ਕੀਰਤਪੁਰ ਸਾਹਿਬ, 18 ਅਕਤੂਬਰ (ਅਮਰਾਨ ਖ਼ਾਨ)- ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਦੁਆਰਾ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਐੱਸ.ਡੀ.ਐੱਮ ਅਨੰਦਪੁਰ ਸਾਹਿਬ ਕੰਨੂੰ ਗਰਗ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਜੇਈ ਸੰਦੀਪ ਕੁਮਾਰ ਨੇ ਦੱਸਿਆ ਕਿ ਕੀਰਤਪੁਰ ਸਾਹਿਬ ‘ਚ ਕਈ ਸਥਾਨਾਂ ਉੱਤੇ ਨਗਰ ਪੰਚਾਇਤ ਦੁਆਰਾ ਵਿਕਾਸ ਕਾਰਜ ਤੇਜ਼ ਗਤੀ ਨਾਲ ਕੀਤੇ ਜਾ ਰਹੇ ਹਨ ਜਿਵੇਂ ਕਿ ਨਗਰ ਪੰਚਾਇਤ ਦੀਆਂ ਗਲੀਆਂ ‘ਚ ਇੰਟਰਲਾਕਿੰਗ ਟਾਈਲਾਂ, ਨਾਲੀਆਂ ਦਾ ਕੰਮ, ਬਰਸਾਤੀ ਨਾਲਿਆਂ ਨੂੰ ਪੱਕਾ ਕਰਨਾ ਆਦਿ ਤੋਂ ਇਲਾਵਾ ਕਈ ਵਿਕਾਸ ਕਾਰਜ ਚੱਲ ਰਹੇ ਹਨ। ਇਸ ਮੌਕੇ ਐੱਸ.ਡੀ.ਐੱਮ ਦੁਆਰਾ ਮੇਨ ਬਾਜ਼ਾਰ ਕੀਰਤਪੁਰ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਸਾਈਂ ਬਾਬਾ ਬੁੱਢਣ ਸ਼ਾਹ ਜੀ, ਗੁਰਦੁਆਰਾ ਵਿਬਾਨਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਜੀ ਦੇ ਨਜ਼ਦੀਕ ਇਲਾਕਿਆਂ ਦਾ ਜਾਇਜ਼ਾ ਲਿਆ।



