May 28, 2026 10:54 am

ਬੀਬੀ ਹਰਸਿਮਰਤ ਕੌਰ ਬਾਦਲ ਦਾ ਕੇਂਦਰ ਵਿੱਚ ਮੰਤਰੀ ਬਣਨਾ ਤੈਅ

ਪਰਨੀਤ ਬਰਾੜ
ਕਾਰਜਕਾਰੀ ਸੰਪਾਦਕ

index ਜਲੰਧਰ, 17 ਮਈ – ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣਨ ਵਾਲੀ ਐੱਨ.ਡੀ.ਏ. ਦੀ ਸਰਕਾਰ ’ਚ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜ਼ਾਰਤ ਅੰਦਰ ਅਹਿਮ ਰੁਤਬਾ ਦਿੱਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਦੇ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਅਤੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਨੇ ਦੂਸਰੀ ਵਾਰ ਬਠਿੰਡਾ ਲੋਕ ਸਭਾ ਹਲਕੇ ’ਚੋਂ ਜਿੱਤ ਪ੍ਰਾਪਤ ਕਰਕੇ ਸਿਆਸੀ ਹਲਕਿਆਂ ਵਿੱਚ ਆਪਣੀ ਮਜਬੂਤ ਮਹਿਲਾ ਨੇਤਾ ਵਾਲੀ ਆਪਣਾ ਸ਼ਾਖ ਬਣਾ ਲਈ ਹੈ। ਉਨ੍ਹਾਂ ਨੇ ਸਖ਼ਤ ਮੁਕਾਬਲੇ ਦੌਰਾਨ ਆਪਣੇ ਦੇਵਰ ਅਤੇ ਕਾਂਗਰਸ ਦੇ ਉਮੀਦਵਾਰ ਸ. ਮਨਪ੍ਰੀਤ ਸਿੰਘ ਬਾਦਲ

