Skip to content
Independent perspectives. Global stories.
BREAKING

ਨਾਗਰਿਕਤਾ ਸੋਧ ਐਕਟ ਘੱਟ ਗਿਣਤੀ ਕੌਮਾਂ ‘ਤੇ ਵੱਡਾ ਹਮਲਾ ਅਤੇ ਉਨ੍ਹਾਂ ਦੇ ਮੁੱਢਲੇ ਅਧਿਕਾਰਾਂ ਨੂੰ ਕੁਚਲਣ ਵਾਲਾ : ਬੀਬੀ ਘਨੌਰੀ

Share this story

ਮੋਦੀ ਸਰਕਾਰ ਨਾਗਰਿਕਾਂ ਨੂੰ ਹੱਕਾਂ ਦੀ ਪ੍ਰਾਪਤੀ ਲਈ ਲੜਨ ਦੇ ਮਿਲੇ ਅਧਿਕਾਰ ਨੂੰ ਕੁਚਲ ਰਹੀ ਹੈ

ਸ਼ੇਰਪੁਰ, 19 ਦਸੰਬਰ (ਹਰਜੀਤ ਕਾਤਿਲ)- ਨਾਗਰਿਕਤਾ ਸੋਧ ਐਕਟ ਅਤੇ ਐਨਆਰਸੀ ਦੇ ਵਿਰੋਧ ਵਿਚ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੀਨੀਅਰ ਮੈਂਬਰ ਅਤੇ ਹਲਕਾ ਇੰਚਾਰਜ ਮਹਿਲਕਲਾਂ ਬੀਬੀ ਹਰਚੰਦ ਕੌਰ ਘਨੌਰੀ ਨੇ ਨਵੇਂ ਨਾਗਰਿਕਤਾ ਕਾਨੂੰਨ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਦੇ ਹਵਾਲੇ ਨਾਲ ਸਥਾਨਿਕ ਪੰਜਾਬ ਟਾਇਮਜ਼ ਦੇ ਵਿਸ਼ੇਸ਼ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਦਾ ਕੰਮ ਦੇਸ਼ ਨੂੰ ਅੱਗ ਵਿੱਚ ਝੋਕਣਾ ਨਹੀਂ, ਬਲਕਿ ਇਸ ਅੱਗ ਨੂੰ ਬੁਝਾਉਣ ਦਾ ਹੈ। ਬੀਬੀ ਘਨੌਰੀ ਨੇ ਕਿਹਾ ਕਿ ਨਾਗਰਿਕਤਾ ਸੋਧ ਐਕਟ ਅਤੇ ਐਨਆਰਸੀ ਦੇ ਮਾਰੂ ਨਤੀਜਿਆਂ ਨੂੰ ਮੁੱਖ ਰੱਖਦੇ ਹੋਏ ਅਮਰੀਕਾ ਦੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਲੇ ਕਮਿਸ਼ਨ ਨੇ ਵੀ ਉਕਤ ਐਕਟ ਦੀ ਵਿਰੋਧਤਾ ਕਰਦੇ ਹੋਏ ਇਸ ਐਕਟ ਨੂੰ ਘੱਟ ਗਿਣਤੀ ਕੌਮਾਂ ‘ਤੇ ਵੱਡਾ ਹਮਲਾ ਅਤੇ ਉਨ੍ਹਾਂ ਦੇ ਮੁੱਢਲੇ ਅਧਿਕਾਰਾਂ ਨੂੰ ਕੁਚਲਣ ਵਾਲਾ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਅੰਦਰ ਵਸਦੀਆਂ ਧਾਰਮਿਕ ਘੱਟ ਗਿਣਤੀਆਂ ਨੂੰ ਦੁਬੇਲ ਬਣਾ ਕੇ ਰੱਖਣ ਲਈ ਗ਼ੈਰ ਸੰਵਿਧਾਨਕ ਤੇ ਅਣਮਨੁੱਖੀ ਕਾਨੂੰਨ ਬਣਾ ਕੇ ਧਾਰਮਿਕ ਘੱਟ ਗਿਣਤੀਆਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਦੀ ਧਾਰਾ 14 ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਰਾਬਰ ਦਾ ਅਧਿਕਾਰ ਦਿੰਦੀ ਹੈ, ਲੇਕਿਨ ਕੇਂਦਰ ਦੀ ਮੋਦੀ ਹਕੂਮਤ ਮੰਦਭਾਵਨਾ ਤਹਿਤ ਉਕਤ ਕਾਨੂੰਨਾਂ ਰਾਹੀਂ ਦੇਸ਼ ਦੀਆਂ ਘੱਟ-ਗਿਣਤੀਆਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਹੋਣ ਦਾ ਅਹਿਸਾਸ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ, ਸੰਵਿਧਾਨ ਦੀ ਧਾਰਾ 19 ਤਹਿਤ ਨਾਗਰਿਕਾਂ ਨੂੰ ਜਮਹੂਰੀ ਤੇ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੜਨ ਦੇ ਮਿਲੇ ਅਧਿਕਾਰ ਨੂੰ ਕੁਚਲ ਰਹੀ ਹੈ।ਉਨ੍ਹਾਂ ਨਾਗਰਿਕਤਾ ਸੋਧ ਐਕਟ ਦੇ ਖਿਲਾਫ ਮੁਜਹਾਰਾਂ ਕਰਦੇ ਦਿੱਲੀ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਤੇ ਹੋਏ ਤਸ਼ੱਦਦ ਲਈ ਪੁਲਿਸ ਤੰਤਰ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਉਕਤ ਐਕਟ ਨੂੰ ਗ਼ੈਰਕਾਨੂੰਨੀ, ਅਣਮਨੁੱਖੀ, ਗ਼ੈਰਸੰਵਿਧਾਨਕ ਕਰਾਰ ਦਿੰਦੀ ਹੋਈ ਇਸ ਐਕਟ ਨੂੰ ਰੱਦ ਕਰਨ ਦੀ ਮੰਗ ਕਰਦੀ ਹੈ।

WRITTEN BY