ਅੰਮ੍ਰਿਤਸਰ, 23 ਮਈ (ਪੀ.ਟੀ.)- ਸ.ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਸਿੱਖੀ ਦੇ ਪ੍ਰਚਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਜੇਕਰ ਕੋਈ ਸੰਸਥਾ ਕੰਮ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਉਸ ਨੂੰ ਸਹਿਯੋਗ ਦੇਵੇਗੀ।ਇਥੋਂ ਜਾਰੀ ਪ੍ਰੈ¤ਸ ਨੋਟ ’ਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਏ ਰੈਵੋਲੂਸ਼ਨਰੀ ਕਾਨਸੈਪਟ’ ਚੈਂਬਰ ਮੁੰਬਈ ਦੀ ਕੰਪਨੀ ਦੇ ਡਾਇਰੈਕਟਰ ਸ.ਮਨਪ੍ਰੀਤ ਸਿੰਘ ਉਨ੍ਹਾਂ ਕੋਲ ਟੀਮ ਸਮੇਤ ਆਏ ਸਨ, ਕੰਪਨੀ ਪੈਂਤੀ ਅੱਖਰੀ ਮਿਉਜਿਕ ਐਲਬੰਮ ਤਿਆਰ ਕਰਨ ਜਾ ਰਹੀ ਹੈ ਜਿਸ ਰਾਹੀਂ ਦੇਸ਼-ਵਿਦੇਸ਼ਾਂ ’ਚ ਬੈਠੇ ਪੰਜਾਬੀ ਭਾਈਚਾਰੇ ਦੇ ਪ੍ਰੀਵਾਰਾਂ ’ਚੋਂ ਮਾਂ ਬੋਲੀ ਪੰਜਾਬੀ ਬੋਲੀ ਦੇ ਘਟਦੇ ਰੁਝਾਨ ਤੇ ਸਿੱਖ ਗੁਰੂ ਸਾਹਿਬਾਨ, ਪੰਜ ਪਿਆਰੇ ਸਾਹਿਬਾਨ, ਪੰਜ ਤਖਤ ਸਾਹਿਬਾਨ ਤੇ ਚਾਰ
ਸਾਹਿਬਜਾਦਿਆਂ ਬਾਰੇ ਅਰਥ ਭਰਪੂਰ ਜਾਣਕਾਰੀ ਹੋਵੇਗੀ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਡਾਇਰੈਕਟਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਮਿਸ਼ਨ ਨੂੰ ਪੰਜਾਬੀ, ਹਿੰਦੀ ਤੇ ਅੰਗਰੇਜੀ ਤਿੰਨ ਭਾਸ਼ਾਵਾਂ ’ਚ ਤਿਆਰ ਕੀਤਾ ਜਾਵੇਗਾ।
ਇਸ ਮੌਕੇ ਸ.ਮਨਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਿਆਦਾਤਰ ਪੰਜਾਬੀ ਜਾਂ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਦਸ ਗੁਰੂ ਸਾਹਿਬਾਨ, ਪੰਜ ਪਿਆਰੇ ਸਾਹਿਬਾਨ, ਚਾਰ ਸਾਹਿਬਜਾਦੇ ਤੇ ਪੰਜ ਤਖਤ ਸਾਹਿਬਾਨਾਂ ਦੇ ਨਾਮ ਦਾ ਵੀ ਨਹੀਂ ਪਤਾ। ਇਥੋਂ ਤੀਕ ਕਿ ਭਾਵੇਂ ਅਸੀਂ ਪੰਜਾਬੀ ਹਾਂ ਪਰ ਆਪਣੇ ਬੱਚਿਆਂ ਨੂੰ ਮਾਂ ਬੋਲੀ ਤੋਂ ਦੂਰ ਕਰਦਿਆਂ ਆਪਣੇ ਹੀ ਘਰਾਂ ਵਿੱਚ ਉਨ੍ਹਾਂ ਨਾਲ ਗੈਰ ਪੰਜਾਬੀ ਭਾਸ਼ਾ ਦੀ ਵਰਤੋਂ ਕਰਦੇ ਹਾਂ ਜੋ ਆਉਣ ਵਾਲੇ ਸਮੇਂ ’ਚ ਬਹੁਤ ਘਾਤਕ ਸਿੱਧ ਹੋਵੇਗਾ ਤਾਂ ਅਗਲੇ ਕੁਝ ਸਾਲਾਂ ਵਿੱਚ ਹੀ ਪੰਜਾਬੀ ਭਾਸ਼ਾ ਘਰਾਂ ਦੀ ਬਜਾਏ ਕੇਵਲ ਕਿਤਾਬਾਂ ਵਿੱਚ ਹੀ ਸਿਮਟ ਕੇ ਰਹਿ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਉਹ ਆਪਣਾ ਮਿਸ਼ਨ ਪੂਰਨ ਕਰਨ ਲਈ ਸ਼੍ਰੋਮਣੀ ਕਮੇਟੀ ਪਾਸ ਪੁੱਜੇ ਹਨ। ਸ.ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਤੇ ਸ.ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਨੂੰ ਆਪਣੇ ਮਿਸ਼ਨ ਬਾਰੇ ਜਾਣਕਾਰੀ ਦਿੱਤੀ ਹੈ ਤੇ ਕੁਝ ਅੰਸ਼ ਵੀ ਦਿਖਾਏ ਹਨ। ਇਨ੍ਹਾਂ ਅਧਿਕਾਰੀਆਂ ਨੇ ਸਾਨੂੰ ਸਹਿਯੋਗ ਲਈ ਲਿਖਤੀ ਪੱਤਰ ਤੇ ਸਕਰਿਪਟ ਦੀ ਮੰਗ ਕੀਤੀ ਹੈ ਜੋ ਜਲਦੀ ਹੀ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਨੂੰ ਬੜੇ ਧਿਆਨ ਨਾਲ ਸੁਣਿਆ ਹੈ ਤੇ ਇਸ ਕਾਰਜ ਪ੍ਰਤੀ ਸਹਿਯੋਗ ਕਰਨ ਦਾ ਵਿਸ਼ਵਾਸ ਦੁਆਇਆ ਹੈ ਜਿਸ ਲਈ ਅਸੀਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧੰਨਵਾਦੀ ਹਾਂ।
ਇਸ ਮੌਕੇ ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਪਰਮਿੰਦਰ ਸਿੰਘ, ਬੀਬੀ ਹਰਮਨਦੀਪ ਕੌਰ ਤੇ ਬੀਬੀ ਦਲਜੀਤ ਕੌਰ ਮੁੰਬਈ ਆਦਿ ਹਾਜ਼ਰ ਸਨ।