ਸ਼ੇਰਪੁਰ, 24 ਨਵੰਬਰ (ਹਰਜੀਤ ਕਾਤਿਲ)- ਪਿਛਲੇ ਲੰਮੇ ਸਮੇਂ ਤੋ ਗੰਦੇ ਪਾਣੀ ਦੀ ਸਮੱਸਿਆ ਨਾਲ ਦੋ ਹੱਥ ਕਰਦਾ ਆ ਰਿਹਾ ਪਿੰਡ ਪੱਤੀ ਖਲੀਲ ਅਤੇ ਕਸਬਾ ਸੇਰਪੁਰ ਇੰਨੀ ਦਿਨੀ ਫੇਰ ਗੰਦੇ ਪਾਣੀ ਦੀ ਲਪੇਟ ਵਿਚ ਆਏ ਹੋਏ ਹਨ। ਪੱਤੀ ਖਲੀਲ ਦੀ ਬੜੀ ਰੋਡ ਤੇ ਬਣੀ ਗੁਰੂ ਨਾਨਕ ਕਲੋਨੀ ਦੇ ਘਰਾਂ ਅੰਦਰ ਛੱਪੜ ਦਾ ਪਾਣੀ ਵੜਿਆ ਫਿਰਦਾ ਹੈ । ਕਲੋਨੀ ਦੇ ਵਸਨੀਕਾ ਨੇ ਤਾਂ ਇਥੋ ਤੱਕ ਦੱਸਿਆ ਕਿ ਘਰਾਂ ਅੰਦਰ ਬਣੀਆ ਫਲੱਸਾਂ ਰਾਹੀ ਟੋਭੇ ਦਾ ਪਾਣੀ ਵਾਪਸ ਆ ਰਿਹਾ ਹੈ। ਵੱਡੀ ਸਮੱਸਿਆ ਇਹ ਹੈ ਕਿ ਕਸਬਾ ਸੇਰਪੁਰ ਅਤੇ ਪੱਤੀ ਖਲੀਲ ਦਾ ਗੰਦੇ ਪਾਣੀ ਵਾਲਾ ਛੱਪੜ ਇਕ ਹੋਣ ਕਾਰਨ ਪਾਣੀ ਨਿਕਾਸੀ ਨਾ ਹੋਣ ਕਰਕੇ ਨੱਕੋ ਨੱਕ ਭਰਿਆ ਪਿਆ ਹੈ ਜਿਸਦੇ ਓਵਰ ਫਲੋ ਹੋਣ ਕਾਰਨ ਪਾਣੀ ਗੁਰੂ ਨਾਨਕ ਕਲੋਨੀ ਦੀਆਂ ਗਲੀਆ ਵਿਚ ਭਰਿਆ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਅਤੇ ਸੇਰਪੁਰ ਤੋ ਬੜੀ ਨੂੰ ਜਾਂਦੀ ਸੜਕ ਤੇ 5 ਫੁੱਟ ਤੱਕ ਪਾਣੀ ਭਰ ਜਾਣ ਕਾਰਨ ਸੜਕ ਕਿਸੇ ਨਹਿਰ ਦਾ ਭੁਲੇਖਾ ਪਾਉਦੀ ਨਜਰ ਆ ਰਹੀ ਹੈ।ਜਿਸ ਕਾਰਨ ਜਿੱਥੇ ਦੋ ਪਹੀਆਂ ਅਤੇ ਛੋਟੀਆਂ ਗੱਡੀਆਂ ਪਾਣੀ ਵਿਚ ਫਸ ਜਾਣ ਕਰਕੇ ਰਾਹਗੀਰ ਪ੍ਰੇਸਾਨ ਹੋ ਰਹੇ ਹਨ । ਇਸ ਤੋ ਇਲਾਵਾ ਸੜਕ ਤੇ ਬਣੇ ਇਕ ਕਾਲਜ,ਟੈਲੀਫੂਨ ਐਕਸਚੇਂਜ ਅਤੇ ਗੁਰਦੁਆਰਾ ਨਾਨਕਸਰ ਸਾਹਿਬ ਦੇ ਗੇਟਾਂ ਅੱਗੇ ਵੀ ਪਾਣੀ ਜਮਾਂ ਹੋਇਆ ਹੈ ਜਿਸ ਕਰਕੇ ਸੰਗਤ ਨੂੰ ਸਵੇਰੇ ਸਮੇਂ ਗੁਰੂ ਘਰ ਆਉਣ ਸਮੇਂ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈਦਾਂ ਹੈ ਦੁਖਾਂਤ ਇਸ ਗੱਲ ਦਾ ਹੈ ਕਿ ਪਾਣੀ ਦੀ ਸਮੱਸਿਆ ਸਬੰਧੀ ਵਾਰ-ਵਾਰ ਅਖਬਾਰਾਂ ਵਿਚ ਖਬਰਾਂ ਨਸਰ ਹੋਣ ਅਤੇ ਕਾਂਗਰਸ ਪਾਰਟੀ ਦੀ ਸਾਬਕਾ ਵਧਾਇਕ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ ਘਨੋਰੀ ਕਲਾਂ , ਆਮ ਆਦਮੀ ਪਾਰਟੀ ਦੇ ਐਮ ਪੀ ਸ੍ਰੀ ਭਗਵੰਤ ਮਾਨ ਦੇ ਮਾਮਲਾ ਧਿਆਨ ਵਿਚ ਲਿਆਉਣ ਤੇ ਕਈ ਵਾਰ ਗੁਰੂ ਨਾਨਕ ਕਲੋਨੀ ਦੇ ਵਸਨੀਕ ਅਤੇ ਪੱਤੀ ਖਲੀਲ ਦੀ ਪੰਚਾਇਤ ਵੱਲੋ ਲਿਖਤੀ ਰੂਪ ਵਿਚ ਵੀ ਦਿੱਤਾ ਜਾ ਚੁੱਕਾ ਹੈ। ਪ੍ਰੰਤੂ “ ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ “ ਵਾਲੀ ਕਹਾਵਤ ਨੂੰ ਸੱਚ ਕਰਦੀ ਪਾਣੀ ਸਮੱਸਿਆ ਜਿਉ ਦੀ ਤਿਉ ਬਣੀ ਹੋਈ ਹੈ। ਗੁਰਦੁਆਰਾ ਨਾਨਕਸਰ ਸਾਹਿਬ ਦੀ ਪ੍ਰਬੰਧਕ ਕਮੇਟੀ , ਪੰਚਾਇਤ ਪੱਤੀ ਖਲੀਲ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਇੰਦਰਜੀਤ ਸਿੰਘ ਬੜੀ, ਬਾਬਾ ਨਿਰਮਲ ਸਿੰਘ, ਬਲਵਿੰਦਰ ਸਿੰਘ ਟਿੱਬਾ ਤੋ ਇਲਾਵਾ ਇਲਾਕੇ ਦੇ ਲੋਕਾਂ ਨੇ ਸਰਕਾਰ ਅਤੇ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਦਾ ਕੌਈ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਆ ਰਹੀ ਸਮੱਸਿਆ ਤੋ ਛੁਟਕਾਰਾ ਦਵਾਇਆ ਜਾ ਸਕੇ।