ਨਵੀਂ ਦਿੱਲੀ, 17 ਮਈ (ਪੀ.ਟੀ.)-ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਵਜੋਂ ਤਾਜਪੋਸ਼ੀ ਤੋਂ ਪਹਿਲਾਂ ਉਨ੍ਹਾਂ ਨੂੰ ਰਸਮੀ ਰੂਪ ਵਿਚ ਨੇਤਾ ਚੁਣਨ ਲਈ ਭਾਜਪਾ ਸੰਸਦੀ ਬੋਰਡ ਦੀ 20 ਮਈ ਨੂੰ ਮੀਟਿੰਗ ਹੋਵੇਗੀ। ਇਹ ਫ਼ੈਸਲਾ ਪਾਰਟੀ ਦੀ ਫ਼ੈਸਲਾ ਲੈਣ ਵਾਲੇ ਸਭ ਤੋਂ ਉੱਚ ਸੰਗਠਨ ਦੀ ਮੀਟਿੰਗ ’ਚ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਭਾਜਪਾ ਮੁਖੀ ਰਾਜਨਾਥ ਸਿੰਘ ਨੇ ਕੀਤੀ ਤੇ ਇਸ ’ਚ ਸ੍ਰੀ ਮੋਦੀ, ਐੱਲ. ਕੇ. ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਸ਼ਮਾ ਸਵਰਾਜ ਤੇ ਦੂਸਰੇ ਚੋਟੀ ਦੇ ਨੇਤਾ ਸ਼ਾਮਿਲ ਹੋਏ। ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਕਰਦਿਆਂ ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਸੇ ਦਿਨ ਮੀਟਿੰਗ ਲਈ ਕੌਮੀ ਜ਼ਮਹੂਰੀ ਗੱਠਜੋੜ ਦੇ ਭਾਈਵਾਲਾ ਨੂੰ ਵੀ ਸੱਦਿਆ ਜਾਵੇਗਾ। ਅੱਜ ਦੀ ਸੰਸਦੀ ਬੋਰਡ ਦੀ ਮੀਟਿੰਗ ’ਚ ਇਕ ਮਤਾ ਪਾਸ ਕਰਕੇ ਪ੍ਰਧਾਨ ਮੰਤਰੀ ਅਹੁਦੇ ਦੇ
ਉਮੀਦਵਾਰ ਦੀ ਉਨ੍ਹਾਂ ਦੇ ਅਣਥੱਕ ਯਤਨਾਂ ਤੇ ਉਤਸ਼ਾਹ ਭਰਨ ਵਾਲੀ ਲੀਡਰਸ਼ਿਪ ਲਈ ਸ਼ਲਾਘਾ ਕੀਤੀ ਗਈ। ਮਤੇ ’ਚ ਕਿਹਾ ਗਿਆ ਹੈ ਕਿ ਸ੍ਰੀ ਮੋਦੀ ਨੇ ਪ੍ਰਚਾਰ ਨੂੰ ਦੂਰਦ੍ਰਿਸ਼ਟੀ ਨਾਲ ਦਿਸ਼ਾ ਦਿੱਤੀ ਸੀ ਤੇ ਭਾਜਪਾ ਕਾਰਕੁਨਾਂ ਦੇ ਨਾਲ ਨਾਲ ਆਰ.ਐੱਸ.ਐੱਸ. ਤੇ ਇਸ ਨਾਲ ਜੁੜੇ ਗਰੁੱਪਾਂ ਦਾ ਸਪਸ਼ਟ ਰੂਪ ’ਚ ਜ਼ਿਕਰ ਕਰਦਿਆਂ ਸਮਾਜਿਕ ਤੇ ਸਭਿਆਚਾਰਕ ਸੰਗਠਨਾਂ ਦਾ ਵੀ ਧੰਨਵਾਦ ਕੀਤਾ ਗਿਆ। ਚੋਣ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਬੋਰਡ ਨੇ ਲੋਕਾਂ ਵਲੋਂ ਦਿੱਤੇ ਫਤਵੇ ਦੀ ਸ਼ਲਾਘਾ ਕੀਤੀ ਗਈ।
ਇਸ ਦੌਰਾਨ ਨਵੀਂ ਦਿੱਲੀ ਹਵਾਈ ਅੱਡੇ ’ਤੇ ਸ਼ਨੀਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਤੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਸਵਾਗਤ ਲਈ ਪਾਰਟੀ ਸਮਰਥਕਾਂ ਸਮੇਤ ਲੋਕਾਂ ਦੀ ਵੱਡੀ ਭੀੜ ਨਜ਼ਰ ਆਈ। ਪੱਛਮੀ ਦਿੱਲੀ ਦੀ ਨੌਜਵਾਨ ਪਾਰਟੀ ਵਰਕਰ ਪੂਰਨਿਮਾ ਰਾਵਤ ਨੇ ਕਿਹਾ ਕਿ ਸਾਨੂੰ ਨਰਿੰਦਰ ਮੋਦੀ ਤੋਂ ਬਹੁਤ ਉਂਮੀਦਾਂ ਹਨ। ਇੱਥੇ ਉਨ੍ਹਾਂ ਵਰਗਾ ਇੱਕ ਵੀ ਨੇਤਾ ਨਹੀਂ ਹੈ। ਉਹ ਦੇਸ਼ ਨੂੰ ਨਵੀਂ ਦਿਸ਼ਾ ’ਚ ਲੈ ਜਾਣਗੇ। ਹਵਾਈ ਅੱਡੇ ’ਤੇ ਨੌਜਵਾਨ ਪਾਰਟੀ ਵਰਕਰ ਵੱਡੀ ਗਿਣਤੀ ’ਚ ਭਗਵੀ ਟੋਪੀ ਪਾਈ ਨਜ਼ਰ ਆਏ, ਜਿਨ੍ਹਾਂ ’ਤੇ ਲਿਖਿਆ ਸੀ ਨਮੋ ਫਾਰ ਪੀਐਮ। ਅਧਿਕਾਰੀਆਂ ਨੇ ਕਿਹਾ ਕਿ ਸਵੇਰੇ ਛੇ ਵਜੇ ਤੋਂ ਕੇਂਦਰੀ ਉਦਯੋਗਕ ਸੁਰੱਖਿਆ ਬਲ (ਸੀਆਈਐੱਸਐੱਫ) ਤੇ ਦਿੱਲੀ ਪੁਲਿਸ ਦੇ 1, 000 ਜਵਾਨਾਂ ਨੂੰ ਹਵਾਈ ਅੱਡੇ ’ਤੇ ਤੈਨਾਤ ਕੀਤਾ ਗਿਆ ਹੈ। ਪਾਰਟੀ ਦੇ ਮੀਡੀਆ ਸੰਯੋਜਕ ਹਰੀਸ਼ ਖੁਰਾਨਾ ਨੇ ਕਿਹਾ ਕਿ ਸਾਰੇ ਰਾਜਾਂ ਤੋਂ ਮਿਊਜਿਕ ਬੈਂਡ ਤੇ ਦਿੱਲੀ ਦੀਆਂ ਸਾਰੀਆਂ ਸੱਤ ਸੀਟਾਂ ’ਤੇ ਜੇਤੂ ਹੋਏ ਸੰਸਦ ਵੀ ਮੋਦੀ ਦੇ ਸਵਾਗਤ ਲਈ ਹਵਾਈ ਅੱਡੇ ’ਤੇ ਪੁੱਜੇ।