ਨੂੰ ਹਰਾਇਆਂ ਹੈ।  ਇਸ ਸੀਟ ਤੋਂ ਜਿਤਣ ਨਾਲ ਹੀ ਉਨ੍ਹਾਂ ਦੇ ਕੇਂਦਰ ਵਿੱਚ ਮੰਤਰੀ ਬਣ ਜਾਣ ਦੀ ਚਰਚਾ ਸ਼ੁਰੂ ਹੋ ਗਈ ਹੈ। ਪਿਛਲੀ ਲੋਕ ਸਭਾ ਵਿੱਚ ਬੀਬੀ ਬਾਦਲ ਵੱਲੋਂ ਬਹੁਤ ਹੀ ਚੰਗੀ ਕਾਰ-ਗੁਜ਼ਾਰੀ ਦਾ ਵਿਖਾਵਾ ਕੀਤਾ ਗਿਆ ਹੈ। ਇਸ ਕਾਰਨ ਉਹ ਅਕਾਲੀ ਦਲ ਅਤੇ ਭਾਜਪਾ ਵਿੱਚ ਕਾਫੀ ਹਰਮਨ ਪਿਆਰੀ ਨੇਤਾ ਬਣ ਚੁੱਕੇ ਹਨ।
ਭਾਜਪਾ ਦੀ ਕੌਮੀ ਲੀਡਰਸ਼ਿਪ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਕੇਂਦਰ ਵਜ਼ਾਰਤ ਵਿੱਚ ਨੂਮਾਇੰਦਗੀ ਦੇਣ ਲਈ ਕਾਫ਼ੀ ਰੁਚਿਤ ਦੱਸੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਅੰਦਰ ਵੀ ਇਸ ਮੁੱਦੇ ’ਤੇ ਕੋਈ ਦੋ ਰਾਵਾਂ ਨਹੀਂ ਹਨ। ਪਾਰਟੀ ਦੇ ਸਾਰੇ ਵੱਡੇ ਨੇਤਾ ਚਾਹੁੰਦੇ ਹਨ ਕਿ ਰੁਤਬੇ ਅਤੇ ਪ੍ਰਤਿਭਾ ਮੁਤਾਬਿਕ ਬੀਬੀ ਬਾਦਲ ਨੂੰ ਕੇਂਦਰ ਵਿੱਚ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਚੋਣਾਂ ਵਿੱਚ ਬਾਦਲ ਦਲ ਦੇ ਚਾਰ ਪਾਰਲੀਮੈਂਟ ਮੈਂਬਰ ਚੁਣੇ ਗਏ ਹਨ, ਜਿਨ੍ਹਾਂ ਵਿੱਚ ਸ੍ਰੀ ਸ਼ੇਰ ਸਿੰਘ ਘੁਬਾਇਆ, ਸ੍ਰੀ ਪ੍ਰੇਮ ਸਿੰਘ ਚੰਦੂਮਾਂਜਰਾ ਅਤੇ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਵੀ ਸ਼ਾਮਿਲ ਹਨ।  ਜੱਥੇਦਾਰ ਬ੍ਰਹਮਪੁਰਾ ਨੂੰ ਪਾਰਟੀ ਦੇ ਪਾਰਲੀਮਾਨੀ ਦਲ ਦਾ ਮੁੱਖੀ ਥਾਪੇ ਜਾਣ ਦੀ ਸੰਭਾਵਨਾ ਹੈ। ਪਹਿਲੀ ਵਾਰ ਲੋਕ ਸਭਾ ਚੋਣ ਜਿੱਤੇ ਸ੍ਰੀ ਚੰਦੂਮਾਂਜਰਾ ਨੂੰ ਵੀ ਕੋਈ ਆਹਿਮ ਰੁਤਬਾ ਮਿਲ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸਬੰਧੀ ਭਾਜਪਾ ਆਗੂਆਂ ਨਾਲ ਪਹਿਲਾਂ ਹੀ ਗੱਲਬਾਤ ਸ਼ੁਰੂ ਕੀਤੀ ਜਾ ਚੁੱਕੀ ਹੈ। ਸ੍ਰੀ ਨਰਿੰਦਰ ਮੋਦੀ ਅਤੇ ਸ੍ਰੀ ਰਾਜ ਨਾਥ ਸਿੰਘ ਪਹਿਲਾ ਹੀ ਇਹ ਐਲਾਨ ਕਰ ਚੁਕੇ ਹਨ ਕਿ ਐੱਨ.ਡੀ.ਏ. ਦੀਆਂ ਸਹਿਯੋਗੀ ਪਾਰਟੀਆਂ ਨੂੰ ਸਰਕਾਰ ਬਣਾਉਣ ’ਚ ਪੂਰਾ ਮਾਣ- ਸਤਿਕਾਰ ਮਿਲੇਗਾ। ਇਹ ਵੀ ਪਤਾ ਲੱਗਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਵਿਸ਼ੇਸ਼ ਹਿੱਸੇਦਾਰੀ ਦੇਣ ਦੇ ਪੱਖ ਵਿੱਚ ਹਨ। ਸ. ਸੁਖਬੀਰ ਸਿੰਘ ਬਾਦਲ ਇਹ ਚਾਹੁੰਦੇ ਹਨ ਕਿ ਬੀਬੀ ਹਰਸਿਮਰਤ ਕੌਰ ਨੂੰ ਕੇਂਦਰ ਵਿੱਚ ਮਨੁੱਖੀ ਸੋਮਿਆਂ ਬਾਰੇ ਮੰਤਰਾਲੇ ਦਾ ਕੈਬਿਨਟ ਮੰਤਰੀ ਬਣਾਇਆ ਜਾਵੇ। ਜੇਕਰ ਇਹ ਮੰਤਰਾਲੇ ਨਹੀਂ ਦਿੱਤਾ ਜਾਂਦਾ ਦਾ ਉਨ੍ਹਾਂ ਨੂੰ ਔਰਤਾਂ, ਬੱਚਿਆਂ ਅਤੇ ਸਮਾਜ ਭਲਾਈ ਦਾ ਮੰਤਰਾਲਾਂ ਦਿੱਤਾ ਜਾ ਸਕਦਾ ਹੈ। ਇਸ ਸਬੰਧ ਵਿੱਚ ਫੈਸਲਾ ਇੱਕ ਦੋ ਦਿਨਾਂ ਵਿੱਚ ਹੋਣ ਵਾਲਾ ਹੈ। ਅਕਾਲੀ ਦਲ ਇਹ ਵੀ ਚਾਹੁੰਦਾ ਹੈ ਕਿ ਅਕਾਲੀ ਦਲ ਦੇ ਹਿੱਸੇ ਦੇ ਮੰਤਰੀ ਨੂੰ ਪਹਿਲੇ ਦਿਨ ਸ੍ਰੀ ਮੋਦੀ ਦੇ ਨਾਲ ਹੀ ਹਲਫ਼ ਲੈਣ ਦਾ ਮੌਕਾ ਦਿੱਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਕੇਂਦਰੀ ਸਰਕਾਰ ਤੋਂ ਉਦਯੋਗ ਅਤੇ ਖੇਤੀ ਲਈ ਵਿਸ਼ੇਸ਼ ਪੈਕੇਜ ਵੀ ਚਾਹੁੰਦਾ ਹੈ। ਪੰਜਾਬ ਭਾਜਪਾ ਵੱਲੋਂ ਪੰਜਾਬ ਦੇ ਸਰਹੱਦੀ ਖੇਤਰ ਲਈ ਵਖਰੇ ਪੈਕੇਜ ਦੀ ਮੰਗ ਹੋ ਰਹੀ ਹੈ। ਪੰਜਾਬ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਸ੍ਰੀ ਵਿਨੋਦ ਖੰਨਾ ਨੂੰ ਵੀ ਕੇਂਦਰ ਵਿੱਚ ਮੰਤਰੀ ਬਣਨ ਦਾ ਮੌਕਾ ਮਿਲ ਸਕਦਾ ਹੈ। ਇਸ ਤਰ੍ਹਾਂ ਪੰਜਾਬ ਨੂੰ ਨਵੇਂ ਮੰਤਰੀ ਮੰਡਲ ਵਿੱਚ ਚੰਗੀ ਹਿੱਸੇਦਾਰੀ ਮਿਲਣ ਦੇ ਆਸਾਰ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦ ਹੈ ਕਿ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਨਾਲ ਪੰਜਾਬ ਨੂੰ ਵੱਡਾ ਲਾਭ ਮਿਲੇਗਾ।

Send this to a friend