ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਚੱਲਿਆ ਪਤਾ
ਸੇਰਪੁਰ, 29 ਦਸੰਬਰ (ਹਰਜੀਤ ਕਾਤਿਲ)- ਨੇੜਲੇ ਪਿੰਡ ਰਾਮ ਨਗਰ ਛੰਨਾ ਵਿਖੇ ਬੀਤੀ ਰਾਤ ਇਕ ਜੈਨ ਕਾਰ ਸ਼ੱਕੀ ਹਲਾਤਾਂ ‘ਚ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਜਾਣ ਦੇ ਸਮਾਚਾਰ ਪ੍ਰਾਪਤ ਹੋਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਕਾਲਾ ਪੁੱਤਰ ਜੋਰਾ ਸਿੰਘ ਵਾਸੀ ਰਾਮ ਨਗਰ ਛੰਨਾ ਨੇ ਦੱਸਿਆ ਕਿ ਮੇਰੀ ਜੈਨ ਕਾਰ ਪੀ ਬੀ 13 ਜੀ 9195 ਹਰ ਰੋਜ ਦੀ ਤਰਾਂ ਬਾਹਰਲੇ ਘਰ ਅੰਦਰ ਖੜੀ ਸੀ ਬੀਤੀ ਰਾਤ 10 ਵਜੇ ਦੇ ਕਰੀਬ ਅੱਗ ਲੱਗਣ ਕਾਰਨ ਸੜ ਗਈ। ਜਿਸ ਦਾ ਪਤਾ ਪਿੰਡ ਦੇ ਇਕ ਨੋਜਵਾਨ ਅਮਰੀਕ ਸਿੰਘ ਚਹਿਲ ਜੋ ਰਾਤ 10 ਵਜੇ ਦੇ ਕਰੀਬ ਆਪਣੀ ਖੇਤ ਵਾਲੀ ਮੋਟਰ ਤੇ ਜਾ ਰਿਹਾ ਸੀ ਨੂੰ ਲੱਗਾ ਜਿਸ ਨੇ ਆਕੇ ਸਾਨੂੰ ਗੱਡੀ ਨੂੰ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਆਸ ਪਾਸ ਦੇ ਲੋਕਾਂ ਨੇ ਬੜੀ ਜਦੋ ਜਹਿਦ ਤੋ ਬਾਅਦ ਅੱਗ ਤੇ ਕਾਬੂ ਪਾਇਆ ਤਦ ਤੱਕ ਗੱਡੀ ਅੱਗ ਨਾਲ ਪੂਰੀ ਸੜ ਚੁੱਕੀ ਸੀ। ਗੱਡੀ ਨੂੰ ਅੱਗ ਲੱਗਣ ਦੇ ਕਾਰਨਾ ਦਾ ਕੁਝ ਪਤਾ ਨਹੀ ਚੱਲ ਸਕਿਆ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਵੀ ਦਲਜੀਤ ਸਿੰਘ ਦੀ ਸੇਰਪੁਰ ਦੁਕਾਨ ਤੇ ਦਿਨ ਦਿਹਾੜੇ ਚੋਰੀ ਹੋ ਗਈ ਸੀ। ਜਿਸ ਵਿਚ ਪਹਿਲਾਂ ਹੀ ਉਸ ਦਾ ਕਾਫੀ ਮਾਲੀ ਨੁਕਸਾਨ ਹੋ ਚੁੱਕਾ ਹੈ। ਬੀਤੀ ਰਾਤ ਗੱਡੀ ਸੜ ਜਾਣ ਕਾਰਨ ਗਰੀਬ ਆਦਮੀ ਦਾ ਹੋਰ ਆਰਥਿਕ ਨੁਕਸਾਨ ਹੋ ਗਿਆ ਹੈ। ਸਾਬਕਾ ਸਰਪੰਚ ਗਰੀਬ ਸਿੰਘ ਛੰਨਾ ਮੋਜੂਦਾ ਸਰਪੰਚ ਜਸਵੀਰ ਕੌਰ ਦੇ ਪਤੀ ਸੁਰਜੀਤ ਸਿੰਘ ਤੋ ਇਲਾਵਾ ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਸਰਕਾਰ ਤੋ ਮੁਆਵਜ਼ੇ ਦੀ ਮੰਗ ਕੀਤੀ ਹੈ।



