May 2, 2026 12:20 am

ਕਤਲ ਦੇ ਮੁਕੱਦਮੇ ’ਚ ਦੋਸ਼ੀਆਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ

ਤਲਵੰਡੀ ਸਾਬੋ, 10 ਸਤੰਬਰ (ਰਾਮ ਰੇਸ਼ਮ ਨਥੇਹਾ)- ਬੀਤੇ ਮਹੀਨੇ 14 ਅਗਸਤ ਨੂੰ ਸਥਾਨਕ ਗੁਰੂ ਕਾਸੀ ਕਾਲਜ ਦੇ ਅਣਅਧਿਕਾਰਤ ਪ੍ਰਧਾਨਗੀ ਪਦ ਉੱਪਰ ਕਬਜ਼ੇ ਨੂੰ ਲੈ ਕੇ ਦੋ ਵਿਦਿਆਰਥੀ ਗੁੱਟਾਂ ਵਿਚਕਾਰ ਚੱਲੀਆਂ ਗੋਲੀਆਂ ਅਤੇ ਖੂਨੀ ਝੜਪਾਂ ਦੌਰਾਨ ਤਲਵੰਡੀ ਸਾਬੋ ਵਿਖੇ ਮਾਰੇ ਗਏ ਨੌਜਵਾਨ ਦੇ ਕਤਲ ਦੇ ਸਬੰਧ ਵਿੱਚ 9 ਵਿਅਕਤੀਆਂ ਨੂੰ ਨਾਮਜਦ ਕਰਨ ਅਤੇ ਇੱਕ ਦਰਜਨ ਦੇ ਕਰੀਬ ਅਣਪਛਾਤੇ ਲੋਕਾਂ ਉੱਤੇ ਮਾਮਲਾ ਦਰਜ ਕਰਨ ਤੋਂ ਬਾਅਦ ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਅਜੇ ਖਾਲੀ ਹਨ। ਪਰ ਹੁਣ ਨਵ ਨਿਯੁਕਤ ਥਾਣਾ ਮੁਖੀ ਤਲਵੰਡੀ ਸਾਬੋ ਸੁਨੀਲ ਕੁਮਾਰ ਸ਼ਰਮਾ ਨੇ ਇਸ ਕੇਸ ਵਿੱਚ ਤੇਜ਼ੀ ਦਿਖਾਉਂਦੇ ਹੋਏ ਪੁਲਿਸ ਪਾਰਟੀ ਨਾਲ ਦੋਸੀਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ। ਦੱਸਣਾ ਬਣਦਾ ਹੈ ਕਿ 14 ਅਗਸਤ ਨੂੰ ਕਾਲਜ ਦੀ ਪ੍ਰਧਾਨਗੀ ਦੇ ਵਿਵਾਦ ਦੌਰਾਨ ਚੱਲੀ ਗੋਲੀ ਲੱਗਣ ਨਾਲ ਨੇੜਲੇ ਪਿੰਡ ਭਾਗੀਵਾਂਦਰ ਦੇ ਨੌਜਵਾਨ ਦਿਲਰਾਜ ਸਿੰਘ ਦੀ ਮੌਤ ਹੋ ਗਈ ਸੀ।ਪ੍ਰੰਤੂ ਉਕਤ ਘਟਨਾ ਦੇ ਇੱਕ ਮਹੀਨੇ ਦੇ ਲਗਭਗ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਥਿਤ ਦੋਸੀ ਪੁਲਿਸ ਦੇ ਹੱਥ ਨਹੀਂ ਲੱਗਿਆ।ਓਧਰ ਇਸ ਮਾਮਲੇ ਸਬੰਧੀ ਜਦੋਂ ਦੋਸੀਆਂ ਦੇ ਘਰ ਛਾਪਾ ਮਾਰਨ ਆਏ ਨਵ ਨਿਯੁਕਤ ਥਾਣਾ ਮੁਖੀ ਤਲਵੰਡੀ ਸਾਬੋ ਸੁਨੀਲ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਸੀਆਂ ਨੂੰ ਫੜ੍ਹਨ ਲਈ ਪਹਿਲਾਂ ਤੋਂ ਹੀ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਪੁਲਿਸ ਸਾਰੇ ਪੱਖਾਂ ਤੋਂ ਜਾਂਚ ਕਰ ਰਹੀ ਹੈ। ਜਲਦੀ ਕਥਿਤ ਦੋਸੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

Send this to a friend