May 27, 2026 3:53 am

ਤੂਫਾਨ ਤੋਂ ਬਿਨਾਂ ‘ਚਾਹ ਦਾ ਕੱਪ’ ਤੇ ਤੇਜਵੰਤ ਮਾਨ

ਕਿਤਾਬ; ਅਦਬੀਅਤ (ਡਾ. ਤੇਜਵੰਤ ਮਾਨ ਦੀ ਅਲੋਚਨਾ)
ਸੰਪਾਦਕ : ਡਾ. ਸਤਿੰਦਰ ਕੌਰ ਮਾਨ
ਪਬਲਿਸ਼ਰ; ਲਿਟਰੇਚਰ ਹਾਊਸ ਪੁਤਲੀਘਰ ਅੰਮ੍ਰਿਤਸਰ,
ਕੀਮਤ; 300ਰੁਪਏ
‘‘ਸੀਟੇ, ਭੋਲੇ, ਰੱਜੂ…ਓ ਬਬਲੇ! ਆਹ! ਇਕ ਕੱਪ ਚਾਹ ਦਾ ਬਣਾਈਂ..।’’ ਇਹ ਚਾਹ ਦਾ ਕੱਪ ਉਦੋਂ ਵੀ ਬਣਦਾ ਹੈ ਜਦੋਂ ਉਹ ਸੁਵਖਤੇ ਹੀ ਸੂਰਜ ਦੇ ਜਾਗਣ ਤੋਂ ਪਹਿਲਾਂ ਉਠ ਕੇ ਇਹ ਮੇਹਨਤਕਸ਼ ਦੇ ਰੰਬੇ ਵਾਂਗ ਆਪਣਾ ਪੈਨ ਚੁੱਕਦੇ ਹਨ, ਇਹ ਚਾਪ ਦਾ ਕੱਪ ਉਦੋਂ ਵੀ ਬਣਦਾ ਹੈ ਜਦੋਂ ਕੋਈ ‘ਭਗਵੰਤ’ ‘ਸ਼ੌਕੀ’ ਜਾਂ ‘ਜ਼ਖਮੀ’ ਆਉਂਦੇ ਹਨ, ਇਹ ਚਾਹ ਦਾ ਕੱਪ ਉਦੋਂ ਵੀ ਬਣਦਾ ਜਦੋਂ ਮੰਮੀ ਦੀ ਰਾਤ ਨੂੰ ਨੀਂਦ ਉਖੜ ਜਾਂਦੀ ਹੈ ਜਾਂ ਉਹ ਬੇਅਰਾਮ ਮਹਿਸੂਸ ਕਰਦੀ ਹੈ ਅਤੇ ਇਹ ਚਾਹ ਦਾ ਕੱਪ ਉਦੋਂ ਵੀ ਬਣਦਾ ਸੀ ਜਦੋਂ ਅਸੀਂ ਪੜ੍ਹਣ ਵਾਸਤੇ ਜਲਦੀ ਉਠਾਉਣ ਦੀ ਡਿਊਟੀ ਡੈਡੀ ਦੀ ਲਗਾਉਂਦੇ। ਡੈਡੀ ਚਾਹ ਦਾ ਜੱਗ ਬਣਾ ਕੇ ਸਾਨੂੰ ਪੜ੍ਹਨ ਲਈ ਉਠਉਂਦੇ। ਸ਼ਾਇਦ ਉਸੇ ਚਾਹ ਦੇ ਕੱਪ ਸਦਕਾ ਅਸੀਂ ਪੜ੍ਹ ਲਿਖ ਕੇ ਆਪੋ ਆਪਣੀ ਥਾਂ ਸਿਰ ਹਾਂ।ਡੈਡੀ ਮੇਰੀ ਨਜ਼ਰ ਵਿਚ ਇਕ ਸਿਰੜੀ ਕਾਮੇ ਵਰਗੇ ਹਨ ਜਿਹੜਾ ਆਪਣੇ ਕੰਮ ਪ੍ਰਤੀ ਇੰਨਾ ਸਮਰਪਿਤ ਹੈ ਕਿ ਠੰਡ/ਗਰਮੀ ਦਾ ਅਹਿਸਾਸ, ਭੁੱਖ ਪਿਆਸ ਦੀ ਵੀ ਕੋਈ ਪਰਵਾਹ ਨਹੀਂ, ਸਿਹਤ ਪ੍ਰਤੀ ਵੀ ਕੋਈ ਚਿੰਤਾ ਨਹੀਂ ਬਸ ਫਿਕਰ ਹੈ ਤਾਂ ਆਪਣੀ ਲੇਖਣੀ ਦਾ, ਸਨੇਹੀਆਂ/ਆਲੋਚਕਾਂ ਦੀਆਂ ਆਈਆਂ ਚਿੱਠੀਆਂ ਦੇ ਪ੍ਰਤੀਕਰਮ ਭੇਜਣ ਦਾ। ਜਦੋਂ ਬਹੁਤੀ ਗਰਮੀ ਜਾਂ ਸਰਦੀ ਹੁੰਦੀ ਹੈ ਤਾਂ ਵੀ ਉਨ੍ਹਾਂ ਨੇ ਸਵੇਰੇ ਬੱਸ ਸਟੈਂਡ ਤੇ ਅਖਬਾਰ ਪੜਨ, ਦੁਪਹਿਰੇ ਡਾਕਖਾਨੇ ਤੋਂ ਚਿੱਠੀ ਪੱਤਰ ਲੈਣ ਤੇ ਆਥਣੇ ਆਪਣੀ ਮਿੱਤਰ ਮੰਡਲੀ ਨੂੰ ਮਿਲਣ ਜਾਣਾ ਹੀ ਹੁੰਦੈ ਭਾਵੇਂ ਮੰਮੀ ਉਨ੍ਹਾਂ ਦੇ ਸਵੇਰੇ, ਦੁਪਹਿਰ ਅਤੇ ਸ਼ਾਮ ਦੇ ਰੁਟੀਨ ਬਾਰੇ ਕਿੰਨਾ ਵੀ ਲੈਕਚਰ ਦੇ ਲਵੇ। ਉਨ੍ਹਾਂ ਦੇ ਜਾਣ ਪਿਛੋਂ ਮੰਮੀ ਉਨ੍ਹਾਂ ਦੇ ਨਹਾਉਣ ਧੋਣ, ਖਾਣ ਪੀਣ ਦੇ ਸਿਹਤ

ਦੀ ਬਹੁਤ ਚਿੰਤਾ ਕਰਦੀ ਹੈ। ਪਰ ਹੁਣ ਲਗਦੈ ਡੈਡੀ ਨੂੰ ਮੰਮੀ ਦੀ ਨਹੀਂ ਸਗੋਂ ਮੰਮੀ ਨੂੰ ਡੈਡੀ ਦੀ ਜ਼ਿਆਦਾ ਲੋੜ ਹੈ।
ਜਦੋਂ ਕਦੇ ਅਸੀਂ ਚਾਰੋਂ, ਵੱਡੀ ਭੈਣ ਤੇਜਿੰਦਰ, ਮੈਂ, ਛੋਟੀ ਭੈਣ ਰਾਜਵੰਤ ਅਤੇ ਵੀਰ ਬੱਬਲ (ਉਂਕਾਰ ਸਿੰਘ,) ਕਦੇ ਕਦੇ ਇਕੱਠੇ ਹੁੰਦੇ ਹਾਂ ਤਾਂ ਬਚਪਨ/ਕਾਲਜ ਦੇ ਦਿਨਾਂ ਦੀਆਂ ਯਾਦਾਂ ਤਾਜ਼ਾ ਕਰਦੇ ਹਾਂ ਤਾਂ ‘ਕੰਨ ਖਿੱਚੋ’ ਨੂੰ ਬਹੁਤੀ ਵਾਰ ਯਾਦ ਕਰਦੇ ਹਾਂ. ਸਕੂਲ ਪੜਦਿਆਂ ਮੈਂ ਅਤੇ ਭੋਲੀ (ਤੇਜਿੰਦਰ) ਦੋ ਜਮਾਤਾਂ ਅਗੜ-ਪਿਛੜ ਆਦਰਸ਼ ਸਕੂਲ, ਸੰਗਰੂਰ ਵਿਚ ਪੜ੍ਹਦੇ ਸੀ ਤਾਂ ਜਦੋਂ ਪੇਪਰਾਂ ਤੋਂ ਬਾਅਦ ਰਿਪੋਰਟ ਕਾਰਡ ਆਉਂਦੇ ਤੇ ਡੈਡੀ ਦੇ ਹਸਤਾਖਰ ਕਰਵਾਉਣੇ ਹੁੰਦੇ ਸਨ। ਅਸੀਂ ਕਈ ਕਈ ਦਿਨ ਤਾਂ ਮੰਮੀ ਦੇ ਅੱਗੇ ਪਿੱਛੇ ਗੇੜ੍ਹੇ ਕੱਟਦੇ ਕੱਢ ਦਿੰਦੇ। ਆਖਰੀ ਦਿਨ ਆਉਣ ਦੇ ਕਾਰਡ ਡੈਡੀ ਕੋਲ ਲੈ ਕੇ ਜਾਂਦੇ ਤਾਂ ਉਹ ਕਾਰਡ ਤੇ ਮਾਤਾ ਪਿਤਾ ਦੇ ਹਸਤਾਖਰ ਵਾਲੇ ਖਾਨੇ ਵਿਚ ਵੱਡਾ ਕਰਕੇ ਲਿਖ ਦਿੰਦੇ-‘ਕੰਨ ਖਿੱਚੋ’। ਇਹ ਥਾਂ ਮੈਂ ਤੇ ਭੋਲੀ ਹੀ ਜਾਣਦੇ ਹਾਂ ਕਿ ਕਲਾਸ ਇੰਚਾਰਜ ਉਹ ‘ਕੰਨ ਖਿਚੋ’ ਦੀ ਸਾਰੀ ਕਲਾਸ ਮੂਹਰੇ ਕਿਵੇਂ ਪਰਦਰਸ਼ਨੀ ਲਗਾਉਂਦੀ ਸੀ। ਪਰ ਉਹ ਕੰਨ ਖਿੱਚੋ ਸ਼ਬਦ ਰਾਸ ਬੜੇ ਆਏ।
ਇਕ ਵਾਰ ਭੋਲੀ ਦੇ ਮੱਥੇ ਤੇ ਸੱਟ ਦਾ ਨਿਸ਼ਾਨ ਪੈ ਗਿਆ ਸੀ। ਡੈਡੀ ਦੇ ਪੁੱਛਣ ਤੇ ਜਿਵੇਂ ਸਾਨੂੰ ਸੱਪ ਹੀ ਸੁੰਘ ਗਿਆ ਸੀ। ਇਸ ਪਿੱਛੇ ਕਹਾਣੀ ਇਹ ਸੀ ਕਿ ਸਾਡੇ ਕਾਲਜ ਦੇ ਪੜ੍ਹਾਈ ਦੇ ਦਿਨ ਹੋਣ ਕਾਰਨ ਡੈਡੀ ਦੀ ਇਹ ਤਾਕੀਦ ਸੀ ਅਸੀਂ ਆਪਣੇ ਸਿਲੇਬਸ ਦੀਆਂ ਕਿਤਾਬਾਂ ਵੱਲ ਹੀ ਧਿਆਣ ਦੇਈਏ। ਪਰ ਅਸੀਂ ਕਿੱਥੇ ਟਿਕਣਾ। ਚੋਰੀ-ਚੋਰੀ ਡੈਡੀ ਦੀ ਲਾਇਬਰੇਰੀ ਵਿਚ ਜਾ ਕੇ ਨਾਵਲ ਚੁੱਕ ਲਿਆਉਣੇ ਖਾਸ ਕਰ ਭੋਲੀ ਨੇ। ਸਰਦੀਆਂ ਦੀ ਰਾਤ ਨੂੰ ਰਜਾਈ ਵਿੱਚ ਹੀ ਤਾਂ ‘ਟੈ¤ਸ’ ਬੈਟਰੀ ਲਗਾ ਕੇ ਪੜ੍ਹਾ ਸੀ। ਉਸ ਦਿਨ ਵੀ ਡੈਡੀ ਬਾਜ਼ਾਰ ਆਪਣੇ ਰੁਟੀਨ ਤੇ ਗਏ ਹੋਏ ਸੀ। ਭੋਲੀ ਲਾਇਬ੍ਰੇਰੀ ਵਿਚ ਸੀ। ਅਸੀਂ ਬਾਹਰ ਵਿਹੜੇ ਵਿਚ ਸੀ। ਸਾਡੇ ਵਿਚੋਂ ਕਿਸੇ ਨੇ ਝੂਠ ਹੀ ਕਹਿ ਦਿੱਤਾ ਕਿ ਡੈਡੀ ਆ ਗਏ। ਭੋਲੀ ਇੰਨਾ ਜ਼ੋਰ ਨਾਲ ਭੱਜੀ ਕਿ ਉਹ ਦਾ ਸਿਰ ਰਸੋਈ ਅਤੇ ਡੈਡੀ ਦੇ ਕਮਰੇ ਵਿਚਲੇ ਦਰਵਾਜ਼ੇ ਜੋ ਕਿ ਕਾਫੀ ਨੀਵਾਂ ਸੀ, ਦੀ ਉਪਰਲੀ ਚੁਗਾਠ ਵਿਚ ਇੰਨੀ ਜ਼ੋਰ ਨਾਲ ਵੱਜਾ ਕਿ ਉਸ ਦੀ ਆਵਾਜ਼ ਬਾਹਰ ਵਿਹੜੇ ਤੱਕ ਆਈ। ਭੋਲੀ ਇਕ ਸ਼ਰਾਬੀ ਵਾਂਗ ਡਿੱਗਦੀ ਢਹਿੰਦੀ ਮਸਾਂ ਹੀ ਸੰਭਲੀ। ਅਸੀਂ ਹੱਸੇ ਵੀ ਬਹੁਤ ਪਰ ਸੱਟ ਦਾ ਫਿਕਰ ਵੀ ਬਹੁਤ ਹੋਇਆ। ਡੈਡੀ ਦਾ ਡਰ ਵੀ ਬਹੁਤ ਸੀ, ਜੋ ਹੁਣ ਵੀ ਕਾਇਮ ਹੈ ਜਦ ਕਿ ਅਸੀਂ ਚਾਰੇ ਹੀ ਬੱਚਿਆਂ ਵਾਲੇ ਹੋ ਗਏ ਹਾਂ।
ਮੇਰੀ ਇਕ ਬੇਟੀ ਹੈ, ਸੁਖਮਨੀ। ਡੈਡੀ ਨੇ ਉਸਦਾ ਨਾਮ ਰੱਖਿਆ ਗੁਰਸਤਜੀਤ ਕੌਰ, ਮੇਰਾ ਅਤੇ ਗੁਰਜੀਤ ਦਾ ਨਾਮ ਮਿਲਾਕੇ। ਪਰ ਉਹ ਇੱਕੀ ਦਿਨਾਂ ਦੀ ਸੀ, ਉਸ ਦਾ ਅਪਰੇਸ਼ਨ ਹੋਇਆ। ਉਨ੍ਹਾਂ ਦਿਨਾਂ ਵਿੱਚ ਡੈਡੀ ਦਾ ਜੋ ਰੂਪ ਮੈਂ ਦੇਖਿਆ। ਅੱਜ ਵੀ ਇਕ ਮਾਂ ਵਜੋਂ ਉਨ੍ਹਾਂ ਅੱਗੇ ਮੇਰਾ ਸਿਰ ਝੁੱਕ ਜਾਂਦਾ ਹੈ। ਨਾ-ਉਮੀਦੀ ਦੇ ਮਾਹੌਲ ਵਿਚ ਇਕ ਸੂਰਜ ਵਗਾਂ ਵਿਚਰੇ ਸਨ, ਡੈਡੀ। ਜੇ ਮੈਂ ਉਨ੍ਹਾਂ ਦਿਨਾਂ ਵਿਚ ਸੰਗਰੂਰ ਨਾ ਹੁੰਦੀ ਤਾਂ ਮੇਰੇ ਕੋਲ ਮੇਰੀ ‘ਸੁਖਮਨੀ’ ਨਹੀਂ ਸੀ ਹੋਣੀ। ਮੰਮੀ ਦੇ ਕਰੇ ‘ਸੁਖਮਨੀ ਸਾਹਿਬ’ ਦੇ ਪਾਠਾਂ ਸਦਕਾ ਉਹ ਗੁਰਸਤਜੀਤ ਤੋਂ ਸੁਖਮਨੀ ਹੋ ਗਈ।
ਡੈਡੀ ਦੇ ਮੇਜ਼ ਅਤੇ ਘਰ ਵਿਚਕਾਰ ਕੁਝ ਅਜਿਹਾ ਹੀ ਰਿਸ਼ਤਾ ਹੈ। ਉਂਜ ਘਰ ਵੱਲੋਂ ਹਦ-ਦਰਜੇ ਦੇ ਲਾਪਰਵਾਹ ਕਿ ਭਾਵੇਂ ਕੋਈ ਲੱਖਾਂ ਰੱਖ ਜੇ ਜਾਂ ਲੈ ਜਾਵੇ ਕੋਈ ਪਰਵਾਹ ਨਹੀਂ ਪਰ ਅੰਦਰੋਂ ਹੱਦ ਦੇ ਨਰਮ ਵੀ। ਮੰਮੀ ਜਿੰਨਾ ਮਰਜ਼ੀ ਬਹਿਸੀ ਜਾਵੇ ਉਨ੍ਹਾਂ ਦੀਆਂ ਘਰੇਲੂ/ਪਰਿਵਾਰਕ ਲਾਪਰਵਾਹੀਆਂ ਬਾਰੇ। ਮੰਮੀ ਜੇ ਅੱਧੀ ਰਾਤ ਵੀ ਮਾੜੀ ਮੋਟੀ ਹੂੰਘਰ ਮਾਰ ਦੇਵੇ ਤਾਂ ਸਭ ਤੋਂ ਪਹਿਲਾਂ ਅੱਖ ਡੈਡੀ ਦੀ ਹੀ ਖੁਲਦੀ ਹੈ ਅਤੇ ‘ਚਾਹ ਦਾ ਕੱਪ’ ਬਣਾ ਕੇ ਕਹਿੰਦੇ ਨੇ, ਮੱਖਿਆ ਆ ਪੀ ਮਾੜੀ ਜੀ। ਸਭ ਠੀਕ ਹੋ ਜੂ।
ਸਭ ਠੀਕ ਹੈ ਵੀ। ਅਸੀਂ ਤਿੰਨੈ ਭੈਣਾਂ ਆਪਣੀ ਥਾਂ ਸੈ¤ਟ ਹਾਂ। ਘਰ ਵਿਚ ਚੰਦ ਵਰਗੀ ਪੀ.ਐਚ.ਡੀ ਨੂੰਹ ਰਾਣੀ ਮਨਸਿਮਰਨ ਉਂਕਾਰ ਦੀ ਵਹੁਟੀ (ਪ੍ਰੋਫੈਸਰ ਅਤੇ ਵਕੀਲ ਦਾ ਜੁੱਟ), ਹਮੇਸ਼ਾਂ ਹਸਮੁੱਖ ਰਹਿਣ ਵਾਲਾ ਪੋਤਾ ਅੰਗਦ ਜਿਸ ਲਈ ਜੋ ਉਸ ਨੂੰ ਗੋਦੀ ਚੱਕ ਲਵੇ ਸਾਰੇ ਹੀ ਮੰਮੀ ਹਨ। ਸਾਡੀ ਮੰਮੀ ਜਦੋਂ ਵੀ ਕਹੇ ‘ਅੰਗਦ ਆ ਆਪਾਂ ਮਸਤੀ ਕਰੀਏ’ ਤਾਂ ਝੱਟ ਮੰਮੀ ਨੂੰ ਢਾਅ ਕੇ ਕੁਤਕੁਤਾਰੀਆਂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਮੰਮੀ ਦੇ ਉਸ ਸਮੇਂ ਸਾਰੇ ਦੁਖ ਦੂਰ ਅਤੇ ਬੀਮਾਰੀਆਂ ਭੱਜ ਗਈਆਂ ਲੱਗਦੀਆਂ ਹਨ।
ਜਦੋਂ ਵੀ ਅਸੀਂ ਮਿਲਣ ਲਈ, ਛੁੱਟੀਆਂ ਵਿਚ ਮੰਮੀ ਡੈਡੀ ਕੋਲ ਜਾਂਦੇ ਹਾਂ ਤਾਂ ਸਮਰ, ਮਨਰਾਜ, ਸੁਖਮਣੀ, ਅੰਗਦ ਬਹੁਤ ਮਸਤੀ ਕਰਦੇ ਹਨ ਅਤੇ ਮਨਰਾਜ ਦੇ ਕਹਿਣ ਅਨੁਸਾਰ ਉਹ ਚਾਰੇ ਬਹੁਤ ਸਿਆਣੇ ਹਨ ਬਾਕੀ ਸਭ ਬੌਲੇ। ਅਨਜਾਣੇ ਵਿਚ ਕਹੇ ਹਿ ਤੋਤਲੇ ਬੋਲ ਹਨ ਵੀ ਸੱਚ।
(ਕਿਤਾਬ ‘ਅਦਬੀਅਤ’ ਦੇ ਮੁੱਖ ਸ਼ਬਦ)

Send this to a friend