ਨਵੀਂ ਦਿੱਲੀ, 19 ਮਈ (ਪੀ.ਟੀ.)-ਮੰਤਰੀ ਮੰਡਲ ਦੇ ਗਠਨ ਤੋਂ ਪਹਿਲਾਂ ਨਵੇਂ ਪ੍ਰਧਾਨ ਮੰਤਰੀ ਬਣ ਰਹੇ ਨਰਿੰਦਰ ਮੋਦੀ ਨੇ ਆਪਣੇ ਨੇੜਲੇ ਸਹਾਇਕ ਤੇ ਭਾਜਪਾ ਦੇ ਜਨਰਲ ਸਕੱਤਰ ਅਮਿਤ ਸ਼ਾਹ ਤੇ ਪਾਰਟੀ ਦੇ ਸੀਨੀਅਰ ਆਗੂ ਅਰੁਨ ਜੇਤਲੀ ਨਾਲ ਵਿਚਾਰ ਵਟਾਂਦਰਾ ਕੀਤਾ ਜਦਕਿ ਭਾਜਪਾ ਦੇ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਇਥੇ ਆਰ.ਐੱਸ.ਐੱਸ. ਦੇ ਦਫ਼ਤਰ ਵਿਖੇ ਸੰਘ ਨੇਤਾਵਾਂ ਨਾਲ ਮੁਲਾਕਾਤ ਕੀਤੀ। ਜਦੋਂ ਕਿ ਰਸਮੀ ਤੌਰ ’ਤੇ ਨਰਿੰਦਰ ਮੋਦੀ ਨੂੰ ਭਾਜਪਾ ਸੰਸਦੀ ਦਲ ਦਾ ਆਗੂ ਚੁਣਨ ਲਈ ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਕੱਲ੍ਹ 20 ਮਈ ਨੂੰ ਹੋ ਰਹੀ ਹੈ। ਸ੍ਰੀ ਮੋਦੀ ਨੇ ਚਾਣਕੀਆਪੁਰੀ ’ਚ ਗੁਜਰਾਤ ਭਵਨ ਵਿਖੇ ਸ੍ਰੀ ਸ਼ਾਹ ਤੇ ਸ੍ਰੀ ਜੇਤਲੀ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੂੰ ਲੋਕ ਸਭਾ ਚੋਣਾਂ ’ਚ ਹਾਰ
ਜਾਣ ਦੇ ਬਾਵਜੂਦ ਕੈਬਨਿਟ ’ਚ ਸ਼ਾਮਿਲ ਕਰਨ ਦੀ ਸੰਭਾਵਨਾ ਹੈ। ਉਧਰ ਰਾਜਨਾਥ ਸਿੰਘ ਦੇ ਅਸ਼ੋਕ ਰੋਡ ਰਿਹਾਇਸ਼ ’ਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ, ਉਮਾ ਭਾਰਤੀ, ਗੋਪੀਨਾਥ ਮੁੰਡੇ, ਯੋਗੀ ਅਦਿੱਤਿਆ ਨਾਥ, ਵਰੁਨ ਗਾਂਧੀ ਤੇ ਕਈ ਨਵੇਂ ਚੁਣੇ ਸੰਸਦ ਮੈਂਬਰਾਂ ਨੇ ਭਾਜਪਾ ਪ੍ਰਧਾਨ ਨਾਲ ਮੁਲਾਕਾਤ ਕੀਤੀ। ਅੱਜ ਜਿਹੜੇ ਪ੍ਰਮੁੱਖ ਨੇਤਾਵਾਂ ਨੇ ਸ੍ਰੀ ਮੋਦੀ ਨਾਲ ਮੁਲਾਕਾਤ ਕੀਤੀ ਉਨ੍ਹਾਂ ’ਚ ਸੁਸ਼ਮਾ ਸਵਰਾਜ ਤੇ ਉਮਾ ਭਾਰਤੀ ਸ਼ਾਮਿਲ ਹਨ।