ਰਾਮਪੁਰਾ ਫੂਲ, 27 ਸਤੰਬਰ (ਕੁਲਜੀਤ ਸਿੰਘ ਢੀਂਗਰਾ, ਸੁਖਮੰਦਰ ਸਿੰਘ)- ਆਮ ਆਦਮੀ ਪਾਰਟੀ ਨੂੰ ਰਾਮਪੁਰਾ ਫੂਲ ਅੰਦਰ ਉਸ ਸਮੇਂ ਜਬਰਦਸਤ ਝਟਕਾ ਲੱਗਾ ਜਦੋਂ ਆਪ ਦੇ ਜਿਲਾ ਜਨਰਲ ਸਕੱਤਰ ਸੁਰੇਸ਼ ਗੁਪਤਾ ਸੁੰਦਰੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਗਏ। ਮਲੂਕਾ ਨੇ ਸੁਰੇਸ਼ ਗੁਪਤਾ ਨੂੰ ਹਾਰ ਅਤੇ ਸਿਰਪਾਓ ਪਾ ਕੇ ਪਾਰਟੀ ਚ ਸ਼ਾਮਲ ਹੋਣ ਤੇ ਸਵਾਗਤ ਕੀਤਾ। ਸੀਨੀਅਰ ਅਕਾਲੀ ਆਗੂ ਸੁਰਿੰਦਰ ਕੁਮਾਰ ਮਹਿਰਾਜ ਅਤੇ ਕਾਲਾ ਗਰਗ ਦੀ ਦੇਖ-ਰੇਖ ਹੇਠ ਰੱਖੇ ਇਸ ਸਾਦੇ ਸਮਾਗਮ ਚ ਸਥਾਨਕ ਸ਼ਹਿਰ ਦੀ ਸਮੁੱਚੀ ਅਕਾਲੀ ਲੀਡਰਸ਼ਿੱਪ ਵੀ ਹਾਜਰ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਅਤੇ ਆਪ ਦਾ ਕੋਈ ਆਧਾਰ ਨਹੀ ਰਿਹਾ। ਇਸ ਕਾਰਨ ਲੋਕ ਅਕਾਲੀ ਦਲ ਨਾਲ ਧੜਾਧੜ ਜੁੜ ਰਹੇ ਹਨ। ਭਾਵੇਂਕਿ ਸੂਬੇ ਅੰਦਰ ਕਾਗਰਸ ਪਾਰਟੀ ਸੱਤਾ ਵਿੱਚ ਹੈ। ਪਰ ਉਹ ਹਰ ਫਰੰਟ ਤੇ ਫੇਲ ਸਾਬਤ ਹੋ ਚੁੱਕੀ ਹੈ। ਲੋਕਾਂ ਨੂੰ ਇਨਸਾਫ ਲੈਣ ਲਈ ਸੜਕਾਂ ਤੇ ਉੱਤਰ ਕੇ ਧਰਨੇ-ਮੁਜਾਹਰੇ ਕਰਨੇ ਪੈ ਰਹੇ ਹਨ। ਉਨਾਂ ਅੱਗੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਾਲੀ ਸਰਕਾਰ ਨੇ ਅਨੇਕਾਂ ਸਹੂਲਤਾਂ ਪੰਜਾਬ ਦੇ ਲੋਕਾਂ ਲਈ ਲਿਆਂਦੀਆਂ। ਪਰ ਜਦ ਤੋਂ ਸੂਬੇ ਅੰਦਰ ਕਾਂਗਰਸ ਸਰਕਾਰ ਸੱਤਾ ਤੇ ਕਾਬਜ ਹੋਈ ਹੈ ਉਦੋਂ ਤੋਂ ਉਨਾਂ ਅਨੇਕਾਂ ਲੋਕ ਭਲਾਈ ਦੀਆਂ ਸਕੀਮਾ ਵਿੱਚ ਬਦਲਾਅ ਕਰ ਦਿੱਤੇ ਅਤੇ ਕਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਮਲੂਕਾ ਨੇ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਇਸ ਪਾਰਟੀ ਦਾ ਭਵਿੱਖ ਪਹਿਲਾਂ ਤੋਂ ਹੀ ਤੈਅ ਸੀ ਕਿ ਇਹ ਪਾਰਟੀ ਜਲਦ ਹੀ ਖੇਰੂੰ-ਖੇਰੂੰ ਹੋ ਜਾਵੇਗੀ ਅਤੇ ਅੱਜ ਆਪ ਦੀ ਹਾਲਤ ਪੰਜਾਬ ਦੀ ਜਨਤਾ ਦੇ ਸਾਹਮਣੇ ਹੈ। ਇਸ ਮੌਕੇ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਪ੍ਰਵੀਨ ਕਾਂਸਲ ਰੌਕੀ, ਸ਼ਹਿਰੀ ਪ੍ਰਧਾਨ ਸੱਤਪਾਲ ਗਰਗ, ਨਗਰ ਪੰਚਾਇਤ ਮਹਿਰਾਜ ਦੇ ਪਧਾਨ ਹਰਿੰਦਰ ਸਿੰਘ ਹਿੰਦਾ, ਨਰੇਸ਼ ਸੀ.ਏ, ਮੇਜਰ ਸਿੰਘ ਨੰਬਰਦਾਰ, ਗੁਰਤੇਜ ਸਿੰਘ ਬਰਾੜ, ਧਰਮਪਾਲ ਸ਼ਰਮਾ, ਮਨਮੋਹਨ ਕੁਮਾਰ ਲੱਕੀ, ਨਿਰਮਲ ਬੁਰਜ ਗਿੱਲ, ਗੁਰਤੇਜ ਸ਼ਰਮਾ, ਨਰੇਸ਼ ਤਾਂਗੜੀ, ਪ੍ਰਿੰਸ ਨੰਦਾ, ਕਾਕਾ ਚੱਕੀ ਵਾਲਾ, ਖੂਨਦਾਨੀ ਸੁਰਿੰਦਰ ਗਰਗ, ਮਨੋਹਰ ਸਿੰਘ, ਹਨੀ ਗਰਗ, ਯਸ਼ਪਾਲ ਭਾਈਰੂਪਾ, ਜਸ ਪਿਪਲੀ, ਗੁਰਮੇਲ ਸਿੰਘ ਢੱਲਾ ਆਦਿ ਹਾਜ਼ਰ ਸਨ।



