ਤਲਵੰਡੀ ਸਾਬੋ, 25 ਸਤੰਬਰ (ਰਾਮ ਰੇਸ਼ਮ ਨਥੇਹਾ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਪੇਂਡੂ ਖੇਤਰ ਦੇ ਲੋੜਵੰਦ ਬੱਚਿਆਂ ਨੂੰ ਮਹਿੰਗੀ ਤਕਨੀਕੀ ਸਿੱਖਿਆ ਦਾ ਮੌਕਾ ਪ੍ਰਦਾਨ ਕਰਨ ਲਈ ਯਾਦਵਿੰਦਰਾ ਕਾਲਜ ਆਫ ਇੰਜ. ਤਲਵੰਡੀ ਸਾਬੋ ਦੀ ਸਥਾਪਨਾ ਸਾਲ 2004 ਵਿਚ ਕੀਤੀ ਸੀ, ਜਿਸ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਜੀ ਨੇ ਖੁਦ ਕੀਤਾ ਸੀ।ਉਦੋ ਤੋਂ ਹੀ ਇਸ ਕਾਲਜ ਵਿਖੇ ਛੇ ਸਾਲਾ ਬੀ.ਟੈਕ ਇੰਟੇਗਰੇਟਿਡ ਕੋਰਸ ਗੋਲਡਨ ਹਾਰਟ ਸਕਾਰਲਰਸਿਪ ਸਕੀਮ ਦੇ ਨਾਮ ਅਧੀਨ ਚਲਾਇਆ ਜਾ ਰਿਹਾ ਹੈ।ਇਸ ਸਕਾਲਰਸਿਪ ਸਕੀਮ ਤਹਿਤ ਲੋੜਵੰਦ ਤੇ ਹੋਣਹਾਰ ਪੇਂਡੂ ਬੱਚੇ ਉਚ ਵਿੱਦਿਆ ਲੈ ਕੇ ਚੰਗੀਆਂ ਪੋਸਟਾਂ ਤੇ ਆਪਣੀ ਸੇਵਾਵਾਂ ਦੇ ਰਹੇ ਹਨ। ਇਥੇ ਇਹ ਦੱਸਣਾ ਬਣਦਾ ਹੈ ਕਿ ਇਸ ਸਕੀਮ ਤਹਿਤ ਦਾਖਲ ਹੋਏ ਵਿਦਿਆਰਥੀ ਆਪਣਾ ਛੇ ਸਾਲਾ ਕੋਰਸ ਕਿਸੇ ਫੀਸ ਦੀ ਅਦਾਇਗੀ ਕੀਤੇ ਬਿਨਾਂ ਪੂਰਾ ਕਰਦੇ ਹਨ।ਇਹ ਸਕੀਮ ਦੀਆਂ ਸ਼ਰਤਾਂ ਮੁਤਾਬਕ ਵਿਦਿਆਰਥੀ ਤੋਂ ਆਸ ਕੀਤੀ ਜਾਂਦੀ ਹੈ ਕਿ ਕੋਰਸ ਪੂਰਾ ਹੋਣ ਤੋਂ ਇਕ ਸਾਲ ਬਾਅਦ ਬਰਾਬਰ 24 ਤਿਮਾਹੀ ਕਿਸਤਾਂ ਰਾਹੀਂ 2.04 ਲੱਖ ਬਣਦੀ ਫੀਸ ਵਾਪਸ ਕਰਨਗੇ।ਇਸ ਆਸ ਤੇ ਪੂਰਾ ਉਤਰਦਾ ਹੋਏ ਇਸ ਸਕੀਮ ਤਹਿਤ ਪੜ੍ਹ ਚੁੱਕੇ ਮਕੈਨੀਕਲ ਇੰਜੀਨੀਅਰਿੰਗ ਸੈਕਸਨ ਦੇ ਵਿਦਿਆਰਥੀ ਹਰਪਾਲ ਸਿੰਘ ਪੁੱਤਰ ਸ੍ਰ. ਸਲਵਿੰਦਰ ਸਿੰਘ, ਵਾਸੀ ਸ਼ੁਤਰਾਣਾ,ਜਿਲ੍ਹਾ ਪਟਿਆਲਾ ਵੱਲੋਂ ਅੱਜ ਆਪਣੀ ਮੋੜਨ ਯੋਗ ਬਕਾਇਆ 1.98 ਲੱਖ ਰੁਪੈ ਦੀ ਰਾਸ਼ੀ ਚੈਕ ਰਾਹੀਂ ਭੁਗਤਾਨ ਕੀਤਾ ਹੈ ਜਿਸ ਦੀ ਮੁਖੀ, ਵਾਈਕੋ ਵੱਲੋਂ ਸਲਾਘਾ ਕੀਤੀ ਗਈ ਹੈ ਅਤੇ ਇਸ ਦੀ ਜਾਣਕਾਰੀ ਯੂਨੀਵਰਸਿਟੀ ਅਧਿਕਾਰੀਆ ਕੋਲ ਵੀ ਭੇਜੀ ਗਈ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਹਰੇਕ ਵਿਦਿਆਰਥੀ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਆਪਣੀ ਬਣਦੀ ਬਕਾਇਆ ਫੀਸ ਮੋੜਦੇ ਰਹਿਣ ਤਾਂ ਸਕੀਮ ਲਗਾਤਾਰ ਚੱਲਦੀ ਰਹੇਗੀ ਅਤੇ ਹੋਰ ਲੋੜਵੰਦ ਵਿਦਿਆਰਥੀਆਂ ਦਾ ਭਵਿੱਖ ਉੱਜਵਲ ਹੁੰਦਾ ਰਹੇਗਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਹਮੇਸ਼ਾ ਹੀ ਪੇਂਡੂ ਖੇਤਰ ਦੇ ਵਿਦਿਆਰਥੀਆਂ ਦਾ ਬੌਧਿਕ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਂਦੇ ਹਨ ਅਤੇ ਗੋਲਡਨ ਹਾਰਟਜ਼ ਸਕਾਲਰਸ਼ਿੱਪ ਸਕੀਮ ਵੀ ਇਸੇ ਕੜੀ ਦਾ ਇੱਕ ਅਹਿਮ ਹਿੱਸਾ ਹੈ। ਇਸ ਮੌਕੇ ਸ੍ਰੀ ਕੁਮਾਰ, ਸ੍ਰ.ਹਰਜਿੰਦਰ ਸਿੰਘ, ਸ੍ਰ.ਦਲਜੀਤ ਸਿੰਘ, ਸ੍ਰੀ ਰਮਨਜੀਤ ਸਿੰਘ, ਸ੍ਰੀ ਅਮਨਦੀਪ ਸਰਮਾ, ਸ੍ਰ.ਪਿਆਰਾ ਸਿੰਘ ਹਾਜ਼ਰ ਸਨ।