April 24, 2026 3:48 am

ਰਜੀਆ ਸੁਲਤਾਨਾ ਵੱਲੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਕੌਮਾਂਤਰੀ ਹਵਾਈ ਅੱਡੇ ਤੱਕ ਚਲਾਉਣ ਸਬੰਧੀ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ

ਟਰਾਂਸਪੋਰਟ ਮੰਤਰੀ ਨੇ ਕਰਮਚਾਰੀ ਯੂਨੀਅਨ ਨੂੰ ਸਮਾਂਬੱਧ ਸੀਨੀਅਰਤਾ ਅਤੇ ਪਦਉੱਨਤੀ ਦਾ ਭਰੋਸਾ ਦਿਵਾਇਆ

ਚੰਡੀਗੜ੍ਹ, 27 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਨੇ ਅੱਜ ਕਿਹਾ ਕਿ ਉਹ ਜਲਦ ਹੀ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ ਅਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚਲਾਉਣ ਦੇ ਮਾਮਲੇ ਨੂੰ ਉਠਾਉਣਗੇ ਜਿਸ ਲਈ ਪ੍ਰਾਈਵੇਟ ਬੱਸ ਆਪਰੇਟਰਾਂ ਦੇ ਦਬਾਅ ਹੇਠ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਇਸ ਦੇ ਨਾਲ ਹੀ ਪਨਬੱਸ ਦੇ ਮੌਜੂਦਾ ਫਲੀਟ ਵਿੱਚ ਨਵੀਆਂ ਬੱਸਾਂ ਸ਼ਾਮਲ ਕਰਨ ਦੀ ਤਜਵੀਜ਼ ਵਿਚਾਰ ਅਧੀਨ ਹੈ ਅਤੇ ਵਿੱਤ ਵਿਭਾਗ ਤੋਂ ਇਸ ਸਬੰਧੀ ਪ੍ਰਵਾਨਗੀ ਮਿਲਣ ਦੇ ਨਾਲ ਹੀ ਨਵੀਆਂ ਬੱਸਾਂ ਖਰੀਦ ਲਈਆਂ ਜਾਣਗੀਆਂ। ਇਹ ਗੱਲ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਨੇ ਪੰਜਾਬ ਰੋਡਵੇਜ਼ ਕਰਮਚਾਰੀ ਯੂਨੀਅਨ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਨਾਲ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿਖੇ ਮੀਟਿੰਗ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਤੋਂ ਪ੍ਰਵਾਨਗੀ ਮਿਲਣ ਦੇ ਨਾਲ ਹੀ ਪੰਜਾਬ ਰੋਡਵੇਜ਼ ਦੇ ਮੌਜੂਦਾ ਫਲੀਟ ਵਿੱਚ ਸ਼ਾਮਲ ਕਰਨ ਲਈ ਨਵੀਆਂ ਬੱਸਾਂ ਦੀ ਖਰੀਦ ਕਰ ਲਈ ਜਾਵੇਗੀ। ਮੰਤਰੀ ਨੇ ਕਰਮਚਾਰੀ ਯੂਨੀਅਨ ਨੂੰ ਸਮਾਂਬੱਧ ਸੀਨੀਅਰਤਾ ਅਤੇ ਪਦਉੱਨਤੀਆਂ ਦਾ ਭਰੋਸਾ ਵੀ ਦਿਵਾਇਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਾਜ ਟਰਾਂਸਪੋਰਟ ਵਿਭਾਗ ਦੇ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ, ਟਰਾਂਸਪੋਰਟ ਮੰਤਰੀ, ਪੰਜਾਬ ਦੇ ਓ.ਐਸ.ਡੀ. ਸ੍ਰੀ ਦਲਜੀਤ ਸਿੰਘ ਅਤੇ ਕਨਵੀਨਰ ਸ੍ਰੀ ਮੰਗਤ ਖਾਨ ਦੀ ਅਗਵਾਈ ਹੇਠ ਪੰਜਾਬ ਰੋਡਵੇਜ਼ ਕਰਮਚਾਰੀ ਯੂਨੀਅਨ ਦੀ ਜੁਆਇੰਟ ਐਕਸ਼ਨ ਕਮੇਟੀ ਦਾ ਵਫ਼ਦ ਮੌਜੂਦ ਸਨ।

Send this to a friend