ਲਹਿਰਾਗਾਗਾ, 24 ਨਵੰਬਰ (ਜਤਿੰਦਰ ਜਲੂਰ)- ਸਥਾਨਕ ਰੇਲਵੇ ਲਾਈਨ ਤੇ ਉਸ ਸਮੇਂ ਇੱਕ ਵੱਡਾ ਹਾਦਸਾ ਹੋਣੋ ਟਲ ਗਿਆ ਜਦੋਂ ਬੀਤੀ ਰਾਤ ਕਰੀਬ ਦੋ ਵਜੇ ਰੇਲਵੇ ਲਾਈਨ ਦੇ ਉੱਪਰ ਫਿਰ ਰਹੇ ਆਵਾਰਾ ਪਸ਼ੂਆਂ ( ਢੱਠਿਆ) ਦੀ ਮਾਲ ਗੱਡੀ ਨਾਲ ਟੱਕਰ ਹੋਣ ਦੇ ਚੱਲਦੇ 3 ਢੱਠਿਆਂ ਦੀ ਦਰਦਨਾਕ ਮੌਤ ਹੋ ਗਈ । ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਦੋ ਵਜੇ ਆਈ ਇੱਕ ਮਾਲ ਗੱਡੀ( ਫੂਡ ਗਰੇਨ ਗੱਡੀ) ਮੋਗਾ ਤੋਂ ਗੁਜਰਾਤ ਜਾ ਰਹੀ ਸੀ, ਕਰੀਬ ਦੋ ਵਜੇ ਲਹਿਰਾਗਾਗਾ ਰੇਲਵੇ ਸਟੇਸ਼ਨ ਤੋਂ ਜਾਖਲ ਦੀ ਤਰਫ਼ ਜਾਣ ਸਮੇਂ ਰੇਲਵੇ ਲਾਈਨ ਵਿੱਚ ਅਵਾਰਾ ਫਿਰ ਰਹੇ ਪਸ਼ੂਆਂ (ਤਿੰਨ ਢੱਠਿਆਂ) ਦੀ ਗੱਡੀ ਨਾਲ ਟਕਰਾਉਣ ਨਾਲ ਦਰਦਨਾਕ ਮੌਤ ਹੋ ਗਈ । ਪਰ ਖੁਸ਼ਕਿਸਮਤੀ ਇਹ ਰਹੀ ਕਿ ਉਸ ਤੋਂ ਬਾਅਦ ਆਈ ਇੱਕ ਸਵਾਰੀ ਗੱਡੀ ਨੂੰ ਉਸ ਸਮੇਂ ਘਟਨਾ ਵਾਲੀ ਥਾਂ ਤੋਂ ਬਹੁਤ ਹੌਲੀ ਸਪੀਡ ਵਿੱਚ ਕੱਢਿਆ ਗਿਆ ,ਪਰ ਇਹੀ ਹਾਦਸਾ ਕਿਸੇ ਸਵਾਰੀ ਗੱਡੀ ਨਾਲ ਹੋ ਜਾਂਦਾ ਤਾਂ ਕਿਸੇ ਵੀ ਵੱਡੀ ਘਟਨਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ,ਘਟਨਾ ਦਾ ਪਤਾ ਚੱਲਦਿਆਂ ਹੀ ਰੇਲਵੇ ਸਟੇਸ਼ਨ ਮਾਸਟਰ ਰਾਜੀਵ ਸ਼ਰਮਾ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਮਰੇ ਆਵਾਰਾ ਪਸ਼ੂਆਂ ਨੂੰ ਰੇਲਵੇ ਲਾਈਨ ਤੋਂ ਬਾਹਰ ਕਰਨ ਦੀ ਕੋਸ਼ਿਸ਼ਾਂ ਕੀਤੀਆਂ । ਰਾਜੀਵ ਸ਼ਰਮਾ ਨੇ ਦੱਸਿਆ ਕਿ ਉਕਤ ਸਮੇਂ ਇਸ ਕਦਰ ਡਰਾਉਣਾ ਦ੍ਰਿਸ਼ ਸੀ ਕਿ ਢੱਠਿਆਂ ਦੀ ਮੌਤ ਹੋਣ ਜਾਣ ਤੋਂ ਬਾਅਦ ਕਰੀਬ 30 -40 ਢੱਠਿਆਂ ਨੇ ਮੌਕੇ ਤੇ ਆ ਕੇ ਇਸ ਕਦਰ ਵਿਰਲਾਪ ਕੀਤਾ ਕਿ ਰੂਹ ਵੀ ਕੰਬ ਰਹੀ ਸੀ ,ਅੱਜ ਕਈ ਘੰਟਿਆਂ ਤੱਕ ਨਗਰ ਕੌਂਸਲ ਦੇ ਐੱਸ ਆਈ ਹਰੀ ਰਾਮ ਭੱਟੀ ਨੇ ਆਪਣੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਕਤ ਢੱਠਿਆਂ ਨੂੰ ਵੱਖ ਵੱਖ ਥਾਵਾਂ ਤੋਂ ਚੁਕਵਾ ਕੇ ਭੇਜਿਆ ਤਾਂ ਜੋ ਬਦਬੂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਨਾ ਫੈਲ ਸਕੇ ਅਤੇ ਇਸ ਦੌਰਾਨ ਫਾਟਕ ਨੂੰ ਵੀ ਕਈ ਘੰਟਿਆਂ ਤੱਕ ਬੰਦ ਰੱਖਿਆ ਗਿਆ ਜਿਸਦੇ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।