ਯੋਗਿੰਦਰ ਯਾਦਵ ਵੱਲੋਂ ਅਹਿਮ ਅਹੁਦਿਆਂ ਤੋਂ ਅਸਤੀਫੇ – ‘ਆਪ’ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ 6 ਨੂੰ
ਨਵੀਂ ਦਿੱਲੀ, 31 ਮਈ (ਪੀ.ਟੀ. ਬਿਊਰੋ)-ਲੋਕ ਸਭਾ ਦੀ ਆਮ ਚੋਣਾਂ ਵਿੱਚ ਉਮੀਦ ਮੁਤਾਬਕ ਨਤੀਜੇ ਨਾ ਆਉਣ ਕਾਰਨ ਨਿਰਾਸ਼ਾ ਦੇ ਆਲਮ ਵਿੱਚ ਗੁਜ਼ਰ ਰਹੀ ਆਮ ਆਦਮੀ ਪਾਰਟੀ ਅੰਦਰ ਕਲੇਸ਼ ਹੋਰ ਵੱਧ ਗਿਆ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਟੀ.ਵੀ. ਪੱਤਰਕਾਰ ਸ੍ਰੀ ਯੋਗਿੰਦਰ ਯਾਦਵ ਨੇ ਆਮ ਆਦਮੀ ਪਾਰਟੀ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ ਦੀ ਮੈਂਬਰੀ ਅਤੇ ਹਰਿਆਣਾ ਪ੍ਰਦੇਸ਼ ਦੇ ਇੰਚਾਰਜ਼ ਵੱਜੋਂ ਆਹੁਦਿਆਂ ਨੂੰ ਤਿਆਗ ਦਿੱਤਾ ਹੈ। ਸ੍ਰੀ ਯਾਦਵ ਉੱਪਰ ਇਹ ਦੋਸ਼ ਲੱਗ ਰਹੇ ਹਨ ਕਿ ਉਹ ਪਾਰਟੀ ਕਾਰਕੁੰਨਾਂ ਦਾ ਧਿਆਨ ਨਹੀਂ ਰੱਖਦੇ।ਸ੍ਰੀ ਯਾਦਵ ਖੁਦ ਵੀ ਹਰਿਆਣਾ ’ਚ ਲੋਕ ਸਭਾ ਚੋਣ ਹਾਰ ਗਏ ਸਨ। ਉਨ੍ਹਾਂ ਨੂੰ ਪਾਰਟੀ ਵੱਲੋਂ ਹਰਿਆਣਾ ਵਿੱਚ ਮੁੱਖ ਮੰਤਰੀ ਦੇ ਆਹੁਦੇ ਦਾ ਉਮੀਦਵਾਰ ਪ੍ਰਚਾਰਿਆਂ ਜਾ ਰਿਹਾ ਸੀ।
ਹਰਿਆਣਾ ਵਿੱਚ ਪਾਰਟੀ ਨੂੰ ਉਮੀਦ ਮੁਤਾਬਕ ਸਫਲਤਾ ਨਹੀਂ ਮਿਲੀ। ਪਾਰਟੀ ਦੀ ਹਰਿਆਣਾ ਵਿੱਚ ਵੱਡੀ ਹਾਰ ਲਈ, ਸ੍ਰੀ ਯਾਦਵ ਦੇ ਕੰਮਕਾਜ਼ੀ ਤਰੀਕੇ ਉੱਪਰ ਉਂਗਲਾ ਉੱਠ ਰਹਿਆਂ ਸਨ। ਅਜਿਹੇ ਹਾਲਾਤਾਂ ਵਿੱਚ ਹੀ ਉਨ੍ਹਾਂ ਨੇ ਵੱਖ-ਵੱਖ ਆਹੁਦਿਆਂ ਤੋਂ ਅਸਤੀਫਾ ਦੇਣ ਨੂੰ ਤਰਜ਼ੀਹ ਦਿੱਤੀ ਹੈ। ਉਂਝ ਉਨ੍ਹਾਂ ਨੇ ਅਜੇ ਮੁਕਮੰਲ ਤੌਰ ’ਤੇ ਪਾਰਟੀ ਨੂੰ ਅਲਵਿਦਾ ਨਹੀਂ ਆਖੀ। ਆਮ ਆਦਮੀ ਪਾਰਟੀ ਦੇ ਮੁੱਖੀ ਸ੍ਰੀ ਅਰਵਿੰਦ ਕੇਜਰੀਵਾਲ ਦਾ ਇਸ ਸੰਬੰਧੀ ਪੱਖ ਹਾਲੇ ਸਾਹਮਣੇ ਨਹੀਂ ਆਇਆ। ਪਾਰਟੀ ਨੇ ਹਾਲੇ ਸ੍ਰੀ ਯਾਦਵ ਦੇ ਅਸਤੀਫੇ ਨੂੰ ਪ੍ਰਵਾਨਗੀ ਨਹੀਂ ਕੀਤਾ। ਪਾਰਟੀ ਹਲਕਿਆਂ ਮੁਤਾਬਿਕ ਯਾਦਵ ਦਾ ਆਹੁਦਿਆਂ ਤੋਂ ਵੱਖ ਹੋਣਾ ਬਹੁੱਤ ਵੱਡਾ ਧੱਕਾ ਹੈ। ਇਸੇ ਤਰ੍ਹਾਂ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਸ੍ਰੀ ਨਵੀਨ ਜੈਹਿੰਦ ਨੇ ਵੀ ਅਸਤੀਫਾ ਦੇ ਦਿੱਤਾ ਹੈ। ਸ੍ਰੀ ਜੈਹਿੰਦ ਨੇ ਦੋਸ਼ ਲਗਾਇਆ ਹੈ ਕਿ ਸ੍ਰੀ ਯਾਦਵ ਵੱਲੋਂ ਹਰਿਆਣਾ ’ਚ ਪਾਰਟੀ ਕਾਰਕੁੰਨਾ ਦਾ ਅਣਦੇਖੀ ਕਾਰਨ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸ੍ਰੀ ਨਵੀਨ ਨੇ ਰੋਹਤਕ ਹਲਕੇ ਤੋਂ ਚੋਣ ਲੜੀ ਸੀ ਪ੍ਰੰਤੂ ਉਹ ਸਫ਼ਲ ਨਹੀਂ ਹੋ ਸਕੇ। ਦੂਜੇ ਪਾਸੇ ‘ਆਪ’ ਦੀ ਕੌਮੀ ਕਾਰਜਕਾਰਨੀ ਦੀ ਇਕ ਵਿਸ਼ੇਸ਼ ਬੈਠਕ 6 ਜੂਨ ਨੂੰ ਹੋਣ ਜਾ ਰਹੀ ਹੈ। ਜਿਸ ਵਿੱਚ ਸ੍ਰੀ ਯਾਦਵ ਅਤੇ ਸ੍ਰੀ ਜੈਹਿੰਦ ਦੇ ਅਸਤੀਫਿਆਂ ਬਾਰੇ ਵਿਚਾਰ ਕਰਕੇ ਅੰਤਿਮ ਫੈਸਲਾ ਲਿਆ ਜਾਵੇਗਾ। ਪਾਰਟੀ ਦੀ ਪੰਜਾਬ ਇਕਾਈ ਵਿੱਚ ਵੀ ਫੁੱਟ ਦੇਖਣ ਨੂੰ ਸਾਹਮਣੇ ਆਈ ਹੈ। ਪਾਰਟੀ ਦੇ ਸੂਬਾਈ ਕਨਵੀਨਰ ਦੀ ਨਿਯੁਕਤੀ ਨੂੰ ਲੈ ਕੇ ਸਪਸ਼ਟ ਧੱੜੇਬੰਦੀ ਉਭਰ ਆਈ ਹੈ। ਪਾਰਟੀ ਦੀ ਕੌਮੀ ਲੀਡਰਸ਼ਿਪ ਵੱਲੋਂ ਰਾਜਾਂ ਵਿੱਚ ਪਾਰਟੀ ਦੀਆਂ ਇਕਾਈਆਂ ਦੇ ਪੁਨਰਗੱਠਨ ਲਈ ਹਾਲੇ ਕੋਈ ਪਹਿਲ ਨਹੀਂ ਲਈ ਗਈ। ਇਸ ਕਾਰਨ ਹੀ ਪਾਰਟੀ ਅੰਦਰ ਆਪਾ-ਧਾਪੀ ਦਾ ਮਾਹੌਲ ਹੈ। ਆਪ ਦੀ ਲੋਕ ਸਭਾ ਕਰਾਰੀ ਹਾਰ ਦਾ ਹਾਲੇ ਤੱਕ ਵਿਸ਼ਲੇਸ਼ਨ ਤੱਕ ਵੀ ਨਹੀਂ ਕੀਤਾ ਗਿਆ। ਬੇਸ਼ਕ ਪਾਰਟੀ ਨੂੰ ਪੰਜਾਬ ਵਿੱਚ ਚਾਰ ਸੀਟਾਂ ਮਿਲੀਆ ਹਨ ਪ੍ਰੰਤੂ ਪੰਜਾਬ ’ਚ ਪਾਰਟੀ ਦੀ ਰਾਜਸੀ ਮਜ਼ਬੂਤੀ ਲਈ ਕੋਈ ਯਤਨ ਨਹੀਂ ਹੋ ਰਿਹਾ। ਆਪ ਨਾਲ ਜੁੜੇ ਲੋਕ ਇਸ ਮੁੱਦੇ ’ਤੇ ਕਾਫੀ ਨਿਰਾਸ਼ ਹਨ।



