Skip to content
Independent perspectives. Global stories.
BREAKING

ਭ੍ਰਿਸ਼ਟ ਅਧਿਕਾਰੀਆਂ ‘ਤੇ ਬਾਜ਼ ਅੱਖ ਰੱਖੀ ਜਾਵੇ

Share this story

ਚੰਡੀਗੜ੍ਹ, 19 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਨੇ ਪ੍ਰਸ਼ਾਸਨ ਵਿੱਚ ਹੋਰ ਵਧੇਰੇ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਲਈ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਨਾ ਕੀਤੇ ਜਾਣ ਦੇ ਉਦੇਸ਼ ਨਾਲ ਵੱਖ ਵੱਖ ਵਿਭਾਗਾਂ ਵਿੱਚ ਮਨੋਨੀਤ ਕੀਤੇ ਮੁੱਖ ਚੌਕਸੀ ਅਫ਼ਸਰਾਂ ਨੂੰ ਵਿਸਥਾਰ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣੇ ਸਬੰਧਤ ਵਿਭਾਗਾਂ ਵਿੱਚ ਭ੍ਰਿਸ਼ਟ ਅਧਿਕਾਰੀਆਂ ਦੀਆਂ ਗਤੀਵਿਧੀਆਂ ‘ਤੇ ਨੇੜਿਓਂ ਨਿਗਾਹ ਰੱਖਣ ਤਾਂ ਕਿ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ  ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੁੱਖ ਚੌਕਸੀ ਅਫ਼ਸਰਾਂ ਨੂੰ ਇਹ ਹਦਾਇਤਾਂ  ਇੰਨ-ਬਿੰਨ ਅਮਲ ‘ਚ ਲਿਆਉਣ ਲਈ ਆਖਿਆ ਗਿਆ ਹੈ ਤਾਂ ਕਿ ਵਡੇਰੇ ਜਨਤਕ ਹਿੱਤਾਂ ਵਿੱਚ ਬਿਹਤਰ ਸ਼ਾਸਨ ਯਕੀਨੀ ਬਣਾਇਆ ਜਾ ਸਕੇ। ਸੂਬੇ ਦੇ ਚੌਕਸੀ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਰਾਹੀਂ ਚੌਕਸੀ ਅਫ਼ਸਰਾਂ ਨੂੰ ਉਨ੍ਹਾਂ ਦੇ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਅਧਿਕਾਰੀਆਂ ਦੀ ਸੂਹ ਰੱਖ ਕੇ ਸੂਬਾ ਸਰਕਾਰ ਦੀ ਮਦਦ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸ ਤਹਿਤ ਭ੍ਰਿਸ਼ਟ ਅਧਿਕਾਰੀਆਂ ਜਿਨ੍ਹਾਂ ਦਾ ਅਕਸ ਖਰਾਬ ਹੈ, ਦੀ ਸੂਚੀ ਤਿਆਰ ਕੀਤੀ ਜਾਵੇ ਅਤੇ ਉਨ੍ਹਾਂ ਉਪਰ ਨਿਗਰਾਨੀ ਰੱਖੀ ਜਾਵੇ। ਉਨ੍ਹਾਂ ਦੀ ਤੈਨਾਤੀ ਵੀ ਅਜਿਹੀ ਥਾਂ ਕੀਤੀ ਜਾਵੇ ਜਿੱਥੇ ਭ੍ਰਿਸ਼ਟਾਚਾਰ ਕਰਨ ਲਈ ਕੋਈ ਰਾਹ ਹੀ ਨਾ ਬਚੇ। ਮੁੱਖ ਚੌਕਸੀ ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਅਜਿਹੇ ਅਧਿਕਾਰੀਆਂ ਬਾਰੇ ਸਕੱਤਰ ਵਿਜੀਲੈਂਸ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਵੀ ਇਨ੍ਹਾਂ ਅਧਿਕਾਰੀਆਂ ਉਪਰ ਸਖਤ ਨਜ਼ਰ ਰੱਖ ਸਕਣ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਜਦੋਂ ਸਬੂਤ ਮਿਲੇ ਤਾਂ ਭ੍ਰਿਅਧਿਕਾਰੀਆਂ ਵਿਰੁੱਧ ਵਿਭਾਗੀ ਤੇ ਅਦਾਲਤੀ ਕਾਰਵਾਈ ਛੇਤੀ ਕੀਤੀ ਜਾਵੇ ਅਤੇ ਅਜਿਹੇ ਅਧਿਕਾਰੀਆਂ ਖਿਲਾਫ਼ ਚੱਲ ਰਹੀਆਂ ਕਾਰਵਾਈਆਂ ਨੂੰ ਵੀ ਨਾਲੋ ਨਾਲ ਘੋਖਿਆ ਜਾਵੇ ਤਾਂ ਜੋ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ ਵਿੱਚ ਬੇਲੋੜੀ ਦੇਰੀ ਨਾ ਹੋਵੇ। ਮੁੱਖ ਚੌਕਸੀ ਅਫ਼ਸਰਾਂ ਲਈ  ਇਹ ਵੀ ਲਾਜ਼ਮੀ ਬਣਾਇਆ ਗਿਆ ਹੈ ਕਿ ਉਹ ਮੌਜ਼ੂਦਾ ਸਮੇਂ ਵਿਭਾਗ ਵਿੱਚ ਅਪਣਾਈ ਜਾ ਰਹੀ ਪ੍ਰਕਿਰਿਆ ਦੀ ਵੀ ਸਮੀਖਿਆ ਕਰਨ  ਅਤੇ ਜੇਕਰ ਲੋੜ ਹੋਵੇ ਤਾਂ ਉਹ ਚੌਕਸੀ  ਵਿਭਾਗ ਦੀ ਸਹਾਇਤਾ ਨਾਲ ਪ੍ਰਣਾਲੀ ਵਿੱਚ ਕਮਜ਼ੋਰੀਆਂ ਨੂੰ ਦੂਰ ਕਰਨ। ਮੁੱਖ ਚੌਕਸੀ  ਅਫ਼ਸਰਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਪੇਚੀਦਾ ਮਾਮਲਿਆਂ ਨੂੰ ਵਿਜੀਲੈਂਸ ਵਿਭਾਗ ਕੋਲ ਜਾਂਚ ਲਈ ਭੇਜ ਦੇਣ। ਇਸ ਤੋਂ ਇਲਾਵਾ ਭ੍ਰਿਸ਼ਟ ਅਧਿਕਾਰੀਆਂ ਦੀ 55 ਸਾਲ ਦੀ ਉਮਰ ਉਪਰੰਤ ਜ਼ਬਰੀ ਸੇਵਾ ਮੁਕਤੀ ਦੇ ਮਾਮਲਿਆਂ ਦੀ ਛਾਣਬੀਣ ਕਰਨ। ਮੁੱਖ ਚੌਕਸੀ ਅਫ਼ਸਰ ਸਰਕਾਰੀ ਅਧਿਕਾਰੀਆਂ ਦੀਆਂ ਪ੍ਰਾਪਰਟੀ ਰਿਟਰਨਾਂ ਦੀ ਵੀ ਛਾਣਬੀਣ ਕਰਨ। ਮੁੱਖ ਚੌਕਸੀ ਅਫ਼ਸਰਾਂ ਨੂੰ ਇਹ ਵੀ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਅਜਿਹੀ ਰਿਪੋਰਟ ਜਾਂ ਵਸਤੂ ਜੋ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਹੋਣ ਦਾ ਜ਼ਰੀਆ ਜਾਪਦੀ ਹੈ, ਉਸ ਦੀ ਵੀ ਪੜਤਾਲ ਕਰਨ। ਮੁੱਖ ਚੌਕਸੀ ਅਫ਼ਸਰ ਇਨ੍ਹਾਂ ਹਦਾਇਤਾਂ ਅਨੁਸਾਰ ਆਪਣੇ ਵਿਭਾਗ ਅਤੇ ਵਿਜੀਲੈਂਸ ਬਿਊਰੋ ਸਮੇਤ ਵਿਜੀਲੈਂਸ ਵਿਭਾਗ ਨਾਲ ਤਾਲਮੇਲ ਅਫ਼ਸਰ ਵਜੋਂ ਵੀ ਕੰਮ ਕਰਨਗੇ।

WRITTEN BY