ ਰਹੇ ਹਨ ਅਤੇ 21 ਸਾਲ ਹੋਰ ਲੁੱਟੇ ਜਾਂਦੇ ਰਹਿਣਗੇ । ਆਪ ਲੀਡਰਾਂ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਨਵੇਂ ਸਾਲ 2020 ਦੇ ਪਹਿਲੇ ਹਫ਼ਤੇ ‘ਚ ਪੰਜਾਬ ਸਰਕਾਰ ਬਿਜਲੀ ਸਸਤੀ ਕਰਨ ਲਈ ਠੋਸ ਕਦਮ ਨਹੀਂ ਉਠਾਉਂਦੀ ਤਾਂ ਆਮ ਆਦਮੀ ਪਾਰਟੀ (ਆਪ) ਪੰਜਾਬ 7 ਜਨਵਰੀ ਨੂੰ ‘ਆਪ’ ਲੀਡਰਸ਼ਿਪ ਦੀ ਅਗਵਾਈ ਹੇਠ ਆਪ ਜੀ (ਮੁੱਖ ਮੰਤਰੀ ਪੰਜਾਬ) ਦੀ ਚੰਡੀਗੜ, ਸਥਿਤ ਕੋਠੀ ਦਾ ਘਿਰਾਓ ਕਰਨ ਲਈ ਮਜਬੂਰ ਹੋਵੇਗੀ ਤਾਂ ਕਿ ਤੁਹਾਡੀ ਕੁੰਭਕਰਨੀ ਨੀਂਦ ਟੁੱਟ ਸਕੇ। ਇਸ ਮੋਕੇ ਸੰਜੀਵ ਰਾਣਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਇੰਚਾਰਜ , ਰਣਜੀਤ ਸਿੰਘ ਪਤਿਆਲਾ ਮੀਡੀਆ ਇੰਚਾਰਜ , ਮਾ. ਸੁਰਜਨ ਸਿੰਘ , ਹਰਪ੍ਰੀਤ ਸਿੰਘ ਕਾਹਲੋ , ਬਲਰਾਜ ਸ਼ਰਮਾ, ਸ਼ਾਮ ਸੁੰਦਰ ਸੈਣੀ , ਸੁਰਿੰਦਰ ਸਿੰਘ ਭਜਨ ਸਿੰਘ ਡੂੰਮੇਵਾਲ , ਨੂਰ ਮੁਹੰਮਦ , ਬਾਬੂ ਚਮਨ ਲਾਲ , ਗੁਰਮੇਲ ਸਿੰਘ ਥਲੀ , ਪ੍ਰਸ਼ੋਤਮ ਸਿੰਘ , ਮੇਹਰਬਾਨ ਸਿੰਘ, ਕੈਪਟਨ ਚੰਨਣ ਸਿੰਘ, ਜਸਵੀਰ ਸ਼ਰਮਾ ਪਚਰੰਡਾ, ਬਲਵੰਤ ਸਿੰਘ ਚਾਂਦਪੁਰੀ ਅਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਸ਼ਾਮਲ ਸਨ ।
ਖੁੱਦ ਬਿਜਲੀ ਪੈਦਾ ਕਰਨ ਵਾਲਾ ਪੰਜਾਬ, ਬਾਕੀ ਸੂਬਿਆ ਨਾਲੋਂ ਸਭ ਤੋਂ ਮਹਿੰਗੀ ਦੇ ਰਿਹਾ ਬਿਜਲੀ : ਆਪ



