May 28, 2026 4:59 pm

ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦਿੱਤਾ

Manmohan_Singh ਨਵੀਂ ਦਿੱਲੀ, 17 ਮਈ (ਪੀ.ਟੀ.)-ਡਾ. ਮਨਮੋਹਨ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਹ ਪਿਛਲੇ 10 ਸਾਲਾਂ ਤੋਂ ਇਸ ਅਹੁਦੇ ’ਤੇ ਰਹੇ। ਕੱਲ੍ਹ 16ਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿਚ ਭਾਜਪਾ ਦੀ ਰਿਕਾਰਡ ਜਿੱਤ ਤੋਂ ਬਾਅਦ ਦੇਸ਼ ਨੂੰ ਨਵੀਂ ਸਰਕਾਰ ਮਿਲ ਗਈ।  ਇਸ ਤੋਂ ਪਹਿਲਾਂ ਡਾ. ਮਨਮੋਹਨ ਸਿੰਘ ਅੱਜ ਆਪਣੀ ਸਰਕਾਰੀ ਰਿਹਾਇਸ 7 ਰੇਸਕੋਰਸ ਰੋਡ ਤੋਂ ਰਾਸ਼ਟਰਪਤੀ ਭਵਨ ਗਏ, ਜਿਥੇ ਉਨ੍ਹਾਂ ਨੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੂੰ ਆਪਣੇ ਮੰਤਰੀ ਪ੍ਰੀਸ਼ਦ ਦਾ ਅਸਤੀਫਾ ਸੌਂਪਿਆ। ਮਨਮੋਹਨ ਸਿੰਘ ਅਤੇ ਰਾਸ਼ਟਰਪਤੀ ਨੇ ਇਕ ਦੂਸਰੇ ਨੂੰ ਗੁਲਦਸਤੇ ਭੇਂਟ ਕੀਤੇ। ਇਸ ਤੋਂ ਬਾਅਦ ਰਾਸ਼ਟਰਪਤੀ ਉਨ੍ਹਾਂ ਨੂੰ ਬਾਹਰ

ਕਾਰ ਕੋਲ ਛੱਡਣ ਲਈ ਆਏ। ਕਾਰ ਵਿਚ ਬੈਠਣ ਤੋਂ ਪਹਿਲਾਂ ਪ੍ਰਣਬ ਮੁਖਰਜੀ ਅਤੇ ਡਾ. ਮਨਮੋਹਨ ਸਿੰਘ ਨੇ ਹੱਥ ਮਿਲਾਇਆ ਅਤੇ ਹੋਰਨਾਂ ਮੈਂਬਰਾਂ ਨੂੰ ਹੱਥ ਜੋੜ ਕੇ ਉਹ ਕਾਰ ਵਿਚ ਬੈਠ ਗਏ। 
ਜ਼ਿਕਰਯੋਗ ਹੈ ਕਿ ਡਾ. ਮਨਮੋਹਨ ਸਿੰਘ ਦੇਸ਼ ਦੇ 13ਵੇਂ ਪ੍ਰਧਾਨ ਮੰਤਰੀ ਸਨ। ਸਾਲ 2009 ਦੀਆਂ ਲੋਕ ਸਭਾ ਚੋਣਾਂ ਵਿਚ ਮਿਲੀ ਜਿੱਤ ਤੋਂ ਬਾਅਦ ਉਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਭਾਰਤ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਬਣੇ, ਜਿਨ੍ਹਾਂ ਨੂੰ ਪੰਜ ਸਾਲ ਤੱਕ ਦਾ ਕਾਰਜਕਾਲ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਲਗਾਤਾਰ ਦੂਸਰੀ ਵਾਰੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ।

Send this to a friend