ਜਲੰਧਰ, 24 ਜੂਨ – ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਵੱਡੇ ਫੇਰਬਦਲ ਦੇ ਆਸਾਰ ਹਨ। ਇਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦਾ ਇਕ ਹਿੱਸਾ ਪੰਜਾਬ ਵਿੱਚ ਉੱਪ ਮੁਖ ਮੰਤਰੀ ਦੀ ਮੁੜ ਦਾਅਵੇਦਾਰੀ ਲਈ ਪਰ ਤੋਲ ਰਿਹਾ ਹੈ, ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਸ਼ਾਮਿਲ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਪੰਜਾਬ ਵਜ਼ਾਰਤ ਵਿੱਚ ਇਹ ਵਾਧਾ ਜੂਨ ਮਹੀਨੇ ’ਚ ਹੋਣ ਦੇ ਆਸਾਰ ਹਨ। ਪੰਜਾਬ ਮੰਤਰੀ ਮੰਡਲ ਦੇ ਚਾਰ ਮੰਤਰੀ ਵੱਖ-ਵੱਖ ਕਾਰਨਾਂ ਕਰਕੇ ਅਸਤੀਫਾ ਦੇ ਚੁੱਕੇ ਹਨ। ਇਹ ਆਸਾਮੀਆਂ ਭਰੀਆਂ ਨਹੀਂ ਗਈਆਂ। ਲੋਕ ਸਭਾ ਚੋਣਾਂ ਵਿੱਚ ਅੱਧਾ ਦਰਜਨ ਮੰਤਰੀਆਂ ਅਤੇ ਇੱਕ ਦਰਜਨ ਸੰਸਦੀ ਸਕੱਤਰਾਂ ਦੀ ਕਾਰਗੁਜਾਰੀ ਬਹੁੱਤ
ਮਾੜੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਅਜਿਹੇ ਆਗੂਆਂ ਨੂੰ ਮੰਤਰੀ ਮੰਡਲ ਚੋਂ ਹਟਾਉਣਾ ਚਾਹੁੰਦੀ ਹੈ ਜਿਹੜੇ ਲੋਕ ਸਭਾ ਚੋਣਾਂ ਵਿੱਚ ਆਪਣੇ ਹਲਕੇ ਤੋਂ ਜਿੱਤ ਪ੍ਰਾਪਤ ਨਹੀਂ ਕਰ ਸਕੇ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ, ਭਾਜਪਾ ਦੇ ਦੋ ਮੰਤਰੀ ਨਿਸ਼ਾਨੇ ਉੱਪਰ ਹਨ। ਗਿਆਰਾਂ ਦੇ ਕਰੀਬ ਸੰਸਦੀ ਸਕੱਤਰਾਂ ਤੋਂ ਅਸਤੀਫਾ ਲਏ ਜਾਣ ਦੀ ਖ਼ਬਰਾਂ ਹਨ। ਭਾਜਪਾ ਦੇ ਮੰਤਰੀ ਸ੍ਰੀ ਅਨਿਲ ਜੋਸ਼ੀ ਅਤੇ ਅਕਾਲੀ ਦਲ ਦੇ ਮੰਤਰੀ ਸਰਵਣ ਸਿੰਘ ਫਿਲੌਰ ਪਹਿਲਾਂ ਹੀ ਅਸਤੀਫਾ ਦੇ ਚੁਕੇ ਹਨ।
ਰਿਪੋਰਟ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਮੰਤਰੀਆਂ ਅਤੇ ਸੰਸਦੀ ਸਕੱਤਰਾਂ ਨੂੰ ਵੀ ਹਟਾਉਣ ’ਤੇ ਵੀ ਵਿਚਾਰ ਕਰ ਰਿਹਾ ਹੈ ਜਿਨ੍ਹਾਂ ਦੀ ਆਪਣੇ ਹਲਕੇ ਵਿੱਚ ਵੋਟ ਘਟੀ ਹੈ। ਦੂਸਰੇ ਪਾਸੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਉਤਸ਼ਾਹਿਤ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਹੋਰ ਖੁਲ ਕੇ ਸਿਆਸਤ ਕਰਨ ਦੇ ਰੌਅ ਵਿੱਚ ਹੈ। ਪਾਰਟੀ ਦੀ ਮੰਗਲਵਾਰ ਨੂੰ ਉੱਚ ਪੱਧਰੀ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਇਸ ਸੰਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ। ਪਾਰਟੀ ਲੀਡਰਸ਼ਿਪ ਦਾ ਇਕ ਹਿੱਸਾ ਇਹ ਚਾਹੁੰਦਾ ਹੈ ਕਿ ਇਹ ਪੰਜਾਬ ਵਿੱਚ ਪਾਰਟੀ ਦੀ ਮਜਬੂਤੀ ਲਈ ਸਰਕਾਰ ਵਿੱਚ ਉੱਪ ਮੁਖ ਮੰਤਰੀ ਦਾ ਆਹੁਦਾ ਭਾਜਪਾ ਨੂੰ ਦਿੱਤਾ ਜਾਵੇ। ਭਾਜਪਾ ਦੀ ਇਸ ਦਾਅਵੇਦਾਰੀ ਦੇ ਉਭਰਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਆਹੁਦਾ ਛਡਣਾ ਪਵੇਗਾ। ਇਸ ਸਮੇਂ ਬਾਦਲ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਉੱਪ ਮੁਖ ਮੰਤਰੀ ਵੱਜੋ ਸੇਵਾ ਕਰ ਰਹੇ ਹਨ। ਜੇਕਰ ਉਨ੍ਹਾਂ ਦੇ ਅਸਤੀਫੇ ਦੀ ਨੌਬਤ ਆਉਂਦੀ ਹੈ ਤਾਂ ਪੰਜਾਬ ਮੰਤਰੀ ਮੰਡਲ ਦਾ ਇੱਕ ਨਵਾਂ ਰੂਪ ਸਾਹਮਣੇ ਆਵੇਗਾ। ਇਹ ਵੀ ਪਤਾ ਲੱਗਾ ਹੈ ਕਿ ਭਾਜਪਾ ਇਸ ਗੱਲ ਲਈ ਦਬਾਅ ਬਣਾ ਰਹੀ ਹੈ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕੇਂਦਰ ’ਚ ਭੇਜ ਦਿੱਤਾ ਜਾਵੇ ਅਤੇ ਉਨ੍ਹਾਂ ਦੀ ਥਾਂ ਸ. ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਥਾਪਿਆ ਜਾਵੇ। ਅਜਿਹੀ ਹਾਲਤ ਵਿੱਚ ਭਾਜਪਾ ਨੂੰ ਸੋਖ ਨਾਲ ਹੀ ਉੱਪ ਮੁੱਖ ਮੰਤਰੀ ਦੀ ਕੁਰਸੀ ਮਿਲ ਜਾਵੇਗੀ। ਭਾਜਪਾ ਆਗੂ ਇਹ ਵੀ ਸੋਚਦੇ ਹਨ ਕਿ ਵੱਡੇ ਅਤੇ ਛੋਟੇ ਬਾਦਲ ਦੀ ਸਿਆਸੀ ਸਮਰਥਾ ਨੂੰ ਯੋਗ ਤਰੀਕੇ ਨਾਲ ਵਰਤਣ ਦਾ ਇਹ ਸਭ ਤੋਂ ਢੁਕਵਾਂ ਸਮਾਂ ਹੈ। ਇਸ ਨਾਲ ਸਰਕਾਰ ਵਿੱਚ ਸੱਤਾ ਦੇ ਬਹੁ-ਕੇਂਦਰ ਖ਼ਤਮ ਕਰਨ ਵਿੱਚ ਮੱਦਦ ਮਿਲੇਗੀ। ਦੂਜੇ ਪਾਸੇ ਮੰਤਰੀ ਅਤੇ ਸੰਸਦੀ ਸਕੱਤਰ ਦੇ ਆਹੁਦੇ ਹਾਸਿਲ ਕਰਨ ਲਈ ਭਾਜਪਾ ਅਤੇ ਅਕਾਲੀ ਦਲ ਦੇ ਵਿਧਾਇਕਾ ਵਿੱਚ ਪੂਰੇ ਜ਼ੋਰਾ ’ਤੇ ਦੌੜ ਲੱਗੀ ਹੋਈ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਮਸਲੇ ਨੂੰ ਦੋਨੇਂ ਪਾਰਟੀਆਂ ਕਿਸ ਤਰ੍ਹਾਂ ਨਜਿਠਦੀਆਂ ਹਨ। ਦੋਨੇ ਪਾਰਟੀਆਂ ਵਿੱਚ ਸੰਗਠਨ ਦੇ ਪੱਧਰ ਉੱਪਰ ਵਿੱਚ ਵੱਡੀ ਤਬਦੀਲੀ ਦੇ ਆਸਾਰ ਹਨ।



